Amritsar : ਨਸ਼ਿਆਂ ਦੀ ਅੱਗ ਦੀ ਭੇਂਟ ਚੜ੍ਹਿਆ ਪੁਲਿਸ ਮੁਲਾਜ਼ਮ ਦਾ ਪੁੱਤ, ਡਰੱਗ ਓਵਰਡੋਜ਼ ਨਾਲ 26 ਸਾਲਾਂ ਨੌਜਵਾਨ ਦੀ ਮੌਤ
ਆਪਣੇ ਪੁੱਤ ਬਚਾਉਣੇ ਹਨ ਤਾਂ ਛੱਡ ਦਿਓ ਪੰਜਾਬ…ਨਸ਼ੇ ਕਾਰਨ ਹੋਈ ਪੁੱਤਰ ਦੀ ਮੌ.ਤ ਪਿੱਛੋਂ ਬੋਲਿਆ ਪੁਲਸ ਅਧਿਕਾਰੀ
ਪੰਜਾਬ ’ਚ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮਾ ਕਰਨ ਦਾ ਜਿੱਥੇ ਦਾਅਵਾ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਘਰਾਂ ਤੱਕ ਨਸ਼ਿਆਂ ਦੇ ਅੱਗ ਦਾ ਸੇਕ ਪਹੁੰਚ ਚੁੱਕਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦੇ ਪੁੱਤ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਹੈ।
ਪੁਲਿਸ ਮੁਲਾਜ਼ਮ ਦਾ ਪੁੱਤ ਚੜ੍ਹਿਆਂ ਨਸ਼ੇ ਦੀ ਭੇਂਟ
ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਅਤੇ ਇਸ ਦੇ ਪਿਤਾ ਬਤੌਰ ਪੁਲਿਸ ਵਿੱਚ ਹੋਮਗਾਰਡ ਦੀ ਅਹੁਦੇ ’ਤੇ ਤੈਨਾਤ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰਵਾ ਚੁੱਕਿਆ ਸੀ ਤੇ ਹੁਣ ਵੀ ਭਰਤੀ ਕਰਵਾਇਆ ਹੋਇਆ ਸੀ ਅਤੇ ਬੀਤੀ ਰਾਤ ਨੂੰ ਹੀ ਉਹ ਉਸ ਨੂੰ ਘਰ ਲੈ ਕੇ ਆਇਆ ਸੀ। ਪਰ ਬੀਤੇ ਦਿਨ ਤੜਕਸਾਰ ਹੀ ਉਹ ਆਪਣੇ ਇੱਕ ਦੋਸਤ ਦੇ ਨਾਲ ਗਿਆ ਅਤੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ ਤੇ ਜਿਸ ਦੇ ਚਲਦੇ ਉਹਦੀ ਉੱਥੇ ਹੀ ਮੌਤ ਹੋ ਗਈ ਤੇ ਉਸਦਾ ਦੋਸਤ ਉਥੋਂ ਫਰਾਰ ਹੋ ਗਿਆ।
ਲਾਸ਼ ਨੂੰ ਸੜਕ ’ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
ਪੀੜਤ ਪਿਤਾ ਵੱਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਨ ਸਰਕਾਰ ਖਿਲਾਫ ਆਪਣੀ ਭੜਾਸ ਵੀ ਕੱਢੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਘਰ-ਘਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਵੀ ਉਸ ਨੂੰ ਨੱਥ ਪਾਉਣ ਵਾਲਾ ਨਹੀਂ ਨਾ ਹੀ ਪੁਲਿਸ ਅਧਿਕਾਰੀ ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਫੜਦੇ ਹਨ।
‘ਬੱਚਿਆਂ ਨੂੰ ਬਚਾਉਣਾ ਹੈ ਤਾਂ ਪੰਜਾਬ ਛੱਡ ਦਿਓ’
ਉਨ੍ਹਾਂ ਕਿਹਾ ਕਿ ਜੇਕਰ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਛੱਡ ਦਵੋ ਜਾਂ ਯੋਗੀ ਦਾ ਰਾਜ ਲੈ ਆਓ, ਕਿਉਂਕਿ ਇਸ ਸਰਕਾਰ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ ਸਰਕਾਰ ਵੱਲੋਂ ਲੱਖਾਂ ਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਪਰ ਘਰ ਘਰ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਮਾਂਵਾਂ ਦੀਆਂ ਕੁੱਖਾਂ ਨਸ਼ੇ ਦੇ ਦੈਂਤ ਨੇ ਉਜਾੜ ਦਿੱਤੀਆਂ ਹਨ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪੰਜਾਬ ’ਚ ਵਗ ਰਿਹਾ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ।
Punjab Spectrum