Breaking News

Bhagwant Mann – ”ਇਹ ਤਾਂ ਅੰਗਰੇਜ਼ਾਂ ਤੋਂ ਵੀ ਭੈੜੇ ਨਿਕਲੇ…”, ਕਿਸਾਨਾਂ ”ਤੇ ਪਰਚੇ ਦਰਜ ਕਰਨ ਤੋਂ ਪੰਜਾਬ ਸਰਕਾਰ ”ਤੇ ਭੜਕੇ ਉਗਰਾਹਾਂ

Bhagwant Mann – ”ਇਹ ਤਾਂ ਅੰਗਰੇਜ਼ਾਂ ਤੋਂ ਵੀ ਭੈੜੇ ਨਿਕਲੇ…”, ਕਿਸਾਨਾਂ ”ਤੇ ਪਰਚੇ ਦਰਜ ਕਰਨ ਤੋਂ ਪੰਜਾਬ ਸਰਕਾਰ ”ਤੇ ਭੜਕੇ ਉਗਰਾਹਾਂ

ਪੰਜਾਬ ਪੁਲਸ ਵੱਲੋਂ ਤਕਰੀਬਨ 400 ਕਿਸਾਨਾਂ ‘ਤੇ ਪਰਚਾ ਦਰਜ ਕੀਤੇ ਜਾਣ ‘ਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀ ਤੁਲਨਾ ਅੰਗਰੇਜ਼ੀ ਹਕੂਮਤ ਨਾਲ ਕਰਦਿਆਂ ਇੱਥੋਂ ਤਕ ਆਖ਼ ਦਿੱਤਾ ਹੈ ਕਿ ‘ਇਹ ਤਾਂ ਅੰਗਰੇਜ਼ਾਂ ਤੋਂ ਵੀ ਭੈੜੇ ਨਿਕਲੇ ਹਨ’। ਉਨ੍ਹਾਂ ਆਖਿਆ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਸਭ ਦਾ ਜਮਹੂਰੀ ਹੱਕ ਹੈ, ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੰਵਿਧਾਨਕ ਹੱਕ ਦੀ ਵਰਤੋਂ ਵੀ ਨਹੀਂ ਕਰਨ ਦਿੱਤੀ ਜਾ ਰਹੀ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਸ ਨੂੰ ਖੁੱਲ੍ਹ ਦਿੱਤੀ ਹੋਈ ਹੈ, ਜਿਸ ‘ਤੇ ਮਰਜ਼ੀ ਜਦੋਂ ਮਰਜ਼ੀ ਐੱਫ.ਆਈ.ਆਰ. ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਸੀ, ਪਰ ਇਕ ਰਾਤ ਪਹਿਲਾਂ ਹੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।

ਪਿੰਡ ਜਿਓਂਦ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਕਿਸਾਨ ਆਪਣੇ ਪਿੰਡ ਦੀ ਸੱਥ ਵਿਚ ਸ਼ਾਂਤਮਈ ਬੈਠੇ ਸਨ ਅਤੇ ਉਨ੍ਹਾਂ ਨੇ ਕੋਈ ਰਸਤਾ ਜਾਂ ਦਫ਼ਤਰ ਨਹੀਂ ਸੀ ਰੋਕਿਆ। ਉਨ੍ਹਾਂ ਦੋਸ਼ ਲਾਇਆ ਕਿ 1500-1600 ਪੁਲਸ ਮੁਲਾਜ਼ਮਾਂ ਨੇ ਅਚਾਨਕ ਹਮਲਾ ਕਰਕੇ ਮਜ਼ਦੂਰਾਂ ਦੇ ਘਰਾਂ ਵਿਚ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪੱਥਰਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਵਿਚ ਇਕ ਕਿਸਾਨ ਦੀ ਲੱਤ ਤੋੜ ਦਿੱਤੀ ਗਈ ਅਤੇ ਇਕ ਨੌਜਵਾਨ ਦਾ ਹੱਥ ਤੋੜ ਦਿੱਤਾ ਗਿਆ।

ਉਨ੍ਹਾਂ ਮੌਜੂਦਾ ਸਰਕਾਰ ਦੀ ਤੁਲਨਾ ਅੰਗਰੇਜ਼ੀ ਹਕੂਮਤ ਨਾਲ ਕਰਦਿਆਂ ਕਿਹਾ ਕਿ ਇਹ ਸਰਕਾਰ ਲੋਕਤੰਤਰ ਨੂੰ ਕੁਚਲ ਰਹੀ ਹੈ। ਐੱਸ. ਐੱਸ. ਪੀ. ਜੋਤੀ ਯਾਦਵ ਵੱਲੋਂ ਕਿਸਾਨਾਂ ਨੂੰ ‘ਭੀੜ’ ਕਹਿਣ ‘ਤੇ ਵੀ ਉਨ੍ਹਾਂ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਫ.ਆਈ.ਆਰ. ਦਰਜ ਕਰਨ ਜਾਂ ਅਜਿਹੇ ਜ਼ਬਰ ਨਾਲ ਅੰਦੋਲਨ ਨਹੀਂ ਰੁਕਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਉਨ੍ਹਾਂ ਦੇ ਨਾਲ ਹਨ ਅਤੇ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।