Breaking News

Patiala ED Raid: ਪਟਿਆਲਾ ਤੋਂ ਚੱਲਦੇ ਫਰਜ਼ੀ ਕਾਲ ਸੈਂਟਰ ਤੋਂ ਅਮਰੀਕੀਆਂ ਨਾਲ ਕਰੋੜਾਂ ਦੀ ਠੱਗੀ, ਈਡੀ ਵੱਲੋਂ 4 ਗ੍ਰਿਫ਼ਤਾਰ

Patiala ED Raid: ਪਟਿਆਲਾ ਤੋਂ ਚੱਲਦੇ ਫਰਜ਼ੀ ਕਾਲ ਸੈਂਟਰ ਤੋਂ ਅਮਰੀਕੀਆਂ ਨਾਲ ਕਰੋੜਾਂ ਦੀ ਠੱਗੀ, ਈਡੀ ਵੱਲੋਂ 4 ਗ੍ਰਿਫ਼ਤਾਰ

ਅਪਰਾਧ ਦੀ ਕੁੱਲ ਕਮਾਈ 261 ਕਰੋੜ ਰੁਪਏ ਦੱਸੀ ਗਈ ਹੈ

 

 

 

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪਟਿਆਲਾ,ਚੰਡੀਗੜ੍ਹ/ਮੁਹਾਲੀ ਅਤੇ ਹੈਦਰਾਬਾਦ ਤੋਂ ਚੱਲ ਰਹੇ ਕਾਲ ਸੈਂਟਰਾਂ ਰਾਹੀਂ ਕਈ ਅਮਰੀਕੀ ਨਾਗਰਿਕਾਂ ਨਾਲ ਕਥਿਤ ਠੱਗੀ ਮਾਰਨ ਵਾਲੇ ਇੱਕ ਅੰਤਰਰਾਸ਼ਟਰੀ ਧੋਖਾਧੜੀ ਗਿਰੋਹ ਦੇ ਸਬੰਧ ਵਿੱਚ ਪਟਿਆਲਾ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

 

 

ਕਥਿਤ ਮੁਲਜ਼ਮ,ਜਿਨ੍ਹਾਂ ਦੀ ਪਛਾਣ ਹਰਸ਼ਿਲ ਨਯਨਭਾਈ ਰਾਵਲ, ਜਸਵੰਤ ਸਿੰਘ,ਚੇਤਨ ਮੁੰਜਾਲ ਅਤੇ ਪ੍ਰਣਵ ਪਿਠਾੜੀਆ ਵਜੋਂ ਹੋਈ ਹੈ,ਨੂੰ ਬੁੱਧਵਾਰ ਨੂੰ ਪਟਿਆਲਾ ਦੇ ਦੋ ਟਿਕਾਣਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ, ਏਜੰਸੀ ਵੱਲੋਂ ਸਥਾਨਕ ਅਦਾਲਤ ਤੋਂ ਉਨ੍ਹਾਂ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੈਦਰਾਬਾਦ ਲਿਜਾਇਆ ਗਿਆ।

 

 

 

 

ਇਹ ਗੈਂਗ ਪਹਿਲਾਂ ਤਿਲੰਗਾਨਾ ਦੇ ਹੈਦਰਾਬਾਦ ਦੇ ਇੱਕ ਪ੍ਰਮੁੱਖ ਉਪ-ਸ਼ਹਿਰੀ ਇਲਾਕੇ ਅਤੇ ਤਕਨਾਲੋਜੀ ਹੱਬ ਮਾਧਾਪੁਰ ਵਿੱਚ ਇੱਕ ਧੋਖਾਧੜੀ ਵਾਲਾ ਕਾਲ ਸੈਂਟਰ ਚਲਾ ਰਿਹਾ ਸੀ। ਪੁਲੀਸ ਛਾਪੇਮਾਰੀ ਤੋਂ ਬਾਅਦ,ਦੋਸ਼ੀਆਂ ਨੇ ਕਥਿਤ ਤੌਰ ‘ਤੇ ਆਪਣਾ ਕੰਮਕਾਜ ਪਟਿਆਲਾ ਵਿੱਚ ਤਬਦੀਲ ਕਰ ਲਿਆ ਸੀ।

 

 

 

 

 

ਈਡੀ ਨੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਧੋਖਾਧੜੀ ਕਰਨ ਅਤੇ ਅਪਰਾਧ ਤੋਂ ਕਮਾਈ ਗਈ ਰਕਮ ਨੂੰ ਖੁਰਦ-ਬੁਰਦ (ਮਨੀ ਲਾਂਡਰਿੰਗ) ਕਰਨ ਦੇ ਦੋਸ਼ਾਂ ਹੇਠ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA),2002 ਦੀ ਧਾਰਾ 19(1) ਤਹਿਤ ਗ੍ਰਿਫ਼ਤਾਰ ਕੀਤਾ ਹੈ।

 

 

 

ਇਸ ਤੋਂ ਪਹਿਲਾਂ,ਵਿਕਾਸ ਨਿਮਾਰ ਨੂੰ 27 ਜੁਲਾਈ,ਤਾਰਾਚੰਦ ਨਿਮਾਰ ਨੂੰ 5 ਅਗਸਤ ਅਤੇ ਇਮਰਾਨ ਅਸਗਰੀ ਨੂੰ 10 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਾਜ਼ਾ ਗ੍ਰਿਫ਼ਤਾਰੀਆਂ ਨਾਲ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।

 

 

 

 

ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ 15 ਸਤੰਬਰ ਨੂੰ ਪੀਐੱਮਐੱਲਏ (PMLA) ਦੀ ਧਾਰਾ 17 ਤਹਿਤ ਪਟਿਆਲਾ,ਪੁਣੇ ਅਤੇ ਚੰਡੀਗੜ੍ਹ ਵਿੱਚ ਚਾਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ,ਪਟਿਆਲਾ ਵਿੱਚ ਦੋ ਅਤੇ ਪੁਣੇ ਵਿੱਚ ਇੱਕ ਕਾਲ ਸੈਂਟਰ ਚੱਲਦਾ ਪਾਇਆ ਗਿਆ,ਜਿਨ੍ਹਾਂ ਵਿੱਚ ਲਗਪਗ 220 ਵਿਅਕਤੀ ਕੰਮ ਕਰ ਰਹੇ ਸਨ।

 

 

 

 

 

ਏਜੰਸੀ ਨੇ ਪਾਇਆ ਹੈ ਕਿ ਗੈਂਗ ਨੇ ਕਥਿਤ ਤੌਰ ‘ਤੇ ਅਪਰਾਧ ਤੋਂ ਕਮਾਏ ਪੈਸੇ ਨੂੰ ਰੀਅਲ ਅਸਟੇਟ,ਸੋਨੇ, ਵਾਹਨਾਂ ਅਤੇ ਵੱਖ-ਵੱਖ ਕਾਰੋਬਾਰਾਂ ਵਿੱਚ ਲਗਾਇਆ। ਅਪਰਾਧ ਦੀ ਕੁੱਲ ਕਮਾਈ 261 ਕਰੋੜ ਰੁਪਏ ਦੱਸੀ ਗਈ ਹੈ, ਜਿਸ ਵਿੱਚੋਂ ਇੱਕ ਹਿੱਸਾ ਚੰਡੀਗੜ੍ਹ ਦੇ ਆਲੇ-ਦੁਆਲੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ ਦੱਸਿਆ ਗਿਆ ਹੈ।

 

 

 

 

 

ਜਾਂਚ ਦੌਰਾਨ, ਈਡੀ ਨੇ 79 ਡਿਜੀਟਲ ਉਪਕਰਨਾਂ ਦੀ ਫੋਰੈਂਸਿਕ ਜਾਂਚ ਕੀਤੀ ਅਤੇ ਕਾਲ-ਸੈਂਟਰ ਚੈਟ,ਲੇਜ਼ਰ, ਕਾਲ ਡਾਟਾ, ਪੀੜਤਾਂ ਦੇ ਵੇਰਵੇ ਅਤੇ ਕ੍ਰਿਪਟੋਕਰੰਸੀ ਵਾਲਿਟ ਬਰਾਮਦ ਕੀਤੇ। ਛਾਪੇਮਾਰੀ ਦੌਰਾਨ ਪਟਿਆਲਾ ਤੋਂ ਜਾਅਲੀ ਸਰਕਾਰੀ ਦਸਤਾਵੇਜ਼ ਅਤੇ ਜਾਅਲੀ ਸ਼ਨਾਖਤੀ ਕਾਰਡ ਵੀ ਜ਼ਬਤ ਕੀਤੇ ਗਏ।

 

 

 

 

ਈਡੀ ਅਧਿਕਾਰੀਆਂ ਨੇ ਪਾਇਆ ਸੀ ਕਿ ਗੈਂਗ ਨੇ ਕਥਿਤ ਤੌਰ ‘ਤੇ ਵਿਅਕਤੀਆਂ ਦੇ ਨਾਂ, ਪਤੇ ਅਤੇ ਉਮਰ ਦੇ ਨਾਲ-ਨਾਲ ਲਗਭਗ 20 ਲੱਖ (ਦੋ ਮਿਲੀਅਨ) ਅਮਰੀਕੀ ਟੈਲੀਫ਼ੋਨ ਨੰਬਰ ਖਰੀਦੇ ਸਨ। ਨਿਸ਼ਾਨਾ ਬਣਾਏ ਗਏ ਬਹੁਤ ਸਾਰੇ ਵਿਅਕਤੀ ਬਜ਼ੁਰਗ ਨਾਗਰਿਕ ਸਨ। ਇਹ ਡਾਟਾ ਜਰਮਨੀ ਅਤੇ ਫਿਨਲੈਂਡ ਦੇ ਸਰਵਰਾਂ ‘ਤੇ ਹੋਸਟ ਕੀਤੇ ਆਟੋ-ਡਾਇਲਰਾਂ ‘ਤੇ ਅਪਲੋਡ ਕੀਤਾ ਗਿਆ ਸੀ।

 

 

 

 

 

 

ਹੁਣ ਤੱਕ, ਜਾਂਚਕਰਤਾਵਾਂ ਨੇ 549 ਪੀੜਤਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ 1940 ਦੇ ਦਹਾਕੇ ਵਿੱਚ ਪੈਦਾ ਹੋਏ ਸਨ। ਈਡੀ ਨੇ ਦੱਸਿਆ ਕਿ 6,463 ਅਮਰੀਕੀ ਟੈਲੀਫ਼ੋਨ ਨੰਬਰਾਂ ‘ਤੇ ਕਥਿਤ ਤੌਰ ‘ਤੇ ਕਾਲਾਂ ਜਾਂ ਸੁਨੇਹੇ ਭੇਜੇ ਗਏ ਸਨ।

ਅੱਗੇ ਦੀ ਜਾਂਚ ਜਾਰੀ ਹੈ।