Gopi Nijjar – ‘ਮੇਰਾ ਰੱਬ ਰਾਖਾ, ਮਾਤਾ ਟੈਨਸ਼ਨ ਨਾ ਲਿਆ ਕਰ’: ਸੁੱਖਾ ਕਾਹਲਵਾਂ ਦੇ ਕਰੀਬੀ ਗੋਪੀ ਨਿੱਝਰ ਦੀ ਮਾਂ ਨੇ ਪੁੱਤਰ ਦੇ ਬੋਲ ਕੀਤੇ ਯਾਦ
ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ, ਜਿਸ ਦਾ ਸ਼ੁੱਕਰਵਾਰ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਸ ਦੀ ਮਾਂ ਗੁਲਜਿੰਦਰ ਕੌਰ ਨੇ ਰੋਂਦੇ ਹੋਏ ਆਪਣੇ ਪੁੱਤਰ ਦੇ ਬੋਲ ਯਾਦ ਕਰਦਿਆਂ ਦੱਸਿਆ ਕਿ ਉਹ ਅਕਸਰ ਕਹਿੰਦਾ ਸੀ

ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ, ਜਿਸ ਦਾ ਸ਼ੁੱਕਰਵਾਰ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਸ ਦੀ ਮਾਂ ਗੁਲਜਿੰਦਰ ਕੌਰ ਨੇ ਰੋਂਦੇ ਹੋਏ ਆਪਣੇ ਪੁੱਤਰ ਦੇ ਬੋਲ ਯਾਦ ਕਰਦਿਆਂ ਦੱਸਿਆ ਕਿ ਉਹ ਅਕਸਰ ਕਹਿੰਦਾ ਸੀ, “ਮੇਰਾ ਰੱਬ ਰਾਖਾ, ਮਾਤਾ ਟੈਨਸ਼ਨ ਨਾ ਲਿਆ ਕਰ।”
ਨਿੱਝਰ ‘ਤੇ ਪਹਿਲਾਂ ਵੀ ਉਸ ਦੇ ਪਿੰਡ ਵਿੱਚ ਹਮਲਾ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸਮਾਂ ਪੁਲੀਸ ਸੁਰੱਖਿਆ ਹੇਠ ਰਿਹਾ। ਪਰ ਪਰਿਵਾਰ ਨੇ ਕਦੇ ਇਹ ਕਲਪਨਾ ਵੀ ਨਹੀਂ ਸੀ ਕੀਤੀ ਕਿ ਕਿਸੇ ਖਾਣ-ਪੀਣ ਵਾਲੀ ਦੁਕਾਨ’ਤੇ ਜਾਣਾ ਉਸ ਦੀ ਜਾਨ ਲੈ ਲਵੇਗਾ। ਕਪੂਰਥਲਾ ਦੇ ਸੁਭਾਨਪੁਰ ਕੋਲ ਪੈਂਦੇ ਉਸ ਦੇ ਜੱਦੀ ਪਿੰਡ ਜੈਰਾਮਪੁਰ ਵਿੱਚ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਸ਼ੁੱਕਰਵਾਰ ਸਵੇਰੇ ਪੁਲੀਸ ਅਧਿਕਾਰੀ ਅਤੇ ਸਰਪੰਚ ਨੇ ਨਿੱਝਰ ਦੇ ਕਤਲ ਦੀ ਸੂਚਨਾ ਦਿੱਤੀ। ਗੋਪੀ ਦੇ ਘਰ ਚੀਕ-ਚਿਹਾੜਾ ਮਚਦੇ ਹੀ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ।

33 ਸਾਲਾਂ ਦਾ ਨਿੱਝਰ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ ਦਾ ਆਖਰੀ ਗਵਾਹ ਸੀ। ਉਹ ਕਪੂਰਥਲਾ ਦੇ ਢਿੱਲਵਾਂ ਵਿੱਚ ਅੱਜ ਤੜਕਸਾਰ ਆਪਣੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ, ਇੱਕ ਗੋਲੀ ਉਸ ਦੀ ਗੱਡੀ ਦੇ ਅਗਲੇ ਸ਼ੀਸ਼ੇ ਨੂੰ ਪਾਰ ਕਰ ਗਈ ਸੀ। ਨਿੱਝਰ ਲੰਮੇ ਸਮੇਂ ਤੋਂ ਮਰਹੂਮ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਅਤੇ ਉਸ ਦਾ ਸਭ ਤੋਂ ਖ਼ਾਸ ਬੰਦਾ ਮੰਨਿਆ ਜਾਂਦਾ ਸੀ। ਉਹ ਉਨ੍ਹਾਂ ਗਿਣੇ-ਚੁਣੇ ਲੋਕਾਂ ਵਿੱਚੋਂ ਇੱਕ ਸੀ, ਜੋ ਬਾਕੀ ਸਭ ਦੇ ਮੁਕਰ ਜਾਣ ਦੇ ਬਾਵਜੂਦ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਗਵਾਹੀ ਦੇਣ ਦੇ ਫੈਸਲੇ ‘ਤੇ ਅਟੱਲ ਰਿਹਾ ਸੀ।
ਨਿੱਝਰ ਦੀ ਮਾਂ ਨੇ ਦੱਸਿਆ ਕਿ ਜਦੋਂ ਤੋਂ ਉਸ ਦੇ ਪੁੱਤਰ ਨੇ ਇਸ ਵੱਡੇ ਕੇਸ ਵਿੱਚ ਗਵਾਹੀ ਦੇਣੀ ਸ਼ੁਰੂ ਕੀਤੀ ਸੀ, ਉਦੋਂ ਤੋਂ ਹੀ ਉਹ ਡਰ ਦੇ ਸਾਏ ਵਿੱਚ ਰਹਿ ਰਹੀ ਸੀ। ਉਸ ਦੇ ਬਹੁਤ ਸਾਰੇ ਦੁਸ਼ਮਣ ਹੋਣ ਕਰਕੇ, ਮਾਂ ਅਤੇ ਦੋਸਤਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਦੇਰ ਰਾਤ ਬਾਹਰ ਨਾ ਜਾਵੇ।
ਗੁਲਜਿੰਦਰ ਕੌਰ ਨੇ ਦੱਸਿਆ, “ਜਦੋਂ ਤੋਂ ਉਸ ਨੇ ਸੁੱਖੇ ਦੇ ਕੇਸ ਵਿੱਚ ਗਵਾਹੀ ਦਿੱਤੀ ਸੀ, ਉਦੋਂ ਤੋਂ ਹੀ ਸਾਡੇ ਮਨ ਵਿੱਚ ਡਰ ਬਣਿਆ ਹੋਇਆ ਸੀ। ਅਸੀਂ ਉਸ ਨੂੰ ਹਮੇਸ਼ਾ ਸਮਝਾਉਂਦੇ ਸੀ ਕਿ ਪੁੱਤ ਰਾਤ ਵੇਲੇ ਬਾਹਰ ਨਾ ਜਾਇਆ ਕਰ। ਪਰ ਉਹ ਅੱਗੋਂ ਇਹੀ ਕਹਿੰਦਾ ਸੀ ਕਿ ਮੇਰਾ ਰੱਬ ਰਾਖਾ, ਮਾਤਾ ਟੈਨਸ਼ਨ ਨਾ ਲਾਇਆ ਕਰ।”
ਉਸ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਬਾਹਰ ਜਾਣ ਵੇਲੇ ਉਸ ਨੇ ਮੈਨੂੰ ਕੁੱਝ ਨਹੀਂ ਦੱਸਿਆ ਸੀ। ਉਹ ਸਿਰਫ਼ ਆਪਣੀ ਭਤੀਜੀ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਦੋਸਤਾਂ ਨੂੰ ਮਿਲਣ ਲਈ ਬਰਗਰ ਦੀ ਦੁਕਾਨ ‘ਤੇ ਜਾ ਰਿਹਾ ਹੈ। ਨਿੱਝਰ ਦੀ ਮਾਂ ਨੇ ਦੱਸਿਆ, “ਪਿੰਡ ਦੇ ਇੱਕ ਲੜਕੇ ਨੇ ਉਸ ਦੀ ਜਾਣ-ਪਛਾਣ ਸੁੱਖਾ ਕਾਹਲਵਾਂ ਨਾਲ ਉਦੋਂ ਕਰਵਾਈ ਸੀ ਜਦੋਂ ਗੋਪੀ ਸਿਰਫ 17 ਜਾਂ 18 ਸਾਲ ਦਾ ਸੀ। ਉਦੋਂ ਤੋਂ ਉਹ ਪੱਕੇ ਦੋਸਤ ਸਨ। ਉਸ ‘ਤੇ ਪਹਿਲਾਂ ਵੀ ਪਿੰਡ ‘ਚ ਹਮਲਾ ਹੋਇਆ ਸੀ ਪਰ ਉਹ ਬਚ ਗਿਆ ਸੀ। ਅਸੀਂ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਸੀ।”
ਨਿੱਝਰ ਅਜੇ ਕੁਵਾਰਾ ਸੀ ਅਤੇ ਆਪਣੇ ਮਾਪਿਆਂ, ਮਾਂ ਗੁਲਜਿੰਦਰ ਕੌਰ ਅਤੇ ਪਿਤਾ ਜਸਵੀਰ ਸਿੰਘ ਨਾਲ ਰਹਿਣ ਵਾਲਾ ਉਹ ਇਕੱਲਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਵਿਦੇਸ਼ ਵਿੱਚ ਰਹਿੰਦੇ ਹਨ।

Punjab Spectrum
You must be logged in to post a comment.