Breaking News

ਸਿੱਖਾਂ ਦੀ ਨਸਲਕੁਸ਼ੀ ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਬਦਕਾਰ ਭੂਮਿਕਾ

-ਰਾਜਵਿੰਦਰ ਸਿੰਘ ਰਾਹੀ ਦੀ ਕਲਮ ਤੋਂ ਆਨੰਦ ਦਾ ਸੱਚ

ਕਾਮਰੇਡ ਜਗਜੀਤ ਸਿੰਘ ਆਨੰਦ ਪੰਜਾਬ ਦਾ ਇਕੋ ਇਕ ਕਮਿਊਨਿਸਟ ਆਗੂ ਸੀ, ਜਿਸ ਨੇ ਸਿੱਖਾਂ ਦੀ ਨਸਲਕੁਸ਼ੀ {Sikh Genocide} ਵਿਚ ਆਪਣੀ ਬਦਕਾਰ ਭੂਮਿਕਾ ਬੜੀ ਗੱਜ ਵੱਜ ਕੇ ਨਿਭਾਈ। ਭਾਵੇਂ ਸੀ.ਪੀ.ਆਈ ਅਤੇ ਸੀ.ਪੀ.ਐਮ ਦੀ ਲੀਡਰਸ਼ਿਪ ਅਤੇ ਕਾਡਰ ਨੇ ਵੀ ਘੱਟ ਨਹੀਂ ਗੁਜਾਰੀ, ਪਰ ਜਿਸ ਇਖਲਾਕੀ ਨਿਘਾਰ ਦੀਆਂ ਨੀਵਾਣਾਂ ਆਨੰਦ ਨੇ ਛੋਹੀਆਂ ਹਨ ਉਸ ਨਾਲ ਕਮਿਊਨਿਸਟ ਸਿਧਾਂਤ ਵੀ ਕਾਲੰਕਤ ਹੋਇਆ ਹੈ ਤੇ ਸਿਧਾਂਤਕ ਰਹਿਬਰ ਵੀ ਸ਼ਰਮਸਾਰ ਹੋਏ ਹਨ।

ਜਗਜੀਤ ਸਿੰਘ ਅਨੰਦ ਦੇ ਹੱੱਥ ਤਾਂ ਹਜ਼ਾਰਾਂ ਸਿੱਖ ਨੌਜੁਆਨਾਂ ਦੇ ਖੂਨ ਨਾਲ ਰੰਗੇ ਹੋਏ ਸਨ। ਕਾਮਰੇਡ ਜਗਜੀਤ ਸਿੰਘ ਆਨੰਦ ਦੇ ਜਿਉਂਦੇ ਜੀਅ ਹੀ ਉਸ ਦੇ ਪ੍ਰਸ਼ੰਸਕਾਂ, ਪੱਤਰਕਾਰਾਂ ਅਤੇ ਲੇਖਕਾਂ ਵਲੋ ਉਸ ਨੂੰ ‘ਲੰਮੇ ਪੈਡਿਆਂ ਦਾ ਪਾਂਧੀ’ ‘ਬੁਹ ਵਿਧ ਪ੍ਰਤਿਭਾ ਦਾ ਝਲਕਾਰਾ’ ‘ਅਮਨ ਲਹਿਰ ਦਾ ਉਸਰੱਈਆ’ ‘ਸ਼ਬਦ ਚੋਣ ਦਾ ਬਾਦਸ਼ਾਹ’ ‘ਸ਼ਬਦ, ਸਨੇਹ ਅਤੇ ਸੁਚੱਜ ਦਾ ਸੁਆਮੀ’ ਆਦਿ ਦੇ ਅਲੰਕਾਰ ਵਰਤਕੇ ਉਸ ਦੀ ਜੈ ਜੈ ਕਾਰ ਦਾ ਗੁੱਡਾ ਬੰਨਿਆ ਗਿਆ ਤੇ ਉਸ ਦੇ ਮਰਨ ਉਪਰੰਤ ਵੀ ਬੰਨਿਆ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਮਰੇਡ ਜਗਜੀਤ ਸਿੰਘ ਆਨੰਦ, ਚੋਟੀ ਦਾ ਅਨੁਵਾਦਕ, ਸ਼ਬਦ ਸਿਰਜਕ, ਸ਼ੈਲੀਕਾਰ ਅਤੇ ਬੇਬਾਕ ਬੁਲਾਰਾ ਸੀ।ਉਸ ਨੇ ਹਿਟਲਰ ਵੱਲੋ ਯਾਹੂਦੀਆਂ ‘ਤੇ ਢਾਹੇ ਗਏ ਜਬਰ ਨੂੰ ਰੂਪਮਾਨ ਕਰਨ ਵਾਲੇ ਨਾਵਲ, ‘ਸੱਤਰੰਗੀ ਪੀਂਘ’, ‘ਬਘਿਆੜਾਂ ਦੇ ਵੱਸ’ ਪੰਜਾਬੀ ਵਿੱਚ ਅਨੁਵਾਦ ਕੀਤੇ ਸਨ, ਪਰ ਜਦ ਕੇ.ਪੀ.ਐਸ ਗਿੱਲ ਨੇ ਇਹੀ ਜ਼ੁਲਮ ਸਿੱਖਾਂ ‘ਤੇ ਢਾਹੇ ਤਾਂ ਆਨੰਦ ਐਨਾ ਪੱਥਰ ਚਿੱਤ ਅਤੇ ਸੰਵੇਦਨਹੀਣ ਕਿਵੇ ਬਣ ਗਿਆ? ਜੇਕਰ ਉਹ ਸਾਹਿਤ ਰਸੀਆ ਕੋਮਲ ਭਾਵੀ ਮਨੁੱਖ ਸੀ ਤਾਂ, ਉਹ ਦੋਵੇ ਧਿਰਾਂ ਦਾ ਬਰਾਬਰ ਵਿਰੋਧ ਕਰਦਾ। ਜਿਥੇ ਉਹ ਬੇਦੋਸਿਆਂ ਦੇ ਕਤਲਾਂ ਲਈ ਸਿੱਖ ਖਾੜਕੂਆਂ ਨੂੰ ਨੌਲ ਦਾ ਸੀ, ਉਥੇ ਪੁਲਸ ਦੀਆਂ ਵਧੀਕੀਆਂ ਬਾਰੇ ਵੀ ਬੋਲਣਾ ਚਾਹੀਦਾ ਸੀ।

ਜਦ ਅਸੀਂ ਕਾਮਰੇਡ ਆਨੰਦ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰਦੇ ਹਾਂ ਤਾਂ ਉਹ ਹਮੇਸ਼ਾ ਹੀ ਜਾਬਰ ਧਿਰ ਦੇ ਹੱਕ ਵਿੱਚ ਖੜਾ ਨਜ਼ਰ ਆਓਦਾ ਹੈ। ਕਿਹਾ ਤਾਂ ਇਹ ਜਾਂਦਾ ਹੈ ਆਨੰਦ ਨੇ ਮਾਰਕਸਵਾਦ, ਲੈਨਿਨਵਾਦ ਵਰਗੀ ਲੋਕਪੱਖੀ ਵਿਚਾਰਧਾਰਾ ਦੇ ਗੰ੍ਰਥ ਪੰਜਾਬੀ ਵਿੱਚ ਅਨੁਵਾਦ ਕੀਤੇ ਸਨ, ਪਰ ਜਦ ਉਸ ਦੀ ਜੀਵਨ ਦ੍ਰਿਸ਼ਟੀ, ਜੀਵਲ ਜਾਚ, ਜੀਵਨ ਅਮਲ (ਮਨ, ਵਚਨ, ਕਰਮ) ਦੇਖ ਦੇ ਹਾਂ, ਤਾਂ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਵਿਚਾਰਧਾਰਾ ਦਾ ਅਸਰ ਸੀ ਜਾਂ ਖੁਦਗਰਜੀ ਅਤੇ ਸੁਆਰਥ ਦਾ ਰੰਗ ਹੀ ਉਸ ‘ਤੇ ਐਨਾ ਗੁੜਾ ਚੜਿਆ ਹੋਇਆ ਸੀ ਕਿ ਉਸ ਨੇ ਸਿਧਾਂਤ ਅਤੇ ਕਮਿਊਨਿਸਟ ਸ਼ਬਦ ਨੂੰ ਵੀ ਬਦਨਾਮ ਕਰ ਦਿੱਤਾ।

ਕੋਈ ਨੌ ਦਹਾਕੇ ਪਹਿਲਾਂ, ਕਾਮਰੇਡ ਜਗਜੀਤ ਸਿੰਘ ਆਨੰਦ ਦਾ ਜਨਮ ਤਾਂ ਇੱਕ ਸਰਧਾਵਾਨ ਸਿੱਖ ਪਰਵਾਰ ਦੇ ਘਰ ਹੋਇਆ ਸੀ, ਪਰ ਉਹ ਛੋਟੀ ਉਮਰੇ ਹੀ ਨਾਸਤਿਕ ਵਿਚਾਰਧਾਰਾ ਨਾਲ ਡੰਗਿਆ ਗਿਆ ਸੀ। ਉਸ ਦਾ ਪਿਤਾ ਹੈਡਮਾਸਟਰ ਮਹਿਤਾਬ ਸਿੰਘ, ਤਰਨਤਾਰਨ ਦੇ ਸੀ੍ਰ ਗੁਰੂ ਅਰਜਨ ਦੇਵ ਹਾਈ ਸਕੂਲ ਦਾ ਹੈਡਮਾਸਟਰ ਵੀ ਸੀ ਤੇ ਗੁਰਧਾਮਾਂ ਨੂੰ ਬ੍ਰਾਹਮਣਵਾਦੀ ਮਹੰਤਾ ਤੋ ਅਜ਼ਾਦ ਕਰਵਾਉਣ ਵਾਲੇ ਅਕਾਲੀ ਮੋਰਚਿਆਂ ਦਾ ਸਰਗਰਮ ਸੰਗਰਾਮੀਆਂ ਵੀ। ਸੰਗਰਾਮੀਆਂ ਹੋਣ ਦੇ ਨਾਲ ਨਾਲ ਸ.ਮਹਿਤਾਬ ਸਿੰਘ ਬੁੱਧੀਜੀਵੀ ਲੇਖਕ ਵੀ ਸੀ, ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਨਾਵਾਂ ਥਾਵਾਂ ਦਾ ਕੋਸ਼ ਤਿਆਰ ਕਰਨ ਤੋ ਇਲਾਵਾ ਕਈ ਹੋਰ ਧਾਰਮਿਕ ਕਿਤਾਬਾਂ ਵੀ ਲਿਖਿਆਂ ਸਨ।

ਅਮਰੀਕਨ ਮਿਸ਼ਨਰੀਆਂ ਦੇ ਫਾਰਮਨ ਕ੍ਰਿਸਚੀਅਨ ਕਾਲਜ ਲਹੋਰ ਵਿਚ ਪੜਦਿਆਂ ਜਗਜੀਤ ਸਿੰਘ ਆਨੰਦ ਵਿਦਿਆਰਥੀ ਲਹਿਰ ਰਾਹੀਂ ਕਮਿਊਨਿਸਟਾਂ ਦੇ ਪ੍ਰਭਾਵ ਹੇਠ ਆ ਗਿਆ। ਇਹ ਉਸ ਦੀ ਖੁਸ਼ਕਿਸਮਤੀ ਕਹਿ ਲਵੋ ਜਾਂ ਬਦਕਿਸਮਤੀ ਕਿ ਉਸ ਨੂੰ ਪੈਂਦੀ ਸੱਟੇ ਹੀ ਕਾਮਰੇਡ ਸੋਹਨ ਸਿੰਘ ਜੋਸ਼ ਦੀ ਸਰਪ੍ਰਸਤੀ ਹਾਸਲ ਹੋ ਗਈ । ਆਇਆ ਤਾਂ ਜੋਸ਼ ਵੀ ਅਕਾਲੀ ਮੋਰਚਿਆਂ ਰਾਹੀ ਕਮਿਊਨਿਸਟਾਂ ਵਿੱਚ ਸੀ, ਪਰ ਉਸ ਉਪਰ ਨਾਸਤਿਕਤਾ ਦਾ ਰੰਗ ਐਨਾ ਗੂੜਾ ਚੜ ਗਿਆ ਕਿ ਉਹ ਸਿੱਖੀ ਦੀਆਂ ਜੜ•ਾਂ ਵੱਢਣ ਦੇ ਕਾਰਜ ਵਿੱਚ ਲੱਗ ਪਿਆ। ਚੜਦੀ ਜੁਆਨੀ ਦੇ ਜੋਸ਼ ਵਿੱਚ ਆਨੰਦ ਵੀ ਇਸੇ ਰਾਹੇ ਪੈ ਗਿਆ।

ਆਨੰਦ ਦੇ ਇਸ ਜਨੂੰਨ ਨੂੰ ਉਸ ਵਕਤ ਭਰਵਾਂ ਹੁਲਾਰਾ ਮਿਲਿਆ ਜਦ ਉਸ ਦਾ ਵਾਹ ਗੁਰਬਖਸ਼ ਸਿੰਘ ਪ੍ਰੀਤ ਲੜੀ ਪਰਵਾਰ ਨਾਲ ਪੈ ਗਿਆ। ਗੁਰਬਖਸ਼ ਸਿੰਘ ਅਮਰੀਕਾ ਦੇ ਖਾਓ ਪੀਓ ਐਸ ਕਰੋ {pragmatic} ਫਲਸਫੇ ਦਾ ਪ੍ਰਚਾਰ ਆਪਣੇ ਪਰਚੇ ਪ੍ਰੀਤਲੜੀ ਰਾਹੀਂ ਕਰ ਰਿਹਾ ਤੇ ਨਾਲੋ ਨਾਲ ਸਿੱਖੀ ਦੇ ਜੜੀਂਂ ਤੇਲ ਦੇ ਰਿਹਾ ਸੀ। ਉਸ ਦਾ ਪ੍ਰੀਤ ਫਲਸਫਾ ਨਵੀਂ ਉਭਰ ਰਹੀ ਮਿਡਲ ਕਲਾਸ ਨੂੰ ਸਿਸਟਮ ‘ਚ ਫਿਟ ਹੋਣ ਦੇ ਗੁਰ ਦੱਸਦਾ ਸੀ। ਉਸ ਦਾ ਫਲਸਫਾ ਮਰਜੀਵੜੇ ਬਣਨ ਦਾ ਫਲਸਫਾ ਨਹੀ ਸੀ, ਸਗੋਂ ਪਰਜੀਵੜੇ {parasitic} ਬਣਨ ਦਾ ਫਲਸਫਾ ਸੀ। ਦੋਸਤਾਨਾ ਸਬੰਧਾਂ ਤੋਂ ਅੱਗੇ ਜਾਦਿਆਂ ਜਗਜੀਤ ਸਿੰਘ ਆਨੰਦ ਨੇ ਪ੍ਰੀਤਲੜੀ ਦਾ ਧੀ ਉਰਮਿਲਾ ਨਾਲ ਉਮਰਾਂ ਦਾ ਸਾਥ ਵਿਹਾਜ ਲਿਆ। ਗੁਰਬਖਸ਼ ਸਿੰਘ ਵਲੋ ਸਗਨਾਂ ਮੋਕੇ ਹੀ ਸਰਕਾਰ ਭਗਤੀ ਬਾਰੇ ਦਿੱਤੀ ਗਈ ਸਿੱਖ ਮੱਤ ਨੂੰ ਜਗਜੀਤ ਸਿੰਘ ਆਨੰਦ ਨੇ ਅਜਿਹਾ ਪੱਲੇ ਬੰਨਿਆ ਕਿ ਜ਼ਿੰਦਗੀ ਭਰ ਇਹ ਗੰਢ ਕਦੇ ਨਹੀਂ ਖੁੱਲਣ ਦਿੱਤੀ।

ਦਿਮਾਗੀ ਤੌਰ ਤੇ ਤਿੱਖਾ ਅਤੇ ਜ਼ੁਬਾਨੋਂ ਚੁਰਚਰਾ ਹੋਣ ਕਰਕੇ ਜਿਥੇ ਜਗਜੀਤ ਸਿੰਘ ਆਨੰਦ ਪੱਤਰਕਾਰੀ ਵਿਚ ਪੈਰ ਧਰਦਿਆਂ ਹੀ ਸਿਖਰਲੇ ਡੰਡੇ ‘ਤੇ ਪਹੁੰਚ ਗਿਆ ਉਥੇ ਨਾਲ ਹੀ ਉਹ ਕਮਿਊਨਿਸਟ ਪਾਰਟੀ ਦੀਆਂ ਆਗੂ ਸਫਾਂ ਵਿੱਚ ਆ ਗਿਆ। ਪਰ ਉਸ ਦੀ ਸਖ਼ਸ਼ੀਅਤ ਹਮੇਸ਼ਾਂ ਹੀ ਸ਼ੱਕੀ ਰਹੀ। ਗਦਰੀ ਅਤੇ ਕਿਰਤੀ ਬਾਬੇ ਉਸ ‘ਤੇ ਯਾਕੀਨ ਨਹੀ ਕਰਦੇ ਸੀ। ਸੱਚੇ ਸੁਚੇ ਇਖਲਾਕ, ਨਿਮਾਣੇ, ਕਹਿਣੀ ਕਰਨੀ ਦੇ ਸੂਰੇ, ਬਾਬੇ ਤਿਆਗ ਅਤੇ ਕੁਰਬਾਨੀ ਦੀਆਂ ਮੂਰਤਾਂ ਸਨ, ਜਦ ਕਿ ਆਨੰਦ ਤਿਕੜਮਾਂ, ਸ਼ੈਤਾਨੀਅਤ, ਖੁਦਗਰਜੀ, ਹਾਊਮੈ, ਪੈਸੇ ਦਾ ਪੁੱਤ, ਮਾਕਾਰੀ ਅਤੇ ਲੁੱਚਪੁਣੇ ਦਾ ਪੁਤਲਾ ਸੀ। ਜਦ ਉਸ ਨੇ ਮਾਡਲ ਟਾਉਨ ਜਲੰਧਰ ‘ਚ ਘਰ ਬਣਾਇਆ ਤਾਂ ਉਸ ਵਖਤ ਵੀ ਵਿਵਾਦ ਉਭਰਿਆ, ਕਿੳਕਿ ਆਨੰਦ ਦੀ ਆਮਦਨ ਦੇ ਸਰੋਤ ਬੇ ਭੇਤੇ ਸਨ। ਨਵਾਂ ਜ਼ਮਾਨਾਂ ਦੀ ਵਾਂਗ ਡੋਰ ਅਜਿਹੀ ਉਸ ਦੇ ਹੱਥ ਆਈ ਕਿ ਸਾਰੀ ਉਮਰ ਉਸ ਦੇ ਹੱਥ ਹੀ ਰਹੀ।

ਵਿਚਰਿਆ ਤਾਂ ਭਾਵੇਂ ਉਹ ਸਾਰੀ ਉਮਰ ਕਮਿਊਨਿਸਟ ਜਾਮੇ ਵਿੱਚ ਹੀ ਹੈ ਪਰ ਉਸ ਨੇ ਕਾਂਗਰਸ ਅਤੇ ਰਾਜ ਸੇਵਾ ਨੂੰ ਰੂਹ ਨਾਲ ਨਿਭਾਇਆ। 1947 ਤੋ ਬਾਅਦ ਜਦ ਭਾਰਤੀ ਕਮਿਊਨਿਸਟ ਪਾਰਟੀ ਕਾਂਗਰਸ ਦਾ ਇਕ ਜਨਤਕ ਵਿੰਗ ਅਤੇ ਲੋਕ ਸੰਪਰਕ ਮਹਿਕਮਾਂ ਬਣ ਗਈ ਤਾਂ ਆਨੰਦ ਨੇ ਕਲਮ ਅਤੇ ਜ਼ੁਬਾਨ ਰਾਹੀਂ ਸਟੇਟ ਤਰਜਮਾਨ ਦਾ ਰੋਲ ਸੰਭਾਲ ਲਿਆ। ਜਦ ਕਮਿਊਨਿਸਟਾਂ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵਾਲੀ ਕਾਂਗਰਸ ਸਰਕਾਰ ਵਿਰੁੱਧ ਖੁਸ਼ ਹੈਸੀਅਤ ਮੋਰਚਾ ਚਲਾਇਆ ਤਾਂ ਆਨੰਦ ਅਤੇ
ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕੈਰੋਂ ਨਾਲ ਅੰਦਰ ਗਤੀ ਸੰਢ ਗੰਢ ਕਰਕੇ ਵੀ.ਡੀ ਚੋਪੜੇ ਕੋਲੋਂ ਮੋਰਚਾ ਵਾਪਸ ਲੈਣ ਦਾ ਐਲਾਨ ਕਰਵਾ ਕੇ ਕਮਿਊਨਿਸਟ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ।

ਆਨੰਦ ਦੀ ਕਾਂਗਰਸ ਅਤੇ ਭਾਰਤੀ ਸਟੇਟ ਨਾਲ ਵਫ਼ਾਦਾਰੀ ਐਨੀ ਪੱਕੀ ਸੀ ਕਿ ਉਹ ਸਿੱਖੀ ਦੀਆਂ ਜੜਾਂ ਵੱਢਣ ਦਾ ਕੋਈ ਮੌਕਾ ਵੀ ਹੱਥੋਂ ਨਹੀ ਜਾਣ ਦਿੰਦਾ ਸੀ। ਹਾਲਾਕਿ ਉਹ ਖੁਦ ਸਾਰੀ ਉਮਰ ਸਿੱਖੀ ਸਰੂਪ ਵਿੱਚ ਰਿਹਾ ਸੀ। ਜਦ ਅਕਾਲੀਆਂ ਵੱਲੋਂ ਪੰਜਾਬੀ ਸੂਬਾ ਮੋਰਚਾ ਲਗਾਇਆ ਗਿਆ ਤਾਂ ਆਨੰਦ ਨੇ ਅਕਾਲੀਆਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰਨ ਦੀ ਕੋਈ ਕਸਰ ਨਾ ਛੱਡੀ। ਜਦ 1975 ਵਿੱਚ ਐਮਰਜੈਂਸੀ ਲੱਗੀ ਤਾਂ ਪੰਜਾਬ ਵਿੱਚ ਸੀ.ਪੀ.ਐਮ ਤੇ ਨਕਸਲੀਆਂ ਸਮੇਤ ਹਰ ਧਿਰ ਜੇਲ•ਾਂ ਵਿੱਚ ਬੈਠੀ ਸੀ, ਤਾਂ ਆਨੰਦ ਨਵਾਂ ਜ਼ਮਾਨਾ ਰਾਹੀਂ ਇੰਦਰਾ ਗਾਂਧੀ ਅਤੇ ਉਸ ਦੇ ਫ਼ਰਜ਼ੰਦ ਸੰਜੇ ਗਾਂਧੀ ਦੇ ਸੋਹਲੇ ਗਾ ਰਿਹਾ ਸੀ।
ਸੰਜੇ ਵੱਲੋ ਚਲਾਈ ਨਸਬੰਦੀ ਮੁਹਿੰਮ ਤਹਿਤ ਹਜ਼ਾਰਾਂ ਨੌਜੁਆਨਾ ਨੂੰ ਨੁਪੁੰਸਕ ਬਣਾਕੇ ਮਾਪਿਆਂ ਦੇ ਦੀਵੇ ਗੁੱਲ ਕਰ ਦਿੱਤੇ ਸਨ, ਪਰ ਅੱਖਾਂ ਦੇ ਅੰਨੇ ਆਨੰਦ ਨੂੰ ਇਹ ਸਭ ਕੁਛ ਦਿਖਾਈ ਨਹੀ ਦਿੰਦਾ ਸੀ। ਇਥੋਂ ਤੱਕ ਕਿ ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਵੀ ਐਮਰਜੈਸੀ ਦੇ ਹੱਕ ਵਿੱਚ ਮਤਾ ਪਵਾਉਣ ਦੀ ਕੋਸ਼ਿਸ ਕੀਤੀ ਸੀ।

ਜਦ 1978 ਵਿੱਚ ਨਿਰੰਕਾਰੀਆ ਵੱਲੋ ਸ੍ਰੀ ਅੰਮ੍ਰਿਤਸਰ ਵਿੱਚ 13 ਸਿੰਘਾਂ ਦਾ ਕਤਲੇਆਮ ਕੀਤਾ ਗਿਆ ਤਾਂ ਆਨੰਦ ਨੰਗੇ ਚਿੱਟੇ ਰੂਪ ਵਿੱਚ ਨਿੰਰਕਾਰੀ ਬਾਬੇ ਦੀ ਪਿੱਠ ‘ਤੇ ਆ ਗਿਆ। ਜਦ 1980 ਵਿੱਚ ਅਕਾਲੀਆਂ ਵੱਲੋ ਸਿੱਖਾਂ ਦੀਆਂ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਮੋਰਚਾ ਸ਼ੁਰੂ ਕੀਤਾ ਗਿਆ ਤਾਂ ਆਨੰਦ ‘ਮੁੱਦੱਈ ਸੁਸਤ ਗਵਾਹ ਚੁਸਤ’ ਵਾਲੀ ਫੁਰਤੀ ਦਿਖਾਉਂਦਾ ਹੋਇਆ ਸਰਕਾਰ ਨਾਲੋਂ ਪਹਿਲਾਂ ਅਕਾਲੀਆਂ ਦੇ ਵਿਰੋਧ ਵਿਚ ਆ ਗਿਆ।

ਜਦ ਭਾਰਤੀ ਸਟੇਟ ਵੱਲੋ ਕੀਤੇ ਗਏ ਜਬਰ ਦੇ ਪ੍ਰਤੀਕਰਮ ਵੱਜੋਂ ਸਿੱਖ ਕੋਮ ਨੇ ਖਾੜਕੂ ਪ੍ਰਤੀਕਰਮ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ, ਤਾਂ ਅਨੰਦ ਨੇ ਸਿੱਖਾਂ ਲਈ ਅੱਤਵਾਦੀ, ਵੱਖਵਾਦੀ, ਮੂਲਵਾਦੀ, ਫਿਰਕੂ ਜਨੂੰਨੀ, ਕਾਤਲ ਲੁਟੇਰੇ ਆਦਿ ਉਹ ਕਿਹੜਾ ਲਕਬ ਸੀ ਜੋ ਇਸ ਨੇ ਵਰਤਿਆ ਨਹੀਂ । ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵਿਰੁੱਧ ਅਸ਼ਲੀਲ ਕਿਸਮ ਦਾ ਕੁਫਰ ਤੋਲਿਆ ਗਿਆ। ਜਦ ਜੂਨ 1984 ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ‘ਤੇ ਟੈਕਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਢਾਹ ਦਿੱਤਾ ਅਤੇ ਹਜ਼ਾਰਾ ਬੇਗੁਨਾਹ ਨੌਜੁਆਨ, ਬੱਚੇ ਬੀਬੀਆਂ ਕਤਲ ਕਰ ਦਿੱਤੇ, ਤਾਂ ਆਨੰਦ ਨੇ ਪੂਰੀ ਢੀਠਤਾਈ ਨਾਲ ਇਸ ਕਤਲੇਆਮ ਦੀ ਜੈ ਜੈ ਕਾਰ ਕੀਤੀ।

ਜਦ ਨਵੰਬਰ 1984 ਵਿੱਚ ਦਿੱਲੀ ਵਿੱਚ ਹਿੰਦੂ ਭੀੜਾਂ ਨੇ ਹਜ਼ਾਰਾ ਸਿੱਖਾਂ ਨੂੰ ਗਲਾਂ ਵਿੱਚ ਮੱਚਦੇ ਟਾਇਰ ਪਾ ਪਾ ਸਾੜ ਦਿੱਤਾ ਤਾਂ ਆਨੰਦ ਖੁਸ਼ੀ ਵਿੱਚ ਬਾਘੀਆਂ ਪਾ ਉਠਿਆ। ਉਹ ਇੰਦਰਾਂ ਦੀ ਮੋਤ ‘ਤੇ ਤਾਂ ਸਾਰੀ ਉਮਰ ਕੀਰਨੇ ਪਾਉਦਾ ਰਿਹਾ ਪਰ ਸਿੱਖਾਂ ਦੇ ਕਤਲੇਆਮ ‘ਤੇ ਕੱਛਾਂ ਵਜਾਉਦਾਂ ਰਿਹਾ। ਇੰਦਰਾ ਭਗਤੀ ਵਿੱਚ ਉਹ ਐਨਾ ਕੱਟੜ ਸੀ ਕਿ ਆਪਣੇ ਸਹਿਯੋਗੀਆਂ ਦੀ ਵੱਖਰੀ ਰੈਅ ਵੀ ਬਰਦਾਸ਼ਤ ਨਹੀਂ ਕਰਦਾ ਸੀ।
ਜਦ ‘ਨਵਾਂ ਜ਼ਮਾਨਾਂ’ ਦੇ ਸਟਾਫ ਮੈਂਬਰ ਕਾਮਰੇਡ ਚੈਨ ਸਿੰਘ ਚੈਨ ਅਤੇ ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ ਨੇ ਦਰਬਾਰ ਸਾਹਿਬ ਦੇ ਹਮਲੇ ਅਤੇ ਨਵੰਬਰ 84 ਬਾਰੇ ਆਪਣੀ ਵੱਖਰੀ ਰੈਅ ਪ੍ਰਗਟ ਕੀਤੀ, ਤਾਂ ਆਨੰਦ ਨੇ ਉਹਨਾਂ ਨੂੰ ਜ਼ਲੀਲ ਕਰਕੇ ਅਖਬਾਰ ਵਿੱਚੋ ਕੱਢ ਦਿੱਤਾ ਸੀ। ਭਾਵੇ ਅਖਬਾਰ ਨਵਾਂ ਜ਼ਮਾਨਾ ਦੀ ਵਾਗ ਡੋਰ ਜਗਜੀਤ ਸਿੰਘ ਅਨੰਦ ਦੇ ਹੱਥ ਹੀ ਸੀ ਪਰ ਫਿਰ ਵੀ ਇਹ ਅਖਬਾਰ ਅਧਿਕਾਰਤ ਤੌਰ ਤੇ ਸੀ.ਪੀ.ਆਈ ਦਾ ਸੀ। ਭਾਵੇ ਪਾਰਟੀ ਪੂਰੀ ਤਰਾਂ ਕਾਂਗਰਸ ਦਾ ਜਨਤਕ ਵਿੰਗ ਬਣ ਚੁੱਕੀ ਸੀ ਪਰ ਫਿਰ ਵੀ ਪਾਰਟੀ ਲਈ ਰੋਜ਼ਾਨਾ ਅਖਬਾਰ ਚਲਾਉਣਾ ਮੁਸ਼ਕਲ ਹੋ ਗਿਆ ਸੀ। 1989 ਵਿੱਚ ਪਾਰਟੀ ਨੇ ਅਖਬਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪਰ ਆਨੰਦ ਨੇ ਪਾਰਟੀ ਕੋਲੋ ਅਖਬਾਰ ਆਪਣੇ ਨਿੱਜੀ ਹੱਥਾਂ ਵਿੱਚ ਲੈ ਲਿਆ।

ਅਖਬਾਰ ਮਾਲਕ ਬਣਦਿਆਂ ਹੀ ਉਸ ਨੇ ਪਹਿਲਾ ਕੰਮ ਇਹ ਕੀਤਾ ਕਿ ਜੋ ਚਾਲੀ ਪੰਜਾਹ ਵਰਕਰ ਦਹਾਕਿਆਂ ਤੋ ਘੱਟ ਤਨਖਾਹਾਂ ਲੈ ਕੇ ਅਖਬਾਰ ਦੀ ਸੇਵਾ ਕਰਦੇ ਆ ਰਹੇ ਸਨ, ਉਹਨਾਂ ਨੂੰ ਕੱਢ ਦਿੱਤਾ ਗਿਆ। ਵਰਕਰਾ ਨੇ ਹੜਤਾਲਾਂ ਕੀਤੀਆਂ, ਕੋਰਟਾਂ ਵਿੱਚ ਗਏ ਪਰ ਆਨੰਦ ਨੇ ਪਿਲਸ ਅਤੇ ਸਰਕਾਰ ਦੇ ਜ਼ੋਰ ਨਾਲ ਉਹਨਾਂ ਨੂੰ ਖਦੇੜ ਦਿੱਤਾ।

ਉਸ ਵਕਤ ਪੰਜਾਬ ਵਿੱਚ ਪੁਲਸ ਮੁਖੀ ਕੇ.ਪੀ.ਐਸ ਗਿਲ ਅਤੇ ਗਵਰਨਰ ਸਿਧਾਰਥ ਸੰਕਰ ਰੇਅ ਦੀ ਜੋੜੀ ਮੀਰ ਮੰਨੂੰ ਅਤੇ ਜ਼ਕਰੀਆ ਖਾਨ ਦਾ ਰੂਪ ਧਾਰਕੇ ਹਜ਼ਾਰਾਂ ਸਿੱਖ ਨੌਜੁਆਨਾਂ ਨੂੰ ਕੋਹ ਕੋਹ ਕੇ ਕਤਲ ਕਰ ਰਹੀ ਸੀ, ਪਿੰਡਾਂ ਦੇ ਪਿੰਡ ਪੁਲਿਸ ਸਾੜਸਤੀ ਦਾ ਸ਼ਿਕਾਰ ਸਨ, ਸਿੱਖ ਬੀਬੀਆਂ ਦੀਆਂ ਇੱਜ਼ਤਾਂ ਰੋਲੀਆਂ ਜਾ ਰਹੀਆਂ ਸਨ, ਗੱਲ ਕੀ ਪੰਜਾਬ ਖ਼ੂਨ ਨਾਲ ਭਰੀ ਥਾਲੀ ਵਾਂਗ ਛਲਕ ਰਿਹਾ ਸੀ। ਜਗਜੀਤ ਸਿੰਘ ਅਨੰਦ ਨੇ ‘ਨਵਾਂ ਜ਼ਮਾਨਾ’ ਝੱਟ ਪੰਜਾਬ ਪੁਲਿਸ ਅਤੇ ਭਾਰਤੀ ਸਟੇਟ ਦਾ ਬੁਲਾਰਾ ਬਣਾ ਦਿੱਤਾ। ਪੁਲਿਸ ਵਲੋ ਤਿਆਰ ਕੀਤੇ ਗਏ ਪ੍ਰੈਸ ਨੋਟ, ਹੀ ‘ਨਵਾਂ ਜ਼ਮਾਨਾਂ’ ਦੀਆਂ ਸੁਰਖ਼ੀਆਂ ਬਣਦੇ ਸਨ।

ਪੁਲਿਸ ਵਲੋ ਜਦੋ ਸਿੱਖ ਨੌਜੁਆਨਾਂ ਉਤੇ ਅਣਮਨੁੱਖੀ ਤਸ਼ੱਦਦ ਢਾਹੁਣ ਤੋ ਬਾਅਦ, ਉਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਦਿਖਾਇਆ ਜਾਦਾਂ ਸੀ, ਤਾਂ ‘ਨਵਾਂ ਜ਼ਮਾਨਾ’ ਦੀ ਸੁਰਖ਼ੀ ਹੁੰਦੀ ਸੀ ‘ਅੱਜ ਐਨੇ ਸਿੱਖ ਅੱਤਵਾਦੀ ਮੁਕਾਬਲੇ ‘ਚ ਹਾਲਾਕ’ ਜਾਂ ‘ਅੱਜ ਐਨੇ ਸਿੱਖ ਅੱਤਵਾਦੀ ਪੁਲਸ ਨੇ ਮੁਕਾਬਲੇ ‘ਚ ਢੇਰੀ ਕਰ ਦਿੱਤੇ’ ਜਗਜੀਤ ਸਿੰਘ ਆਨੰਦ ਦੀ ਇਸ ਵਡਮੁੱਲੀ ਸੇਵਾ ਦੇ ਇਵਜ਼ ਵਿੱਚ ਕੇਂਦਰ ਸਰਕਾਰ ਵਲੋ ਪੰਜਾਬ ਵਿੱਚ ਜੋ ਵੀ ਗਵਰਨਰ ਲਾਏ ਜਾਦੇ ਸਨ, ਉਨਾਂ ਵਲੋ ਅਖਬਾਰ ਨੂੰ ਕਰੋੜਾਂ ਰੁਪਏ ਦੀ ਬਖਸ਼ਸ਼ ਆਉਣ ਲੱਗ ਪਈ।

ਜਦ 1992 ਵਿੱਚ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਬਣੀ ਤਾਂ ਸਿੱਖ ਕੋਮ ‘ਤੇ ਵੱਡੇ ਘੱਲੂਘਾਰੇ ਵਾਲੀ ਆਫਤ ਆ ਬਣੀ। ਹੁਣ ਗਵਰਨਰ ਰੇਅ ਦੀ ਥਾਂ ਕੇ.ਪੀ.ਐਸ ਗਿੱਲ ਤੇ ਬੇਅੰਤ ਸਿੰਘ ਦੀ ਜੋੜੀ ਨੇ ਮੀਰ ਮੰਨੂੰ ਅਤੇ ਜ਼ਕਰੀਆਂ ਖ਼ਾਨ ਦਾ ਰੂਪ ਧਾਰ ਲਿਆ ਸੀ। ਪੰਜਾਬ ਦਾ ਹਰ ਥਾਣਾ, ਹਰ ਚੋਂਕੀ ਬੁੱਚੜਖਾਨਿਆਂ ਵਿੱਚ ਤਬਦੀਲ ਹੋ ਗਿਆ। ਪੁਲਿਸ ਵਾਲਿਆਂ ਨੂੰ ਪੂਰੀ ਖੁੱਲ ਸੀ ਕਿ ਉਹ ਭਾਵੇ ਸਿੱਖ ਨੋਜੁਆਨਾਂ ਦੇ ਖੂਨ ਦੀਆਂ ਨਦੀਆਂ ਵਹਾ ਦੇਣ ਉਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਪੁਲਿਸ ਵਾਲਿਆਂ ਨੇ ਮੁੱਛ ਫੁੱਟ ਸਿੱਖ ਨੋਜੁਆਨਾਂ ਨੂੰ ਥਾਣੇ ਲੈ ਆਉਣਾ ਉਨ•ਾ ‘ਤੇ ਅੰਨ•ਾਂ ਤਸ਼ੱਦਦ ਕਰ ਕੇ ਉਮਰ ਭਰ ਲਈ ਨਕਾਰਾ ਬਣਾ ਦੇਣ ਤੋ ਬਾਅਦ ਉਹਨਾਂ ਦੀ ਰਿਹਾਈ ਬਦਲੇ ਵਿਲਕਦੇ ਮਾਪਿਆਂ ਕੋਲੋ ਲੱਖਾ ਰੁਪਏ ਬਟਰੋਨ ਦਾ ਵਪਾਰ ਚਾਲੂ ਕਰ ਲਿਆ ਗਿਆ।

ਤਸ਼ੱਦਦ ਦੌਰਾਨ ਜਿੰਨਾਂ ਨੋਜੁਆਨਾਂ ਦੀ ਮੌਤ ਹੋ ਜਾਦੀ ਸੀ, ਉਨ•ਾਂ ਦਾ ਮੁਕਾਬਲਾ ਬਣਾ ਦਿੱਤਾ ਜਾਦਾਂ ਸੀ ਤੇ ‘ਨਵਾਂ ਜ਼ਮਾਨਾਂ’ ਪੁਲਿਸ ਦੇ ਇਸ ਬੁੱਚੜਪੁਣੇ ਦਾ ਨਿਰਲੱਜ ਵਕੀਲ ਬਣ ਕੇ ਅੱਗੇ ਆਉਂਦਾ ਸੀ । ਖ਼ਬਰ ਦੀ ਸੁਰਖ਼ੀ , ਸੁਰ ਤੇ ਇਬਾਰਤ ਪੁਲਸ ਦੀ ਇੱਛਾ ਦੇ ਅਨਕੂਲ ਹੁੰਦੀ ਸੀ। ਜੇ ਪੁਲਸ ‘ਮੁਕਾਬਲਾ’ ਕਹਿਣਾ ਚਾਹੁੰਦੀ ਸੀ,ਤਾਂ ‘ਨਵਾਂ ਜ਼ਮਾਨਾ’ ਦੀ ਖ਼ਬਰ ਵਿੱਚ ‘ਮੁਕਾਬਲਾ’ ਦਿਖਾ ਦਿੱਤਾ ਜਾਂਦਾ ਸੀ, ਜੇ ਹਿਰਾਸਤ ‘ਚੋ ਫਰਾਰ ਹੋਏ ਦਿਖਾਉਣਾ ਹੁੰਦਾ ਸੀ, ਤਾਂ ‘ਨਵਾਂ ਜ਼ਮਾਨਾਂ’ ਇਸ ਝੂਠ ਨੂੰ ਉਸੇ ਤਰਾਂ ਢੀਠਤਾਈ ਨਾਲ ਸ਼ਿੰਗਾਰ ਕੇ ਪੇਸ਼ ਕਰ ਦਿੰਦਾ ਸੀ।

ਸਿੱਖ ਨੋਜੁਆਨਾ ਨਾਲ ਪੁਲਿਸ ਨੇ ਜੋ ਕੁਝ ਕਰਨਾ ਹੁੰਦਾ ਸੀ, ਉਸ ਦਾ ਪ੍ਰੈਸ ਨੋਟ ਤਿਆਰ ਹੋ ਕੇ ਜਗਜੀਤ ਸਿੰਘ ਆਨੰਦ ਕੋਲ ਪਹਿਲਾਂ ਹੀ ਪਹੁੰਚ ਜਾਂਦਾ ਸੀ । ਕਈ ਵਾਰ ਅਜਿਹੀ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਸੀ ਕਿ ਕਿਸੇ ਕਾਰਨ ਵੱਸ ਉਹ ਐਕਸ਼ਨ ਟਾਲਣਾ ਪੈ ਜਾਂਦਾ ਸੀ ਪਰ ਦੂਜੇ ਦਿਨ ‘ਨਵਾਂ ਜ਼ਮਾਨਾਂ’ ਵਿੱਚ ਐਨੇ ਸਿੱਖ ਅੱਤਵਾਦੀ ਮੁਕਾਬਲੇ ‘ਚ ਹਲਾਕ ਦੀ ਸੁਰਖ਼ੀ ਲੱਗੀ ਹੁੰਦੀ ਸੀ ਜਾਂ ਕਈ ਵਾਰ ਇਸ ਤਰਾਂ ਵੀ ਹੁੰਦਾ ਸੀ ਕਿ ਪੁਲਿਸ ਨੇ ਦਸ ਸਿੱਖ ਨੌਜੁਆਨ ਮਾਰਨੇ ਹੁੰਦੇ ਸਨ ਪਰ ਕਿਸੇ ਪ੍ਰੈਸ਼ਰ ਜਾਂ ਸੌਦੇ ਕਾਰਨ ਦੋ ਛੱਡ ਦਿੱਤੋ ਜਾਂਦੇ ਸਨ। ‘ਨਵਾਂ ਜ਼ਮਾਨੇ’ ਵਿੱਚ ਦਸ ‘ਸਿੱਖ ਅੱਤਵਾਦੀ ਹਾਲਾਕ ਹੋਣ ਦੀ ਖ਼ਬਰ ਹੀ ਛਪੀ ਹੁੰਦੀ ਸੀ। ਸਿੱਖ ਨੌਜੁਆਨਾ ਦਾ ਕਤਲੇਆਮ ਜਗਜੀਤ ਸਿੰਘ ਆਨੰਦ ਅਤੇ ਉਸ ਦੀ ਅਖ਼ਬਾਰੀ ਜੁੰਡਲੀ ਲਈ ਗਾਜਰਾਂ ਮੂਲੀਆਂ ਕੱਟਣ ਵਰਗਾ ਸ਼ੁਗਲ ਸੀ।

ਜਿਥੇ ਇਕ ਪਾਸੇ ਪੰਜਾਬ ਲਹੂ ਦਾ ਭਰਿਆ ਛੱਪੜ ਬਣਿਆ ਦਿਖਾਈ ਦੇਣ ਲੱਗਾ ਸੀ, ਉਥੇ ਜਗਜੀਤ ਸਿੰਘ ਆਨੰਦ ਦਾ ‘ਨਵਾਂ ਜ਼ਮਾਨਾਂ’ ਪੂਰੇ ਸਰੂਰ ਵਿੱਚ ਆ ਕੇ ਇਸ ਖੂਨ ਦੇ ਸੋਹਿਲੇ ਗਾ ਰਿਹਾ ਸੀ ਤੇ ਪੁਲਸ ਵਾਲਿਆਂ ਕੋਲੋ ਬੇਹਿਸਾਬਾ ਕਾਲਾ ਧਨ ਹਿੱਸੇ ਪੱਤੀਆਂ ਦੇ ਰੂਪ ਵਿੱਚ ਬਟੋਰ ਰਿਹਾ ਸੀ । ਪੁਲਿਸ ਵਾਲੇ ਖੁਦ ‘ਨਵਾਂ ਜ਼ਮਾਨਾਂ’ ਦੀਆਂ ਕਾਪੀਆਂ ਪਿੰਡ ਪਿੰਡ ਵੰਡਦੇ ਸਨ ਕਿਉਂਕਿ ਇਹੋ ਅਖ਼ਬਾਰ ਸਿੱਖ ਨੌਜੁਆਨਾ ਦੇ ਕਤਲੇਆਮ ਨੂੰ ਵਾਜਬੀਅਤ ਪ੍ਰਦਾਨ ਕਰ ਰਿਹਾ ਸੀ।

ਇਸ ਤੋ ਇਲਾਵਾ ਸ਼੍ਰੋਮਣੀ ਬੁੱਚੜ {super cop} ਕੇ.ਪੀ.ਐਸ ਗਿੱਲ ਦੇ ਆਦੇਸ਼ਾਂ ਉੱਤੇ ਪੰਚਾਇਤਾਂ ਲਈ ਵੀ ਇਸ ਅਖ਼ਬਾਰ ਨੂੰ ਲਾਜ਼ਮੀ ਖਰੀਦਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆ। ਜਗਜੀਤ ਸਿੰਘ ਆਨੰਦ ਨੇ ਸਿੱਖਾਂ ਦੀ ਨਸਲਕੁਸ਼ੀ (Genocide) ਕਰਵਉਣ ਲਈ ਅਸੰਭਵ ਹੱਦ ਤੱਕ ਹਰ ਹਰਬਾ ਵਰਤਿਆ ਹੈ। ਉਸ ਨੇ ਇਕੱਲੀ ਕਲਮ ਦੀ ਵਰਤੋ ਨਹੀਂ ਕੀਤੀ, ਜ਼ੁਬਾਨ ਵਰਤੋ ਵੀ ਹੱਦੋ ਵੱਧ ਕੀਤੀ ਹੈ। ਕੇਂਦਰ ਸਰਕਾਰ ਨੇ ਆਨੰਦ ਨੂੰ ਜੈਡ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ, ਲਾਲ ਬੱਤੀ ਵਾਲੀ ਗੱਡੀ ਵਿੱਚ ਬੈਠੇ ਆਨੰਦ ਦੇ ਅੱਗੇ ਪਿੱਛੇ ਹਥਿਆਰ ਬੰਦ ਪੁਲਸੀਆਂ ਦੀਆਂ ਪੰਜ ਚਾਰ ਜਿਪਸੀਆਂ ਹੁੰਦੀਆਂ ਸਨ।
ਉਹ ਪਿੰਡਾਂ ਵਿੱਚ ਸਰਕਾਰ ਵੱਲੋ ਕੀਤੇ ਇਕੱਠਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ, ਸਿੱਖ ਖਾੜਕੂਆਂ, ਅਤੇ ਅਕਾਲੀ ਲੀਡਰਾਂ ਲਈ ਗਾਲੀ ਗਲੋਚ ਵਾਲੀ ਭਾਸ਼ਾ ਵਰਤਦਾ ਸੀ। ਉਸ ਨੇ ਪਾਰਟੀ ਕੇਡਰ ਨੂੰ ਪੁਲਸ ਦੇ ਟਾਊਟ ਬਣਾਅ ਦਿੱਤਾ ਸੀ ਅਤੇ ਪਿਲਸ ਨੇ ਉਹਨਾਂ ਨੂੰ ਖੁਲੇਆਮ ਹਥਿਆਰ ਅਤੇ ਮਾਇਆ ਦੇ ਗੱਫੇ ਵਰਤਾਏ ਸਨ। ਇਸ ਤਰਾਂ ਕਰਕੇ ਆਨੰਦ ਨੇ ਪਿੰਡਾਂ ਵਿੱਚ ਖਾਨਾ ਜੰਗੀ ਵਾਲਾ ਮਹੋਲ ਪੈਦਾ ਕਰ ਦਿੱਤਾ ਸੀ।

ਸਿੱਖ ਖਾੜਕੂਆਂ ਦੀ ਲੜਾਈ ਤਾਂ ਸਰਕਾਰ ਨਾਲ ਸੀ, ਪਰ ਆਨੰਦ ਨੇ ਇਸ ਨੂੰ ਹਿੰਦੂ ਸਿੱਖ ਦੀ ਲੜਾਈ ਵਿੱਚ ਬਦਲ ਦਿੱਤਾ ਸੀ। ਜਦ ਕੇ.ਪੀ.ਐਸ ਗਿੱਲ ਨੇ ਚੰਡੀਗੜ ਵਿੱਚ ਇੱਕ ਆਈ. ਏ.ਐਸ ਅਫਸਰ ਬੀਬੀ ਰੂਪਨ ਦਿਓਲ ਬਜਾਜ ਨਾਲ ਅਸ਼ਲੀਲ ਛੇੜਖਾਨੀ ਕੀਤੀ, ਤਾਂ ਜਗਜੀਤ ਸਿੰਘ ਆਨੰਦ ਕੇ.ਪੀ.ਐਸ ਗਿੱਲ ਦੀ ਪਿੱਠ ‘ਤੇ ਆ ਗਿਆ। ਉਸ ਨੇ ਗਿੱਲ ਦੀ ਇਖਲਾਕੋਂ ਗਿਰੀ ਹਰਕਾਤ ਨੂੰ ਵਾਜਬ ਠਹਿਰਾਉਣ ਲਈ ਬੀਬੀ ਬਜਾਜ ਨੂੰ ‘ਲੁੱਚੀ ਤੇ ਬਦਕਾਰ’ ਤੱਕ ਕਹਿ ਮਾਰਿਆ, ਜੋ ਗਿੱਲ ‘ਤੇ ਝੂਠੇ ਇਲਜ਼ਾਮ ਲਾਉਂਦੀ ਹੈ। ਆਨੰਦ ਨੇ ਬੇਹਯਾਈ ਨਾਲ ਇਥੋ ਤੱਕ ਕਿਹਾ ਕਿ ਪੁਲਸ ਦੇ ਬਲਾਤਕਾਰ ਵਰਗੇ ਸਭ ਗੁਨਾਹ ਮਾਫ ਕਰ ਦੇਣੇ ਚਾਹੀਦੇ ਹਨ ਤਾਂ ਕਿ ਇਹਨਾਂ ਦਾ ‘ਮਨੋਬਲ’ ਕਾਇਮ ਰਹੇ। ਆਨੰਦ ਨੂੰ ਕੇ.ਪੀ.ਐਸ ਗਿੱਲ ਦੇ ਮਨੋਬਲ ਅਤੇ ਮਨੋਰੰਜਨ ਦਾ ਐਨਾ ਫ਼ਿਕਰ ਸੀ ਕਿ ਉਹ ਆਪਣੇ ਕਿਸੇ ਅੱਤ ਪਿਆਰੇ ਜੀਅ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਸੀ । ਗਿੱਲ ਦੇ ਮਨੋਬਲ ਅਤੇ ਮਨੋਰੰਜਨ ਲਈ ਉਹ ਨੀਚ ਤੋਂ ਨੀਚ ਕਰਮ ਵੀ ਕਰ ਸਕਦਾ ਸੀ।

ਜਦ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਨੇ ਫਰਾਂਸ ਤੋ ਆਈ ਲੜਕੀ ਕਾਤੀਆ ਨੂੰ ਚੰਡੀਗੜ ਤੋਂ ਅਗਵਾ ਕਰ ਲਿਆ ਸੀ ਤਾਂ ਆਨੰਦ ਨੇ ਗੁਰਕੀਰਤ ਦੇ ਇਸ ‘ਕਾਰਨਾਮੇ’ ਦੀ ਰੱਜਵੀਂ ਸ਼ਲਾਘਾ ਕਰਦਿਆਂ ਫਰਾਂਸੀਸੀ ਲੜਕੀ ਦੀ ਕਿਰਦਾਰਕੁਸ਼ੀ ਕੀਤੀ ਸੀ। ਜਗਜੀਤ ਸਿੰਘ ਆਨੰਦ ਪੁਲਿਸ ਅਫਸਰਾਂ ਤੋ ਤਾਂ ਕਰੋੜਾਂ ਰੁਪਏ ਬਟੋਰ ਹੀ ਰਿਹਾ ਸੀ, ਉਸ ਦੀ ਸੇਵਾ ਬਦਲੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਸ ਨੂੰ ਜਲੰਧਰ ਦੇ ਜੇ.ਪੀ ਨਗਰ ਵਿੱਚ ਬਹੁਮੁੱਲਾ ਪਲਾਟ ਭੇਟ ਕਰ ਦਿੱਤਾ ਜੋ ਪਿੱਛੇ ਜਿਹੇ ਹੀ ਕਰੋੜਾਂ ਦਾ ਵੇਚਿਆ ਗਿਆ ਹੈ। ਜਿਸ ਬਾਰੇ ਦਸਤਾਵੇਜੀ ਸਬੂਤ ਮਿਲ ਸਕਦੇ ਹਨ।

ਖਾੜਕੂਵਾਦ ਦੇ ਖਾਤਮੇ ਤੋ ਬਾਅਦ ਜਦ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਸਿੱਖਾ ਦੀ ਨਸਲਕੁਸ਼ੀ ਦੀ ਅਵਾਜ਼ ਅੰਤਰਰਾਸ਼ਟਰੀ ਪੱਧਰ ‘ਤੇ ਉਠਾਈ ਤਾਂ ਇਹ ਅਵਾਜ਼ ਤਕੜੇ ਜਨਤਕ ਦਬਾਓ ਦਾ ਰੂਪ ਧਾਰਨ ਕਰ ਗਈ ਤਾਂ ਕੇਂਦਰ ਸਰਕਾਰ ਵੱਲੋ ਕਰਵਾਈ ਗਈ ਸੀ.ਬੀ.ਆਈ ਜਾਂਚ ਵਿੱਚ ਅਫਸਰਾਂ ਸਮੇਤ ਪੰਜਾਬ ਪੁਲਿਸ ਦੇ ਚਾਰ ਸੌ ਮੁਲਾਜ਼ਮਾ ਨੂੰ ਵਧੀਕੀਆਂ ਕਰਨ ਦੇ ਦੋਸ਼ੀ ਠਹਿਰਾਇਆ ਗਿਆ, ਅਤੇ ਕੇਸ ਦਰਜ਼ ਕਰਨ ਦੀ ਸਿਫਾਰਸ਼ ਕੀਤੀ ਗਈ।

ਪਰ ਕਾਮਰੇਡ ਜਗਜੀਤ ਸਿੰਘ ਆਨੰਦ ਖੁੱਲ ਕੇ ਇਹਨਾਂ ਦੋਸ਼ੀ ਮੁਲਾਜ਼ਮਾਂ ਦੀ ਪਿੱਠ ‘ਤੇ ਆ ਗਿਆ ਕਿ ਇਹ ਤਾਂ ‘ਸੂਰਮੇ’ ਹਨ, ਇਹਨਾਂ ਨੂੰ ਤਾਂ ਸਗੋਂ ਸਨਮਾਨਤ ਕੀਤੇ ਜਾਣਾ ਚਾਹੀਦਾ ਹੈ। ਦੋਸ਼ੀ ਪੁਲਿਸ ਮੁਲਾਜ਼ਮ ਝੱਟਪੱਟ ਹੀ ਸ਼ੇਰ ਬਣ ਗਏ। ਉਹਨਾਂ ਨੇ ‘ਜ਼ਿੰਦਾ ਸ਼ਹੀਦ ਪਲਸ ਐਸੋਸੀਏਸਨ’ ਦਾ ਗਠਨ ਕਰ ਲਿਆ, ਜੋ ਜਗਜੀਤ ਸਿੰਘ ਆਨੰਦ ਅਤੇ ਉਸ ਦੇ ਲੈਫਟੀਨੈਂਟ ਇਕ ਸੀਨੀਅਰ ਸਬ ਐਡੀਟਰ ਦੇ ਖੋਚਰੀ ਦਿਮਾਗ ਦੀ ਕਾਢ ਸੀ। ‘ਜ਼ਿੰਦਾ ਸ਼ਹੀਦ ਪੁਲਸ ਐਸ਼ੋਸੀਏਸਨ’ ਦੇ ਨਾਂਅ ਹੇਠ ਅਜਿਹੇ ਧਮਕੀ ਭਰੇ ਬਿਆਨ ਅਖ਼ਬਾਰਾ ਵਿੱਚ ਆਉਣੇ ਸ਼ੁਰੂ ਹੋ ਗਏ ਕਿ ‘ਜੇ ਸਰਕਾਰ ਨੇ ਸਾਡੇ ਕੇਸ ਵਾਪਸ ਨਾ ਲਏ ਤਾਂ ਉਹ ਬਹਾਦਰੀ ਮੈਡਲ ਵਾਪਸ ਕਰਨਗੇ’ (ਇਹ ਮੈਡਲ ਸਿੱਖ ਨੌਜੁਆਨਾ ਦੇ ਨਰਸ਼ੰਘਾਰ ਕਰਨ ਬਦਲੇ ਮਿਲੇ ਹੋਏ ਸਨ) ਪੁਲਿਸ ਦੇ ਅਜਿਹੇ ਬਿਆਨ ਆਨੰਦ ਦੇ ਲੈਫਟੀਨੈਂਟ ਸਬ ਐਡੀਟਰ ਵੱਲੋ ਜਾਰੀ ਕੀਤੇ ਜਾਂਦੇ ਸਨ।
ਇਹੋ ਹੀ ਨਹੀਂ, ਇਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਕੇਸ ਖਾਰਜ ਕਰਵਉਣ ਲਈ ਆਨੰਦ ਅਤੇ ਉਸ ਦੇ ਲੈਫਟੀਨੈਟ ਸਬ ਐਡੀਟਰ ਨੇ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਗ੍ਰਹਿ ਮੰਤਰੀ ਅਡਵਾਨੀ ਕੋਲ ਵੀ ਪਹੁੰਚ ਕੀਤੀ ਸੀ। ਅੱਜ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜੁਆਨ ਲਾਪਤਾ ਹਨ ਪਰ ਉਹਨਾਂ ਬਾਰੇ ਜਗਜੀਤ ਸਿੰਘ ਆਨੰਦ ਅਤੇ ਉਸ ਦੇ ਲੈਫਟੀਨੈਂਟ ਸਬ ਐਡੀਟਰ ਨੂੰ ਭੋਰਾ ਭੋਰਾ ਪਤਾ ਸੀ ਕਿ ਕਿਹੜੇ ਮੁੰਡੇ ਨੂੰ ਕਦੋਂ, ਕਿਥੇ ਤੇ ਕਿਹੜੇ ਪੁਲਿਸ ਵਾਲੇ ਨੇ ‘ਗੱਡੀ ‘ ਚਾੜਿਆ ਹੈ। ਕਿਉਕਿ ਪੁਲਿਸ ਵਾਲੇ ਇਨਾਂ ਕੋਲ ਖਾਧਾ ਪੀਤਾ ਸਾਰਾ ਉਗਲੱਛ ਦਿੰਦੇ ਸਨ।

ਜਗਜੀਤ ਸਿੰਘ ਆਨੰਦ ਤਾਂ ਤੁਰ ਗਿਆ ਹੈ ਪਰ ਉਸ ਦੇ ਲੈਫਟੀਨੈਟ ਸਬ ਐਡੀਟਰ ਨੂੰ ਰੱਬ ਵਾਸਤਾ ਹੈ ਕਿ ਉਹ ਲਾਪਤਾ ਮੁੰਡਿਆਂ ਬਾਰੇ ਸਿਰਫ ਇਨਾਂ ਹੀ ਕਹਿ ਦੇਵੇ ਕਿ ਉਹ ਤਾਂ ‘ਗੱਡੀ ਚਾੜ ਦਿਤੇ’ ਨੇ ਤਾਂ ਉਹਨਾਂ ਹਜ਼ਾਰਾ ਮਾਵਾਂ ਨੂੰ ਸਬਰ ਆ ਜਾਵੇ ਜੋ ਅੱਜ ਵੀ ਸੁੱਕੀਆ ਅੱਖਾਂ ਨਾਲ ਘਰੋ ਤੁਰ ਗਏ ਪੁੱਤਰਾ ਨੂੰ ਕਿਸੇ ਖਲਾਅ ਵਿੱਚੋ ਉਡੀਕ ਰਹੀਆਂ ਹਨ। ਕਾਮਰੇਡ ਆਨੰਦ ਅਤੇ ਉਸ ਦੇ ਲੈਫਟੀਨੈਟ ਸਬ ਐਡੀਟਰ ਨੇ ਹੀ ਕੇ.ਪੀ.ਐਸ ਗਿੱਲ ਨੂੰ ਇਹ ਰਣਨੀਤੀ ਸਮਝਾਈ ਸੀ ਕਿ ਸਿੱਖ ਨੌਜੁਆਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਰਦੀਧਾਰੀ ਪੁਲਿਸ ਮੁਲਾਜਮਾਂ ਦੀ ਥਾਂ ਸਿਵਲ ਕੱਪੜਿਆਂ ਵਿੱਚ ਚੁੱਕਿਆ ਜਾਇਆ ਕਰੇ, ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਚੁੱਕਣ ਵਾਲੇ ਕੋਣ ਸਨ।

ਤਰਨਤਾਰਨ ਦੇ ਐਸ.ਐਸ.ਪੀ ਅਜੀਤ ਸਿੰਘ ਸੰਧੂ ਨੂੰ ਇਹ ਸਿੱਖ ਮੱਤ ਵੀ ਆਨੰਦ ਅਤੇ ਉਸ ਦੇ ਲੈਫਟੀਨੈਟ ਨੇ ਹੀ ਦਿੱਤੀ ਸੀ ਸਿੱਖ ਨੌਜੁਆਨਾ ਨੂੰ ਚੁੱਕ ਕੇ ਨਾ ਤਾਂ ਉਹਨਾਂ ਦਾ ਮੁਕਾਬਲਾ ਬਣਾਇਆ ਜਾਵੇ, ਨਾ ਹੀ ਹਿਰਾਸਤ ‘ਚੋ ਫਰਾਰ ਦਿਖਾਇਆ ਜਾਵੇ, ਖਤਮ ਕਰਕੇ ਹੁਸੈਨੀ ਵਾਲੇ ਦੇ ਪੁਲ ਤੋ ਸਤਲੁਜ ਵਿੱਚ ਰੋੜ ਦਿੱਤਾ ਜਾਇਆ ਕਰੇ।

‘ਨਾ ਰਹੇ ਬਾਂਸ, ਨਾ ਵੱਜੇ ਬੰਸਰੀ’।
ਕਾਮਰੇਡ ਆਨੰਦ ਦੀ ਸਿੱਖਾਂ ਵਰਗੀ ਘੱਟ ਗਿਣਤੀ ਕੌਮ ਨਾਲ ਹੀ ਦੁਸ਼ਮਣੀ ਨਹੀ ਸੀ, ਜੰਮੂ ਕਸ਼ਮੀਰ ਦੇ ਮੁਸਲਮਾਨਾਂ, ਅਤੇ ਉਤਰ ਪੂਰਬੀ ਖੇਤਰ ਦੇ ਨਾਗਾ ਮੀਜੋ ਵੀ ਉਸ ਲਈ ਅੱਤਵਾਦੀ ਸਨ। ਹੋਰ ਤਾਂ ਹੋਰ ਸ਼੍ਰੀ ਲੰਕਾਂ ਦੇ ਤਾਮਿਲ ਵੀ ਉਸ ਲਈ ਅੱਤਵਾਦੀ ਸਨ।

ਭਾਵੇ ਆਨੰਦ ਤਾਂ ਇੱਕ ਵਿਕਲੋਤਰੀ ਮਿਸਾਲ ਹੈ ਪਰ ਨਕਸਲੀਆਂ ਸਮੋਤ ਹਰ ਰੰਗ ਦੇ ਕਾਮਰੇਡ ਸਰਕਾਰ ਦੇ ਹੱਥ ਠੋਕੇ ਕਿਵੇ ਬਣ ਗਏ, ਸਿੱਖ ਚਿੰਤਕਾਂ ਨੇ ਇਸ ਦੀ ਥਾਹ ਪਾਅ ਲਈ ਹੈ । ਸਿੱਖ ਕੌਮ ਨੂੰ ਉਸ ਵਲੋ ਸਿੱਖਾਂ ਦੀ ਨਸਲਕੁਸ਼ੀ ਵਿੱਚ ਨਿਭਾਈ ਗਈ ਭੂਮਿਕਾ ਨੂੰ ਕਦੇ ਭੁੱਲਣਾ ਨਹੀ ਚਾਹੀਦਾ। ਉਹਨਾਂ ਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ‘ਨਵਾਂ ਜ਼ਮਾਨਾਂ’ ਅਖ਼ਬਾਰ ਦਾ ਹੈਡਿੰਗ ਲਾਲ ਸਿਆਹੀ ਨਾਲ ਨਹੀ ਸੀ ਛਪਿਆ ਹੁੰਦਾ, ਇਹ ਸਿੱਖ ਨੌਜੁਆਨਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਹੈ।

ਰਾਜਵਿੰਦਰ ਸਿੰਘ ਰਾਹੀ
9815751332