Trump ਨੇ ਇਰਾਨ ਵਿੱਚ ਲਾਪਤਾ ਹੋਏ ਅਮਰੀਕੀ Pilot ਨੂੰ ਬਚਾਉਣ ਦੀ ਕੀਤੀ ਪੁਸ਼ਟੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਲਾਪਤਾ ਅਮਰੀਕੀ ਪਾਇਲਟ ਨੂੰ ਬਚਾ ਲਿਆ ਗਿਆ ਹੈ। ਇਰਾਨ ਨਾਲ ਚੱਲ ਰਹੀ ਜੰਗ ਵਿਚਾਲੇ ਟਰੰਪ ਨੇ ਇਸ ਮਿਸ਼ਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਦਲੇਰਾਨਾ ਬਚਾਅ ਕਾਰਜ ਕਰਾਰ ਦਿੱਤਾ।
ਟਰੰਪ ਨੇ ਦੱਸਿਆ ਕਿ ਅਮਰੀਕੀ ਫੌਜ ਨੇ ਆਪਣੇ ਇੱਕ ਸੀਨੀਅਰ ਅਧਿਕਾਰੀ (ਕਰਨਲ) ਨੂੰ ਸਹੀ-ਸਲਾਮਤ ਬਚਾ ਲਿਆ ਹੈ। ਇਹ ਅਧਿਕਾਰੀ ਜਹਾਜ਼ ਡਿੱਗਣ ਤੋਂ ਬਾਅਦ ਇਰਾਨ ਦੇ ਪਹਾੜੀ ਇਲਾਕੇ ਵਿੱਚ ਦੁਸ਼ਮਣਾਂ ਦੇ ਵਿਚਕਾਰ ਫਸ ਗਿਆ ਸੀ। ਰਾਸ਼ਟਰਪਤੀ ਮੁਤਾਬਕ ਕਰਨਲ ਜ਼ਖਮੀ ਜ਼ਰੂਰ ਹੈ ਪਰ ਹੁਣ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਟਰੰਪ ਨੇ ਦੱਸਿਆ ਇਸ ਬਚਾਅ ਮੁਹਿੰਮ ਵਿੱਚ ਕਈ ਜਹਾਜ਼ਾਂ ਨੇ ਹਿੱਸਾ ਲਿਆ ਅਤੇ ਵੱਡੇ ਫੌਜੀ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਪੂਰੀ ਯੋਜਨਾ ਨਾਲ ਇਸ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਖ਼ਤਰਨਾਕ ਮਿਸ਼ਨ ਦੌਰਾਨ ਕਿਸੇ ਵੀ ਅਮਰੀਕੀ ਜਵਾਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਟਰੰਪ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਇੱਕ ਹੋਰ ਪਾਇਲਟ ਨੂੰ ਵੀ ਬਚਾਇਆ ਗਿਆ ਸੀ, ਪਰ ਦੂਜੇ ਮਿਸ਼ਨ ਦੀ ਸੁਰੱਖਿਆ ਕਾਰਨ ਇਸ ਨੂੰ ਗੁਪਤ ਰੱਖਿਆ ਗਿਆ ਸੀ। ਉਨ੍ਹਾਂ ਨੇ ਇਨ੍ਹਾਂ ਦੋਵਾਂ ਕਾਰਵਾਈਆਂ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਸ਼ਮਣ ਦੇ ਇਲਾਕੇ ਵਿੱਚੋਂ ਦੋ ਅਮਰੀਕੀ ਪਾਇਲਟਾਂ ਨੂੰ ਵੱਖ-ਵੱਖ ਮਿਸ਼ਨਾਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ।

ਅਮਰੀਕੀ ਫੌਜ ਦੀ ਤਾਕਤ ਦੀ ਤਾਰੀਫ਼ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਨੇ ਇਰਾਨੀ ਅਸਮਾਨ ਵਿੱਚ ਅਮਰੀਕਾ ਦਾ ਦਬਦਬਾ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਦੁਹਰਾਇਆ ਕਿ ਅਮਰੀਕਾ ਕਦੇ ਵੀ ਕਿਸੇ ਅਮਰੀਕੀ ਯੋਧੇ ਨੂੰ ਪਿੱਛੇ ਨਹੀਂ ਛੱਡੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਅਮਰੀਕੀ ਵਿਸ਼ੇਸ਼ ਬਲ (Special Forces) ਦੇ ਜਵਾਨ ਅਤੇ ਪੱਤਰਕਾਰ ਜੈਕ ਮਰਫੀ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੂੰ ਐੱਫ-15 ਜਹਾਜ਼ ਦਾ ਉਹ ਕਰੂ ਮੈਂਬਰ ਜ਼ਿੰਦਾ ਮਿਲ ਗਿਆ ਹੈ, ਜੋ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੌਰਾਨ ਇਰਾਨ ਵੱਲੋਂ ਜਹਾਜ਼ ਡੇਗੇ ਜਾਣ ਤੋਂ ਬਾਅਦ ਲਾਪਤਾ ਹੋ ਗਿਆ ਸੀ।
ਐਕਸ ਉੱਤੇ ਮਰਫੀ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਐੱਫ-15 ਜਹਾਜ਼ ਦਾ ਵੇਪਨ ਸਿਸਟਮ ਅਧਿਕਾਰੀ (WSO) ਜ਼ਿੰਦਾ ਮਿਲ ਗਿਆ ਹੈ। ਉਹ ਇਲਾਕੇ ਵਿੱਚ ਦੁਸ਼ਮਣਾਂ ਤੋਂ ਬਚ ਕੇ ਲੁਕਿਆ ਹੋਇਆ ਸੀ। ਉੱਥੇ ਭਾਰੀ ਗੋਲੀਬਾਰੀ ਵੀ ਹੋਈ ਕਿਉਂਕਿ ਇਰਾਨੀ ਫੌਜ ਉਸ ਨੂੰ ਬੜੀ ਸਰਗਰਮੀ ਨਾਲ ਲੱਭ ਰਹੀ ਸੀ।
ਅਲ ਜਜ਼ੀਰਾ ਨੇ ਇੱਕ ਅਮਰੀਕੀ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਇਹ ਵੀ ਰਿਪੋਰਟ ਦਿੱਤੀ ਸੀ ਕਿ ਕਰੂ ਮੈਂਬਰ ਨੂੰ ਭਾਰੀ ਗੋਲੀਬਾਰੀ ਤੋਂ ਬਾਅਦ ਵਾਪਸ ਲਿਆਂਦਾ ਗਿਆ ਹੈ। ਅਮਰੀਕਾ ਅਤੇ ਇਰਾਨ ਦੋਵੇਂ ਹੀ ਲਾਪਤਾ ਕਰੂ ਮੈਂਬਰ ਲਈ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਰਾਨੀ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਲਾਪਤਾ ਵਿਅਕਤੀ ਨੂੰ ਫੜਨ ਲਈ ਵੱਡੇ ਵਿੱਤੀ ਇਨਾਮਾਂ ਦਾ ਐਲਾਨ ਵੀ ਕੀਤਾ ਸੀ।
ਸੀਐੱਨਐੱਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਤਲਾਸ਼ੀ ਮੁਹਿੰਮ ਦੌਰਾਨ ਇਰਾਨੀ ਕਬੀਲਿਆਂ ਨੇ ਕਥਿਤ ਤੌਰ ‘ਤੇ ਅਮਰੀਕੀ ਹੈਲੀਕਾਪਟਰਾਂ ‘ਤੇ ਗੋਲੀਬਾਰੀ ਕੀਤੀ। ਇਹ ਘਟਨਾ ਕੋਹਗਿਲੁਏਹ ਅਤੇ ਬੋਇਰ-ਅਹਿਮਦ ਪ੍ਰਾਂਤਾਂ ਦੇ ਪਹਾੜੀ ਇਲਾਕਿਆਂ ਦੇ ਨਾਲ-ਨਾਲ ਬਖਤਿਆਰੀ ਖੇਤਰ ਵਿੱਚ ਵਾਪਰੀ, ਜਿੱਥੇ ਸਥਾਨਕ ਸਮੂਹਾਂ ਨੇ ਸ਼ਨਿੱਚਵਾਰ ਨੂੰ ਦੋ ਬਲੈਕ ਹਾਕ (Black Hawk) ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾਇਆ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ, 3 ਅਪ੍ਰੈਲ ਨੂੰ ਇਰਾਨ ਨੇ ਅਮਰੀਕਾ ਦੇ ਦੋ ਜੰਗੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ, ਜਿਨ੍ਹਾਂ ਵਿੱਚ ਇੱਕ ਐੱਫ-15ਈ ਸਟ੍ਰਾਈਕ ਈਗਲ (F-15E Strike Eagle) ਸ਼ਾਮਲ ਸੀ। ਜਹਾਜ਼ ਡਿੱਗਣ ਤੋਂ ਤੁਰੰਤ ਬਾਅਦ ਇੱਕ ਕਰੂ ਮੈਂਬਰ ਨੂੰ ਬਚਾ ਲਿਆ ਗਿਆ ਸੀ, ਜਦੋਂ ਕਿ ਦੂਜਾ ਲਾਪਤਾ ਸੀ।
Punjab Spectrum
You must be logged in to post a comment.