Panjab University ਵਿੱਚ BJP ਤੇ
RSS ਦਾ ਵਿਰੋਧ ਕਰਦੇ ਵਿਦਿਆਰਥੀਆਂ
ਦੀ ਖਿੱਚ-ਧੂਹ
ਵਿਦਿਆਰਥੀਆਂ ਦੀਆਂ ਪੱਗਾਂ ਲੱਥੀਆਂ
; ਸੈਮੀਨਾਰ ਦਾ ਵਿਰੋਧ ਕਰ ਰਹੇ
ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਅੱਜ ਕਰਵਾਏ ਗਏ ਇਕ ਸੈਮੀਨਾਰ ਵਿੱਚ ਭਾਜਪਾ ਅਤੇ ਆਰ.ਐੱਸ.ਐੱਸ. ਪ੍ਰਚਾਰਕਾਂ ਦਾ ਵਿਰੋਧ ਕਰ ਰਹੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਦੀ ਖਿੱਚ ਧੂਹ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਦਿਆਰਥੀਆਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ। ਇਸ ਤੋਂ ਇਲਾਵਾ ਪੁਲੀਸ ਵਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਵਿਦਿਆਰਥੀ ਆਗੂ ਅਤੇ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸੱਥ ਦੇ ਅਹੁਦੇਦਾਰਾਂ ਵੱਲੋਂ ਡੀਨ ਵਿਦਿਆਰਥੀ ਭਲਾਈ ਨੂੰ ਉਕਤ ਸੈਮੀਨਾਰ ਦੇ ਸਬੰਧ ਵਿੱਚ ਵਿਰੋਧ ਪੱਤਰ ਵੀ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ “ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਪੰਜ ਪਿਆਰੇ” ਵਿਸ਼ੇ ਤਹਿਤ ਉਕਤ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਆਰਐਸਐਸ ਦਾ ਬਨਵੀਰ ਸਿੰਘ ਅਤੇ ਭਾਜਪਾ ਦਾ ਇਕਬਾਲ ਸਿੰਘ ਲਾਲਪੁਰਾ ਬੁਲਾਏ ਗਏ ਸਨ। ਇਹ ਦੋਵੇਂ ਬੁਲਾਰੇ ਸਿੱਖ ਧਰਮ ਦੇ ਬਾਰੇ ਵਿੱਚ ਗਲਤ ਟਿੱਪਣੀਆਂ ਕਰਦੇ ਹਨ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਇਹਨਾਂ ਦੋਵੇਂ ਬੁਲਾਰਿਆਂ ਨੂੰ ਸੈਮੀਨਾਰ ਵਿੱਚ ਸ਼ਾਮਲ ਨਾ ਹੋਣ ਬਾਰੇ ਕਿਹਾ ਗਿਆ ਸੀ। ਇਸ ਦੇ ਬਾਵਜੂਦ ਅੱਜ ਲਾਅ ਆਡੀਟੋਰੀਅਮ ਵਿੱਚ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਗ ਵੀ ਸ਼ਾਮਿਲ ਹੋਏ।
ਵਿਦਿਆਰਥੀ ਜਥੇਬੰਦੀ ਪੀਐਸਯੂ (ਲਲਕਾਰ) ਤੋਂ ਜੋਬਨ ਸਿੰਘ, ਐਸਐਫਐਸ ਤੋਂ ਸੰਦੀਪ ਅਤੇ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਆਰਐਸਐਸ ਦਾ ਇਹ ਪ੍ਰੋਗਰਾਮ ਰੱਦ ਨਹੀਂ ਕੀਤਾ ਜਾਂਦਾ ਤਾਂ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ। ਵਿਦਿਆਰਥੀਆਂ ਨੇ ਸਾਫ਼ ਕਿਹਾ ਸੀ ਕਿ ਆਰਐਸਐਸ ਦੀ ਵਿਚਾਰਧਾਰਾ ਧਾਰਮਿਕ ਘਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਔਰਤਾਂ ਨਾਲ ਵਿਤਕਰੇ ਦੀ ਹੈ। ਵਿਦਿਆਰਥੀਆਂ ਨੇ ਪਹਿਲਾਂ ਦਿੱਤੇ ਮੰਗ ਪੱਤਰ ਮੁਤਾਬਕ ਇਕੱਠੇ ਹੋ ਕੇ ਇਸ ਸੈਮੀਨਾਰ ਦਾ ਵਿਰੋਧ ਕੀਤਾ ਜਿਸ ਦੌਰਾਨ ਪੁਲੀਸ ਵੱਲੋਂ ਇਹ ਕਾਰਵਾਈ ਕੀਤੀ ਗਈ।
ਵਿਦਿਆਰਥੀਆਂ ਜਦੋਂ ਅੱਜ ਇਕੱਠੇ ਹੋਏ ਤਾਂ ਬਿਨਾਂ ਕੁਝ ਪੁੱਛਗਿੱਛ ਤੋਂ ਚੰਡੀਗੜ੍ਹ ਪੁਲੀਸ ਦੀ ਵੈਨ ਆਈ ਅਤੇ ਡੀਐਸਪੀ ਦੀ ਅਗਵਾਈ ਵਿੱਚ ਸੈਂਕੜੇ ਪੁਲੀਸ ਕਰਮਚਾਰੀ ਘੇਰਾ ਪਾ ਕੇ ਵਿਦਿਆਰਥੀਆਂ ਨੂੰ ਵੈਨਾਂ ਵਿੱਚ ਸੁੱਟਣ ਲੱਗੇ। ਵਿਰੋਧ ਕਰਨ ’ਤੇ ਪੁਲੀਸ ਵੱਲੋਂ ਬੇਰਹਿਮ ਢੰਗ ਨਾਲ ਧੱਕਾ ਮੁੱਕੀ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ, ਪੱਗਾਂ ਲੱਥੀਆਂ ਅਤੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਜਦੋਂ ਵਿਦਿਆਰਥੀਆਂ ਨੂੰ ਬੋਲਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਫਾਸ਼ੀਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ, ਸੰਘੀ ਲਾਣਾ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਰੋਧ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਆਰਐਸਐਸ ਦੇ ਪ੍ਰੋਗਰਾਮ ਦੇ ਵਿਰੋਧ ਦੇ ਮੱਦੇਨਜ਼ਰ ਭਲਕੇ 10 ਮਾਰਚ ਨੂੰ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਮੁਜ਼ਾਹਰਾ ਵੀ ਕੀਤਾ ਜਾਵੇਗਾ।
Punjab Spectrum