Chandigarh BJP Office Blast ਮਾਮਲੇ ਵਿਚ ਪੰਜ ਕਾਬੂ
Germany ਤੇ Portugal ਨਾਲ ਜੁਡ਼ੇ ਤਾਰ; Pakistan ISI ਦੀ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਯੋਜਨਾ: DGP Gaurav Yadav
ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫਤਰ ਦੇ ਬਾਹਰ ਧਮਾਕੇ ਦੇ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਗਰੇਨੇਡ ਤੇ ਹਥਿਆਰਾਂ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਹ ਅਪਰੇਸ਼ਨ ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਦੌਰਾਨ ਪੁਲੀਸ ਦੀਆਂ ਟੀਮਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲੱਗੀਆਂ ਹੋਈਆਂ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਬਲਵਿੰਦਰ ਲਾਲ ਉਰਫ ਸ਼ਮੀ, ਜਸਵੀਰ ਸਿੰਘ ਉਰਫ ਜੱਸੀ, ਚਰਨਜੀਤ ਸਿੰਘ ਉਰਫ ਚੰਨੀ, ਰੂਬਲ ਚੌਹਾਨ ਤੇ ਮਨਦੀਪ ਉਰਫ ਅਭਿਜੋਤ ਸ਼ਰਮਾ ਸ਼ਾਮਲ ਹਨ। ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਗੁਰਤੇਜ ਸਿੰਘ ਤੇ ਅਮਨਪ੍ਰੀਤ ਸਿੰਘ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।
ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ ਪੰਜਾਬ ਵਿਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਿਦੇਸ਼ ਦੇ ਪੁਰਤਗਾਲ ਤੇ ਜਰਮਨੀ ਰਹਿੰਦੇ ਹੈਂਡਲਰਾਂ ਵਲੋਂ ਇਹ ਨੈਟਵਰਕ ਚਲਾਇਆ ਜਾ ਰਿਹਾ ਸੀ।
ਚੰਡੀਗੜ੍ਹ ਦੇ ਸੈਕਟਰ 37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫਤਰ ਦੇ ਬਾਹਰ ਪਹਿਲੀ ਅਪਰੈਲ ਨੂੰ ਧਮਾਕਾ ਹੋਇਆ ਸੀ। ਇਹ ਧਮਾਕਾ ਬੁੱਧਵਾਰ ਨੂੰ ਸ਼ਾਮ 5:30 ਵਜੇ ਦੇ ਕਰੀਬ ਹੋਇਆ ਸੀ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਭਾਜਪਾ ਦਫਤਰ ਦੇ ਬਾਹਰ ਖੜੀਆਂ ਕਈ ਗੱਡੀਆਂ ’ਤੇ ਮਾਮੂਲੀ ਨਿਸ਼ਾਨ ਪੈ ਗਏ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦਾ ਦਫਤਰ ਚੰਡੀਗੜ੍ਹ ਦੇ ਸੈਕਟਰ 37 ਵਿਖੇ ਸਥਿਤ ਹੈ। ਇਸ ਦੇ ਨਾਲ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ, ਪੈਟਰੋਲ ਪੰਪ ਅਤੇ ਹੋਰ ਕਈ ਵੱਡੇ ਦਫਤਰ ਸਥਿਤ ਹਨ। ਚੰਡੀਗੜ੍ਹ ਪੁਲੀਸ ਦੀਆਂ ਵੱਖ-ਵੱਖ ਕੰਪਨੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੇ ਵੀ ਮੌਕੇ ’ਤੇ ਮੋਰਚਾ ਸਾਂਭ ਲਿਆ ਸੀ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਸੀ।
ਇਸ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ ਸੀ। ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਬੱਬਰ ਨੇ ਚੰਡੀਗੜ੍ਹ ਦੇ ਸੈਕਟਰ 37 ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਉਸ ਵਲੋਂ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ, “ਅਸੀਂ ਭਾਰਤੀ ਪ੍ਰਣਾਲੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ। ਗੁਰਦਾਸਪੁਰ ਵਿੱਚ ਰਣਜੀਤ ਸਿੰਘ ਦੇ ਕਾਤਲਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਖਾਲਿਸਤਾਨ ਦੀ ਧਰਤੀ ਹੈ।”
Punjab Spectrum