Amritsar Marriage News: ਵਿਆਹ ਤੋਂ 1 ਦਿਨ ਪਹਿਲਾਂ ਘਰੋਂ ਭੱਜ ਗਈ ਕੁੜੀ, ਪੂਰਾ ਪਰਿਵਾਰ ਸਦਮੇ ਵਿਚ…
ਅੰਮ੍ਰਿਤਸਰ:ਜ਼ਿਲ੍ਹੇ ਦੇ ਛਹੇਰਟਾ ਇਲਾਕੇ ਦੇ ਖਾਪੜਖੇੜੀ ਪਿੰਡ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਘਰੋਂ ਭੱਜ ਗਈ। ਵਿਆਹ ਤੋਂ ਇੱਕ ਦਿਨ ਪਹਿਲਾਂ ਘਰੋਂ ਫਰਾਰ ਹੋਈ ਕੁੜੀ ਦੀ ਗੱਲ ਅੱਗ ਵਾਂਗ ਫੈਲ ਗਈ ਅਤੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੱਸ ਦਈਏ ਕਿ ਬਰਾਤ 15 ਫਰਵਰੀ ਨੂੰ ਆਉਣੀ ਸੀ, ਪਰ ਵਿਆਹ ਤੋਂ ਠੀਕ ਪਹਿਲਾਂ ਲੜਕੀ ਦੇ ਲਾਪਤਾ ਹੋਣ ਦੀ ਖ਼ਬਰ ਨੇ ਦੋਵਾਂ ਪਰਿਵਾਰਾਂ ਨੂੰ ਹੈਰਾਨ ਕਰ ਦਿੱਤਾ।
ਲੜਕੀ ਦੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ
ਇਸੇ ਸਬੰਧੀ ਲੜਕੇ ਦੇ ਪਰਿਵਾਰ ਵੱਲੋਂ ਪੁਲਿਸ ਥਾਣਾ ਘਰਿੰਡਾ ਅਧੀਨ ਪੁਲਿਸ ਚੌਂਕੀ ਖਾਸਾ ਵਿੱਚ ਲੜਕੀ ਦੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਧਰ ਪੂਰੇ ਪਿੰਡ ਵਿੱਚ ਇਸ ਘਟਨਾ ਨੂੰ ਲੈ ਕੇ ਚਰਚਾ ਬਣੀ ਹੋਈ ਹੈ, ਕਿਉਂਕਿ ਸਿਰਫ਼ ਇੱਕ ਦਿਨ ਬਾਅਦ ਹੀ ਵਿਆਹ ਸੀ ਅਤੇ ਲਾੜੀ ਫਰਾਰ ਹੋ ਗਈ।
ਕੁੜੀ ਵਾਲਿਆਂ ‘ਤੇ ਗੁੰਮਰਾਹ ਕਰਨ ਦੇ ਇਲਜ਼ਾਮ
ਇਸੇ ਸਬੰਧੀ ਮੀਡੀਆ ਨਾਲ ਗੱਲ ਕਰਦੇ ਹੋਏ ਵਿਆਹ ਵਾਲੇ ਮੁੰਡੇ ਨੇ ਦੱਸਿਆ ਕਿ “ਉਸਦਾ ਅੱਜ ਵਿਆਹ ਸੀ ਤੇ ਸਾਰੇ ਰਿਸ਼ਤੇਦਾਰ ਆਏ ਹੋਏ ਨੇ, ਪਰ ਕੁੜੀ ਵਾਲਿਆਂ ਨੇ ਇੱਕਦਮ ਵਿਆਹ ਤੋਂ ਜਵਾਬ ਦੇ ਦਿੱਤਾ। ਉਸ ਨੇ ਦੱਸਿਆ ਕਿ 8-9 ਮਹੀਨੇ ਪਹਿਲਾਂ ਉਨ੍ਹਾਂ ਦੀ ਮੰਗਣੀ ਹੋਈ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਲੜਕੀ ਵਾਲਿਆਂ ਨੇ ਉਸ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਨੇ ਸਾਨੂੰ ਪਹਿਲਾਂ ਕੁੜੀ ਬਾਰੇ ਕੁਝ ਵੀ ਨਹੀਂ ਦੱਸਿਆ ਅਤੇ ਅੱਜ ਉਨ੍ਹਾਂ ਨੇ ਫੋਨ ਕਰਕੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਕੁੜੀ ਘਰੋਂ ਕਿੱਧਰੇ ਚਲੀ ਗਈ ਹੈ। ਮੁੰਡੇ ਨੇ ਦੱਸਿਆ ਕਿ ਕੁੜੀ ਨਾਲ ਉਸਦੀ ਕਈ ਵਾਰ ਗੱਲ ਹੁੰਦੀ ਰਹਿੰਦੀ ਸੀ ਪਰ ਉਸਨੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ।”
“ਮੈਨੂੰ ਕਿਸੇ ਮੁੰਡੇ ਦਾ ਫੋਨ ਆਇਆ ਅਤੇ ਫੋਨ ਕਰਕੇ ਕਹਿੰਦਾ ਕਿ ਜਿਸ ਕੁੜੀ ਨਾਲ ਤੁਸੀਂ ਵਿਆਹ ਕਰਵਾ ਰਹੇ ਹੋ, ਉਸ ਨਾਲ ਉਸਦੀ ਪਹਿਲਾਂ ਤੋਂ ਹੀ ਫ੍ਰੈਂਡਸ਼ਿਪ ਹੈ, ਅਤੇ ਉਸਨੇ ਮੈਨੂੰ ਰਿਸ਼ਤਾ ਤੋੜਨ ਲਈ ਕਿਹਾ। ਉਸ ਮੁੰਡੇ ਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ।”-ਪੀੜਿਤ ਲੜਕਾ
ਇਸ ਤੋਂ ਅੱਗੇ ਉਸਨੇ ਦੱਸਿਆ ਕਿ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਟੈਂਟ ਲੱਗੇ ਹੋਏ ਨੇ ਅਤੇ ਹਲਵਾਈਆਂ ਵੱਲੋਂ ਮਿਠਾਈਆਂ ਬਣਾਈਆਂ ਜਾ ਰਹੀਆਂ ਸਨ। ਕੁੜੀ ਵਾਲਿਆਂ ਵੱਲੋਂ ਦਿੱਤੇ ਇੱਕਦਮ ਜਵਾਬ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ।
8 ਮਹੀਨੇ ਪਹਿਲਾਂ ਹੋਈ ਸੀ ਮੰਗਣੀ
ਦੱਸ ਦਈਏ ਕਿ ਮਾਮਲਾ ਛੇਹਰਟਾ ਇਲਾਕੇ ਦੇ ਪਿੰਡ ਖਾਪੜਖੇੜੀ ਦਾ ਹੈ। ਇੱਥੇ ਰਹਿੰਦੇ 31 ਸਾਲਾ ਹਰਪ੍ਰੀਤ ਸਿੰਘ ਦੀ ਮੰਗਣੀ ਕਰੀਬ 8 ਮਹੀਨੇ ਪਹਿਲਾਂ ਸੁਲਤਾਨਵਿੰਡ ਰੋਡ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਈ ਸੀ। ਪਰਿਵਾਰ ਵੱਲੋਂ ਫਰਵਰੀ ਵਿੱਚ ਵਿਆਹ ਤੈਅ ਕੀਤਾ ਗਿਆ ਸੀ ਅਤੇ ਬਰਾਤ 15 ਫਰਵਰੀ ਨੂੰ ਜਾਣੀ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਰਾਂ ’ਤੇ ਸਨ ਅਤੇ 14 ਫਰਵਰੀ ਨੂੰ ਵਿਆਹ ਦੀਆਂ ਰਸਮਾਂ ਹੋਣੀਆਂ ਸਨ। ਪਰ 14 ਫਰਵਰੀ ਸਵੇਰੇ ਕਰੀਬ 5 ਵਜੇ ਲੜਕੀ ਦੇ ਪਰਿਵਾਰ ਵੱਲੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਘਰੋਂ ਲਾਪਤਾ ਹੋ ਗਈ ਹੈ।
‘ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ’
ਉਨ੍ਹਾਂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦੀ ਕਾਰਵਾਈ ਕਾਰਨ ਪਿੰਡ ਵਿੱਚ ਉਨ੍ਹਾਂ ਦੀ ਬਦਨਾਮੀ ਹੋਈ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਇਸ ਸਬੰਧ ਵਿੱਚ ਲੜਕੀ ਦੇ ਪਰਿਵਾਰ ਨੂੰ ਕਈ ਵਾਰ ਫ਼ੋਨ ਕੀਤੇ ਗਏ ਪਰ ਕੋਈ ਠੋਸ ਜਵਾਬ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਆਪਣੇ ਫ਼ੋਨ ਵੀ ਬੰਦ ਕਰ ਲਏ। ਇਸ ਮਾਮਲੇ ਸਬੰਧੀ ਖਾਸਾ ਚੌਂਕੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ, ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ “ਲੜਕੇ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਲੜਕੀ ਦੇ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।”
Punjab Spectrum