Sukha Kahlwan – ਸੁੱਖਾ ਕਾਹਲਵਾਂ ਕਾਂਡ ਦੇ ਮੁੱਖ ਗਵਾਹ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਦਾ ਕਤਲ
ਗੈਂਗਸਟਰ ਡੋਨੀ ਬੱਲ ਗਰੁੱਪ ਨੇ ਜ਼ਿੰਮੇਵਾਰੀ ਲਈ
ਸਬ-ਡਵੀਜ਼ਨ ਭੁਲੱਥ ਦੇ ਥਾਣਾ ਢਿੱਲਵਾਂ ਅਧੀਨ ਇਲਾਕੇ ਵਿੱਚ ਸੁੱਖਾਂ ਕਾਹਲਵਾਂ ਕਤਲ ਕੇਸ ਦੇ ਮੁੱਖ ਗਵਾਹ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ, ਜਿਸ ਦਾ ਸ਼ੁੱਕਰਵਾਰ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਸ ਦੀ ਮਾਂ ਗੁਲਜਿੰਦਰ ਕੌਰ ਨੇ ਰੋਂਦੇ ਹੋਏ ਆਪਣੇ ਪੁੱਤਰ ਦੇ ਬੋਲ ਯਾਦ ਕਰਦਿਆਂ ਦੱਸਿਆ ਕਿ ਉਹ ਅਕਸਰ ਕਹਿੰਦਾ ਸੀ, “ਮੇਰਾ ਰੱਬ ਰਾਖਾ, ਮਾਤਾ ਟੈਨਸ਼ਨ ਨਾ ਲਿਆ ਕਰ।”

ਨਿੱਝਰ ‘ਤੇ ਪਹਿਲਾਂ ਵੀ ਉਸ ਦੇ ਪਿੰਡ ਵਿੱਚ ਹਮਲਾ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸਮਾਂ ਪੁਲੀਸ ਸੁਰੱਖਿਆ ਹੇਠ ਰਿਹਾ। ਪਰ ਪਰਿਵਾਰ ਨੇ ਕਦੇ ਇਹ ਕਲਪਨਾ ਵੀ ਨਹੀਂ ਸੀ ਕੀਤੀ ਕਿ ਕਿਸੇ ਖਾਣ-ਪੀਣ ਵਾਲੀ ਦੁਕਾਨ’ਤੇ ਜਾਣਾ ਉਸ ਦੀ ਜਾਨ ਲੈ ਲਵੇਗਾ। ਕਪੂਰਥਲਾ ਦੇ ਸੁਭਾਨਪੁਰ ਕੋਲ ਪੈਂਦੇ ਉਸ ਦੇ ਜੱਦੀ ਪਿੰਡ ਜੈਰਾਮਪੁਰ ਵਿੱਚ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਸ਼ੁੱਕਰਵਾਰ ਸਵੇਰੇ ਪੁਲੀਸ ਅਧਿਕਾਰੀ ਅਤੇ ਸਰਪੰਚ ਨੇ ਨਿੱਝਰ ਦੇ ਕਤਲ ਦੀ ਸੂਚਨਾ ਦਿੱਤੀ। ਗੋਪੀ ਦੇ ਘਰ ਚੀਕ-ਚਿਹਾੜਾ ਮਚਦੇ ਹੀ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ।

ਕਪੂਰਥਨਾ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਕਾਰ ਸਵਾਰਾਂ ਨੇ ਦੂਜੀ ਕਾਰ ਵਿਚ ਸਵਾਰ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਪੁੱਤਰ ਜਸਵੀਰ ਸਿੰਘ ਵਾਸੀ ਜੈਰਾਮਪੁਰ ਥਾਣਾ ਸੁਭਾਨਪੁਰ ਵਜੋਂ ਹੋਈ। ਕੇਸ ਦਰਜ ਕਰ ਲਿਆ ਗਿਆ ਹੈ। ਗੋਪੀ ਨਿੱਝਰ ਦੇ ਦੋਸਤ ਮਨਪ੍ਰੀਤ ਉਰਫ਼ ਮੰਨੂ ਨੇ ਦੱਸਿਆ ਕਿ ਲੰਘੀ ਰਾਤ ਸੱਤ ਵਜੇ ਦੇ ਕਰੀਬ ਉਹ ਕਿਸੇ ਨੂੰ ਮਿਲਣ ਦਾ ਕਹਿ ਕੇ ਘਰੋਂ ਗਿਆ ਸੀ ਤੇ ਅੱਠ ਵਜੇ ਦੇ ਕਰੀਬ ਉਸ ਦਾ ਕਤਲ ਕਰ ਦਿੱਤਾ ਗਿਆ। ਸੁੱਖਾਂ ਕਾਹਲਵਾਂ ਕਤਲ ਕੇ ਵਿੱਚ ਗਵਾਹੀ ਦੇਣ ਕਰਕੇ ਉਸ ’ਤੇ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ।
ਉੱਧਰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ ਅਤੇ ਸਾਥੀਆਂ ਨੇ ਲਈ ਹੈ ਅਤੇ ਵਿੱਕੀ ਗੌਂਡਰ ਦਾ ਵਿਰੋਧ ਤੇ ਸੁੱਖਾਂ ਕਾਹਲਵਾਂ ਕਤਲ ਕੇਸ ਵਿਚ ਗਵਾਹੀ ਨੂੰ ਕਤਲ ਦਾ ਕਾਰਨ ਦੱਸਿਆ ਹੈ।

Punjab Spectrum
You must be logged in to post a comment.