US-Israel-Iran War: ਇਰਾਨ ਜੰਗ ਕਾਰਨ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਵੱਲੋਂ ਅਸਤੀਫਾ
ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਕਿਹਾ ਇਰਾਨ ਤੋਂ ਕੋਈ ਤੁਰੰਤ ਖਤਰਾ ਨਹੀਂ ਸੀ
US-Israel-Iran War: ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋਅ ਕੈਂਟ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਸਾਫ਼ ਜ਼ਮੀਰ ਨਾਲ” ਟਰੰਪ ਪ੍ਰਸ਼ਾਸਨ ਦੀ ਇਰਾਨ ਵਿੱਚ ਜੰਗ ਦਾ ਸਮਰਥਨ ਨਹੀਂ ਕਰ ਸਕਦੇ। ਕੈਂਟ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇਰਾਨ ਨੇ “ਸਾਡੇ ਦੇਸ਼ ਲਈ ਕੋਈ ਤੁਰੰਤ ਖਤਰਾ ਪੈਦਾ ਨਹੀਂ ਕੀਤਾ ਸੀ ਅਤੇ ਇਹ ਸਪੱਸ਼ਟ ਹੈ ਕਿ ਅਸੀਂ ਇਜ਼ਰਾਈਲ ਅਤੇ ਇਸਦੀ ਸ਼ਕਤੀਸ਼ਾਲੀ ਅਮਰੀਕੀ ਲਾਬੀ ਦੇ ਦਬਾਅ ਕਾਰਨ ਇਹ ਜੰਗ ਸ਼ੁਰੂ ਕੀਤੀ ਹੈ।” ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਇਸ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।
ਕੈਂਟ, ਜੋ ਕਿ ਸੱਜੇ-ਪੱਖੀ ਕੱਟੜਪੰਥੀਆਂ ਨਾਲ ਸਬੰਧ ਰੱਖਣ ਵਾਲੇ ਇੱਕ ਸਾਬਕਾ ਸਿਆਸੀ ਉਮੀਦਵਾਰ ਹਨ, ਨੂੰ ਪਿਛਲੇ ਜੁਲਾਈ ਵਿੱਚ 52-44 ਵੋਟਾਂ ਨਾਲ ਆਪਣੇ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਮੁਖੀ ਵਜੋਂ, ਉਹ ਉਸ ਏਜੰਸੀ ਦੇ ਇੰਚਾਰਜ ਸਨ ਜਿਸ ਨੂੰ ਅਤਿਵਾਦੀ ਖਤਰਿਆਂ ਦਾ ਵਿਸ਼ਲੇਸ਼ਣ ਕਰਨ ਅਤੇ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਸੀ।
ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਕੈਂਟ ਨੇ ਵਾਸ਼ਿੰਗਟਨ ਰਾਜ ਵਿੱਚ ਕਾਂਗਰਸ ਲਈ ਦੋ ਅਸਫਲ ਮੁਹਿੰਮਾਂ ਚਲਾਈਆਂ ਸਨ। ਉਨ੍ਹਾਂ ਨੇ ਫੌਜ ਵਿੱਚ ਵੀ ਸੇਵਾ ਕੀਤੀ, ਗ੍ਰੀਨ ਬੇਰੇਟ ਵਜੋਂ 11 ਤਾਇਨਾਤੀਆਂ ਦੇਖੀਆਂ ਅਤੇ ਇਸ ਤੋਂ ਬਾਅਦ ਸੀਆਈਏ (CIA) ਵਿੱਚ ਕੰਮ ਕੀਤਾ।

ਇਰਾਨ ਨਾਲ ਜੰਗ ਦੌਰਾਨ ਟਰੰਪ ਦੇ ਇੱਕ ਵਿਸ਼ਵਾਸਪਾਤਰ ਵੱਡੇ ਅਧਿਕਾਰੀ (ਡਾਇਰੈਕਟਰ ਕਾਊਂਟਰਟੈਰੋਰਿਜ਼ਮ) ਨੇ ਅਸਤੀਫਾ ਦਿੰਦਿਆਂ ਇਹ ਅੱਖਾਂ ਖੋਲ੍ਹਦੀ ਚਿੱਠੀ ਟਰੰਪ ਨੂੰ ਭੇਜੀ ਹੈਃ
************
ਰਾਸ਼ਟਰਪਤੀ ਟਰੰਪ ਜੀ,
ਬਹੁਤ ਵਿਚਾਰ ਕਰਨ ਤੋਂ ਬਾਅਦ, ਮੈਂ ਅੱਜ ਤੋਂ ਰਾਸ਼ਟਰੀ ਕਾਊਂਟਰਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ।
ਮੈਂ ਆਪਣੀ ਅੰਤਰ ਆਤਮਾ ਦੇ ਅਨੁਸਾਰ ਇਰਾਨ ਨਾਲ ਚੱਲ ਰਹੀ ਜੰਗ ਦਾ ਸਮਰਥਨ ਨਹੀਂ ਕਰ ਸਕਦਾ। ਇਰਾਨ ਨੇ ਸਾਡੇ ਦੇਸ਼ ਲਈ ਕੋਈ ਤੁਰੰਤ ਖਤਰਾ ਪੈਦਾ ਨਹੀਂ ਕੀਤਾ ਸੀ, ਅਤੇ ਇਹ ਸਪਸ਼ਟ ਹੈ ਕਿ ਅਸੀਂ ਇਹ ਜੰਗ ਇਸਰਾਈਲ ਅਤੇ ਉਸਦੀ ਤਾਕਤਵਰ ਅਮਰੀਕੀ ਲਾਬੀ ਦੇ ਦਬਾਅ ਕਾਰਨ ਸ਼ੁਰੂ ਕੀਤੀ।
ਮੈਂ ਉਨ੍ਹਾਂ ਕਦਰਾਂ-ਕੀਮਤਾਂ ਅਤੇ ਵਿਦੇਸ਼ ਨੀਤੀਆਂ ਦਾ ਸਮਰਥਨ ਕਰਦਾ ਹਾਂ ਜਿਨ੍ਹਾਂ ’ਤੇ ਤੁਸੀਂ 2016, 2020 ਅਤੇ 2024 ਵਿੱਚ ਚੋਣ ਮੁਹਿੰਮ ਚਲਾਈ ਅਤੇ ਆਪਣੇ ਪਹਿਲੇ ਕਾਰਜਕਾਲ ਵਿੱਚ ਲਾਗੂ ਕੀਤੀਆਂ। ਜੂਨ 2025 ਤੱਕ, ਤੁਸੀਂ ਸਮਝਦੇ ਸੀ ਕਿ ਮੱਧ ਪੂਰਬ ਦੀਆਂ ਜੰਗਾਂ ਇੱਕ ਜਾਲ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਦੀਆਂ ਕੀਮਤੀ ਜਾਨਾਂ ਖੋਹੀਆਂ ਅਤੇ ਸਾਡੀ ਰਾਸ਼ਟਰੀ ਦੌਲਤ ਤੇ ਖੁਸ਼ਹਾਲੀ ਨੂੰ ਘਟਾਇਆ।
ਤੁਹਾਡੇ ਪਹਿਲੇ ਪ੍ਰਸ਼ਾਸਨ ਦੌਰਾਨ, ਤੁਸੀਂ ਕਿਸੇ ਵੀ ਆਧੁਨਿਕ ਰਾਸ਼ਟਰਪਤੀ ਤੋਂ ਵੱਧ ਹਰ ਗੱਲ ਸਮਝਦੇ ਸੀ ਕਿ ਲੰਬੇ ਚੱਲਣ ਵਾਲੀਆਂ ਜੰਗਾਂ ਵਿੱਚ ਫਸੇ ਬਿਨਾਂ ਕਿਵੇਂ ਫੌਜੀ ਤਾਕਤ ਦਾ ਫੈਸਲਾਕੁੰਨ ਤਰੀਕੇ ਨਾਲ ਵਰਤੋਂ ਕਰਨੀ ਹੈ। ਤੁਸੀਂ ਇਰਾਨੀ ਜਰਨੈਲ ਕਾਸਮ ਸੋਲੇਮਾਨੀ ਨੂੰ ਮਾਰ ਕੇ ਅਤੇ ISIS ਨੂੰ ਹਰਾ ਕੇ ਇਹ ਦਰਸਾਇਆ।
ਇਸ ਪ੍ਰਸ਼ਾਸਨ ਦੇ ਸ਼ੁਰੂ ਵਿੱਚ, ਉੱਚ ਦਰਜੇ ਦੇ ਇਸਰਾਈਲੀ ਅਧਿਕਾਰੀਆਂ ਅਤੇ ਅਮਰੀਕੀ ਮੀਡੀਆ ਦੇ ਪ੍ਰਭਾਵਸ਼ਾਲੀ ਮੈਂਬਰਾਂ ਨੇ ਇੱਕ ਗਲਤ ਜਾਣਕਾਰੀ ਮੁਹਿੰਮ ਚਲਾਈ, ਜਿਸ ਨਾਲ ਤੁਹਾਡੀ “ਅਮਰੀਕਾ ਫਸਟ” ਨੀਤੀ ਨੂੰ ਨੁਕਸਾਨ ਪਹੁੰਚਿਆ ਅਤੇ ਜੰਗ ਦੇ ਹੱਕ ਵਿੱਚ ਭਾਵਨਾਵਾਂ ਪੈਦਾ ਕੀਤੀਆਂ ਗਈਆਂ ਤਾਂ ਜੋ ਇਰਾਨ ਨਾਲ ਜੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਨ੍ਹਾਂ ਆਵਾਜ਼ਾਂ (echo chamber) ਨੇ ਤੁਹਾਨੂੰ ਇਹ ਮੰਨਣ ਲਈ ਮਜਬੂਰ ਕੀਤਾ ਕਿ ਇਰਾਨ ਅਮਰੀਕਾ ਲਈ ਤੁਰੰਤ ਖਤਰਾ ਹੈ ਅਤੇ ਜੇ ਅਸੀਂ ਹੁਣ ਹਮਲਾ ਕਰਦੇ, ਤਾਂ ਤੇਜ਼ ਜਿੱਤ ਦਾ ਰਾਹ ਸਾਫ਼ ਸੀ। ਇਹ ਝੂਠ ਸੀ ਅਤੇ ਉਹੀ ਤਰੀਕਾ ਸੀ ਜੋ ਇਸਰਾਈਲੀਆਂ ਨੇ ਸਾਨੂੰ ਇਰਾਕ ਦੀ ਤਬਾਹਕੁਨ ਜੰਗ ਵਿੱਚ ਖਿੱਚਣ ਲਈ ਵਰਤਿਆ, ਜਿਸ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਡੇ ਬਿਹਤਰੀਨ ਮਰਦਾਂ ਅਤੇ ਔਰਤਾਂ ਦੀਆਂ ਜਾਨਾਂ ਦਾ ਨੁਕਸਾਨ ਕਰਵਾਇਆ। ਅਸੀਂ ਇਹ ਗਲਤੀ ਦੁਬਾਰਾ ਨਹੀਂ ਕਰ ਸਕਦੇ।
ਇੱਕ ਸੈਨਿਕ ਦੇ ਤੌਰ ’ਤੇ ਜਿਸ ਨੇ 11 ਵਾਰ ਜੰਗ ਵਿੱਚ ਹਿੱਸਾ ਲਿਆ ਅਤੇ ਇੱਕ ਗੋਲਡ ਸਟਾਰ ਪਤੀ ਦੇ ਤੌਰ ’ਤੇ, ਜਿਸ ਨੇ ਆਪਣੀ ਪਿਆਰੀ ਪਤਨੀ ਸ਼ੈਨਨ ਨੂੰ ਇੱਕ ਐਸੀ ਜੰਗ ਵਿੱਚ ਗੁਆ ਦਿੱਤਾ, ਜੋ ਇਸਰਾਈਲ ਦੁਆਰਾ ਬਣਾਈ ਗਈ ਸੀ, ਮੈਂ ਅਗਲੀ ਪੀੜ੍ਹੀ ਨੂੰ ਐਸੀ ਜੰਗ ਵਿੱਚ ਭੇਜਣ ਦਾ ਸਮਰਥਨ ਨਹੀਂ ਕਰ ਸਕਦਾ, ਜੋ ਅਮਰੀਕੀ ਲੋਕਾਂ ਲਈ ਕੋਈ ਫਾਇਦਾ ਨਹੀਂ ਰੱਖਦੀ ਅਤੇ ਨਾ ਹੀ ਅਮਰੀਕੀ ਜਾਨਾਂ ਦੀ ਕੀਮਤ ਨੂੰ ਜਾਇਜ਼ ਠਹਿਰਾਉਂਦੀ ਹੈ।
ਮੈਂ ਅਰਦਾਸ ਕਰਦਾ ਹਾਂ ਕਿ ਇਰਾਨ ਵਿੱਚ ਜੋ ਅਸੀਂ ਕਰ ਰਹੇ ਹਾਂ ਅਤੇ ਕਿਸ ਲਈ ਕਰ ਰਹੇ ਹਾਂ, ਤੁਸੀਂ ਉਸ ’ਤੇ ਵਿਚਾਰ ਕਰੋ। ਹੁਣ ਦਲੇਰੀ ਭਰੇ ਕਦਮ ਚੁੱਕਣ ਦਾ ਸਮਾਂ ਹੈ। ਤੁਸੀਂ ਦਿਸ਼ਾ ਬਦਲ ਸਕਦੇ ਹੋ ਅਤੇ ਸਾਡੇ ਦੇਸ਼ ਲਈ ਨਵਾਂ ਰਾਹ ਤੈਅ ਕਰ ਸਕਦੇ ਹੋ, ਜਾਂ ਸਾਨੂੰ ਹੋਰ ਪਤਨ ਅਤੇ ਅਫ਼ਰਾਤਫ਼ਰੀ ਵੱਲ ਜਾਣ ਦੇ ਸਕਦੇ ਹੋ। ਫੈਸਲਾ ਤੁਹਾਡੇ ਹੱਥ ਵਿੱਚ ਹੈ।
ਤੁਹਾਡੇ ਪ੍ਰਸ਼ਾਸਨ ਵਿੱਚ ਸੇਵਾ ਕਰਨਾ ਅਤੇ ਆਪਣੇ ਮਹਾਨ ਦੇਸ਼ ਦੀ ਸੇਵਾ ਕਰਨਾ ਮੇਰੇ ਲਈ ਮਾਣ ਦੀ ਗੱਲ ਸੀ।
ਦਸਤਖ਼ਤ
ਜੋਸਫ ਕੇਂਟ
ਡਾਇਰੈਕਟਰ, ਨੈਸ਼ਨਲ ਕਾਊਂਟਰਟੈਰਰਿਜ਼ਮ ਸੈਂਟਰ

Punjab Spectrum