ਛੱਤੀ ਸਿੰਘਪੁਰਾ ਕਤਲੇਆਮ ਨੂੰ ਯਾਦ ਕਰਦਿਆਂ…!
ਚੌਵੀ ਸਾਲ ਪਹਿਲਾਂ ਅੱਜ ਦੇ ਦਿਨ, ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਤੋਂ ਕੁਝ ਦਿਨ ਪਹਿਲਾਂ ਮਾਰਚ 20, 2000 ਹੋਲੀ ਵਾਲੇ ਦਿਨ ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਛੱਤੀ ਸਿੰਘਪੁਰਾ ਵਿਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਕਤਲੇਆਮ ਦੇ ਚਸ਼ਮਦੀਦ ਨਾਨਕ ਸਿੰਘ (61) ਨੇ ਆਪਣਾ 16 ਸਾਲਾ ਲੜਕਾ ਗੁਰਮੀਤ ਸਿੰਘ, 25 ਸਾਲਾ ਭਰਾ ਦਲਬੀਰ ਸਿੰਘ ਅਤੇ ਤਿੰਨ ਰਿਸ਼ਤੇਦਾਰ ਇਸ ਕਤਲੇਆਮ ਵਿੱਚ ਗੁਆਏ ਹਨ। ਉਸਨੇ ਦੱਸਿਆ ਕਿਹਾ ਕਿ ਇਸ ਦਿਨ ਫੌਜੀਆਂ ਦੀ ਵਰਦੀ ਪਾਈ ਆਦਮੀਆਂ ਨੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਕੇ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੋਣ ਲਈ ਕਿਹਾ। ਜੋ ਲੋਕ ਗੁਰਦੁਆਰੇ ਅੰਦਰ ਸਨ ਉਹਨਾਂ ਨੂੰ ਵੀ ਬਾਹਰ ਇਕੱਠੇ ਹੋਣ ਲਈ ਕਿਹਾ ਗਿਆ। ਉਸ ਨੇ ਦੱਸਿਆ ਕਿ ਮੈਂ 19 ਲੋਕਾਂ ਵਿੱਚੋਂ ਇੱਕ ਸੀ, ਜੋ ਮੁੱਖ ਗੁਰਦੁਆਰਾ ਨੇੜੇ ਇਕੱਠੇ ਹੋਏ ਸਨ ਅਤੇ 17 ਹੋਰ ਸਿੱਖ ਪਿੰਡ ਸ਼ੋਕਪੌਰਾ ਦੇ ਇੱਕ ਹੋਰ ਛੋਟੇ ਗੁਰਦੁਆਰੇ ਦੇ ਨੇੜੇ ਕਤਾਰ ਵਿੱਚ ਖੜੇ ਕੀਤੇ ਗਏ।
ਉਸ ਭਿਆਨਕ ਰਾਤ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਫੌਜੀ ਵਰਦੀ ਵਿੱਚ ਕਾਤਲ, ਹਿੰਦੀ ਬੋਲਦੇ ਹਨ। ਸਾਡੇ ਲਈ ਸ਼ਰਾਬ ਦੀ ਪੇਸ਼ਕਸ਼ ਕਰਦੇ ਸਨ ਪਰ ਅਸੀਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਸਾਡੇ ਵੱਲ ਬੰਦੂਕਾਂ ਦੇ ਮੂੰਹ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਗੋਲੀ ਮੇਰੇ ਲੱਕ ਵਿੱਚ ਵੱਜੀ ਪਰ ਮੈਂ ਬਚ ਗਿਆ, ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਅੰਤਿਮ ਸੰਸਕਾਰ ਦੇਖਣ ਲਈ।
ਉਸਨੇ ਕਿਹਾ ਮੈਂ ਸਮਝਣ ਵਿੱਚ ਅਸਫਲ ਰਿਹਾ ਹਾਂ ਕਿ ਰਾਜ ਅਤੇ ਕੇਂਦਰ ਸਰਕਾਰ ਨੇ 35 ਸਿੱਖਾਂ ਦੇ ਭਿਆਨਕ ਕਤਲੇਆਮ ਦੀ ਜਾਂਚ ਨੂੰ ਕਿਉਂ ਰੋਕ ਦਿੱਤਾ?
ਨਰਿੰਦਰ ਕੌਰ ਨੇ ਆਪਣੇ ਪਤੀ ਸਮੇਤ ਪਰਿਵਾਰ ਦੇ ਸਾਰੇ ਤਿੰਨ ਮਰਦ ਗੁਆਏ ਹਨ, ਨੇ ਕਿਹਾ ਕਿ ਮੈਂ ਇਸ ਵਿਨਾਸ਼ਕਾਰੀ ਸ਼ਾਮ ਨੂੰ ਕਦੇ ਨਹੀਂ ਭੁਲਾ ਸਕਦੀ। ਅਸੀਂ ਗੋਲੀਆਂ ਦੀ ਆਵਾਜ਼ ਸੁਣੀਂ ਅਤੇ ਚੀਕਾਂ ਮਾਰੀਆਂ, ਮੈਂ ਹੋਰਨਾਂ ਗੁਆਂਢੀਆਂ ਦੇ ਨਾਲ ਇਹ ਵੇਖਣ ਲਈ ਬਾਹਰ ਗਈ ਕਿ ਕੀ ਹੋ ਰਿਹਾ ਹੈ ਪਰ ਚਾਰ ਮਿੰਟ ਪਹਿਲਾਂ ਜਿਉਂਦੇ ਬੰਦੇ ਲਾਸ਼ਾਂ ਬਣ ਚੁੱਕੇ ਸਨ ਅਤੇ ਚਾਰੇ ਪਾਸੇ ਖੂਨ ਹੀ ਖੂਨ ਸੀ।
76 ਸਾਲਾ ਜੀਤ ਕੌਰ ਨੇ ਵੀ ਆਪਣੇ ਪਰਿਵਾਰ ਦੇ ਪੰਜ ਮੈਂਬਰ ਗਵਾਏ। ਉਸ ਦਾ ਪਤੀ- ਫਕੀਰ ਸਿੰਘ, ਦੋ ਬੇਟੇ ਕਰਨੈਲ ਸਿੰਘ ਅਤੇ ਸੀਤਲ ਸਿੰਘ ,ਉਸ ਦੇ ਦਾਦਾ ਜੀਤੇਂਦਰ ਸਿੰਘ ਅਤੇ ਸੋਨੀ ਸਿੰਘ ਵੀ ਗੋਲੀਆਂ ਨਾਲ ਭੁੰਨ ਸੁੱਟੇ।
ਇਸ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਭਾਵੇਂ ਕਿ ਪਥਰੀਬਲ ਪੀੜਤਾਂ ਅਤੇ ਬਰਕਪੁਰਾ ਵਿਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣਾ ਜਾਰੀ ਹੈ ਪਰ ਘੱਟੋ ਘੱਟ ਸੱਚਾਈ ਸਾਹਮਣੇ ਆ ਗਈ ਹੈ ਕਿ ਫੌਜ ਅਤੇ ਪੁਲਿਸ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ।
ਇਸ ਵਾਰਦਾਤ ਤੋਂ ਕੁਝ ਦਿਨ ਬਾਅਦ ਫੌਜ ਨੇ ਪਥਰੀਬਲ ਅਤੇ ਬਰਕਪੁਰਾ ‘ਚ ਕੁਝ ਕਸ਼ਮੀਰੀ ਨੌਜਵਾਨ ਇਹ ਕਹਿ ਕੇ ਮਾਰ ਦਿੱਤੇ ਸਨ ਕਿ ਇਨ੍ਹਾਂ ਨੇ ਛੱਤੀ ਸਿੰਘਪੁਰਾ ‘ਚ ਸਿੱਖਾਂ ਦਾ ਕਤਲ ਕੀਤਾ ਸੀ। ਪਰ ਬਾਅਦ ‘ਚ ਹੋਈ ਜਾਂਚ ‘ਚ ਪਤਾ ਲੱਗ ਗਿਆ ਕਿ ਇਹ ਨਿਰਦੋਸ਼ ਕਸ਼ਮੀਰੀ ਨੌਜਵਾਨ ਸਨ, ਜਿਨ੍ਹਾਂ ਨੂੰ ਝੂਠੇ ਮੁਕਾਬਲੇ ‘ਚ ਮਾਰਿਆ ਗਿਆ ਸੀ।
ਇਨਸਾਫ ਲਈ ਲੜ੍ਹ ਰਹੀ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਛੱਤੀ ਸਿੰਘਪੁਰਾ ਦਾ ਸਿੱਖ ਕਤਲੇਆਮ, ਪਥਰੀਬਲ ਅਤੇ ਬਰਕਪੁਰਾ ਦੇ ਮੁਕਾਬਲੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨਾ ਨੂੰ ਅਲੱਗ ਅਲੱਗ ਨਹੀਂ ਲਿਆ ਜਾ ਸਕਦਾ। ਇਸ ਲਈ ਅਸੀਂ ਛੱਤੀ ਸਿੰਘਪੁਰਾ ਦੇ ਕਤਲੇਆਮ ਦੀ ਇਕ ਸਮਾਂਬੱਧ ਜਾਂਚ ਦੀ ਮੰਗ ਕਰਦੇ ਹਾਂ।
ਪਰਿਵਾਰਾਂ ਅਤੇ ਸਿੱਖਾਂ ਦਾ ਸ਼ੱਕ ਯਕੀਨ ਬਣ ਚੁੱਕਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਦੌਰੇ ‘ਤੇ ਕੀਤੇ ਗਏ ਇਸ ਕਤਲੇਆਮ ਦੀ ਡੂੰਘੀ ਸ਼ਾਜਿਸ਼ ਅਧੀਨ ਯੋਜਨਾ ਬਣਾਈ ਗਈ ਸੀ, ਜਿਸ ‘ਤੇ ਭਾਰਤ ਸਰਕਾਰ ਦੀਆਂ ਉਂਗਲਾਂ ਦੇ ਨਿਸ਼ਾਨ ਹਨ।
ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਨੇ, ਮੈਡਲੀਨ ਅਲਬਰਾਈਟ (ਕਲਿੰਟਨ ਦੌਰ ਵਿੱਚ ਵਿਦੇਸ਼ ਮੰਤਰੀ) ਦੀ ਕਿਤਾਬ ‘ਮਾਈਟੀ ਐਂਡ ਅਲਮਾਈਟੀ’ ਦੇ ਮੁੱਖ ਬੰਧ ਵਿੱਚ, ਇਨ੍ਹਾਂ 35 ਸਿੱਖਾਂ ਦੇ ਕਤਲੇਆਮ ਲਈ ‘ਹਿੰਦੂ ਦਹਿਸ਼ਤਗਰਦਾਂ’ ਵੱਲ ਇਸ਼ਾਰਾ ਕਰਦਿਆਂ ਲਿਖਿਆ ਸੀ ਕਿ ਜੇ ਉਹ ਭਾਰਤ ਦੌਰੇ ‘ਤੇ ਨਾ ਜਾਂਦੇ ਤਾਂ ਸ਼ਾਇਦ ਇਹ ਸਿੱਖ ਕਤਲੇਆਮ ਨਾ ਹੁੰਦਾ।
ਭੇੜੀਆਂ ਦੇ ਰਾਜ ‘ਚ ਕਦੇ ਲੇਲਿਆਂ ਨੂੰ ਇਨਸਾਫ ਨਹੀਂ ਮਿਲਦਾ ਹੁੰਦਾ ਪਰ ਲੇਲਿਆਂ ਦੀ ਨਸਲਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਦੋਂ ਕੀ ਹੋਇਆ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
You must be logged in to post a comment.