Breaking News

Jalandhar – ਜਲੰਧਰ ਵਿਚ ਚੱਲੀਆਂ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

Jalandhar – ਜਲੰਧਰ ਵਿਚ ਚੱਲੀਆਂ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

ਮਕਸੂਦਾਂ (ਜਲੰਧਰ) 12 ਮਈ, – ਜਲੰਧਰ ਵਿਚ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਮਕਸੂਦਾਂ ਮੰਡੀ ਵਿਚ ਮੰਗਲਵਾਰ ਸ਼ਾਮ ਫੰਡ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਇਸ ਕਦਰ ਵੱਧ ਗਿਆ ਕਿ ਗੋਲੀਆਂ ਚੱਲ ਪਈਆਂ। ਇਸ ਘਟਨਾ ਵਿਚ ਭਾਜਪਾ ਆਗੂ ਮੋਨੂ ਪੁਰੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮਕਸੂਦਾਂ ਮੰਡੀ ਵਿਚ ਇਕ ਫੰਡ ਨੂੰ ਲੈ ਕੇ ਮੋਨੂ ਪੁਰੀ ਅਤੇ ਇਕ ਹੋਰ ਆੜਤੀ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਮੰਗਲਵਾਰ ਸ਼ਾਮ ਕਰੀਬ 5 ਵਜੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤਿੱਖੀ ਬਹਿਸ ਤੋਂ ਬਾਅਦ ਮੋਨੂ ਪੁਰੀ ਨਾਲ ਆਏ ਕੁਝ ਨੌਜਵਾਨਾਂ ਨੇ ਜ਼ਮੀਨ ਵੱਲ ਫਾਇਰਿੰਗ ਕਰ ਦਿੱਤੀ।

ਘਟਨਾ ਦੌਰਾਨ ਕਰੀਬ ਚਾਰ ਗੋਲੀਆਂ ਚੱਲੀਆਂ, ਜਿਨ੍ਹਾਂ ਵਿਚੋਂ ਇਕ ਗੋਲੀ ਮੋਨੂ ਪੁਰੀ ਦੇ ਪੈਰ ਵਿੱਚ ਲੱਗੀ, ਜਦਕਿ ਦੂਜੀ ਗੋਲੀ ਉਸਦੇ ਇਕ ਸਾਥੀ ਦੇ ਪੈਰ ਵਿੱਚ ਜਾ ਲੱਗੀ। ਗੋਲੀਆਂ ਚੱਲਣ ਨਾਲ ਮੰਡੀ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ਼ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।