ਸਟੇਜ ਤੋਂ ਚੁਟਕਲੇ ਸੁਣਾਉਣ ਨਾਲ ਪੰਜਾਬ ਖ਼ੁਸ਼ਹਾਲ ਨਹੀਂ ਹੋਣਾ; ਕੇਜਰੀਵਾਲ ਤੇ ਮਾਨ ਮੋਗਾ ਰੈਲੀ ’ਚ ਭਾਜਪਾ ਦੇ ਪੰਜੇ ਸਵਾਲਾਂ ਤੋਂ ਭੱਜੇ: ਅਨਿਲ ਸਰੀਨ
ਸਟੇਜ ਤੋਂ ਚੁਟਕਲੇ ਸੁਣਾਉਣ ਨਾਲ ਪੰਜਾਬ ਖ਼ੁਸ਼ਹਾਲ ਨਹੀਂ ਹੋਣਾ; ਕੇਜਰੀਵਾਲ ਤੇ ਮਾਨ ਮੋਗਾ ਰੈਲੀ ’ਚ ਭਾਜਪਾ ਦੇ ਪੰਜੇ ਸਵਾਲਾਂ ਤੋਂ ਭੱਜੇ: ਅਨਿਲ ਸਰੀਨ
ਮੁੱਖ ਮੰਤਰੀ ਨੇ 5 ਸਾਲਾ ਰਿਪੋਰਟ ਕਾਰਡ ਰੈਲੀ ਨੂੰ ਸਟੈਂਡ-ਅੱਪ ਕਾਮੇਡੀ ਬਣਾਇਆ; ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਉਦਯੋਗ ਲਈ ਕੋਈ ਠੋਸ ਐਲਾਨ ਨਹੀਂ
ਸਰਕਾਰੀ ਖ਼ਜ਼ਾਨੇ ਦੇ ਕਰੋੜਾਂ ਰੁਪਏ ਉਡਾ ਕੇ ਤੇ 2,960 ਬੱਸਾਂ ਰੋਕ ਕੇ 5 ਸਾਲਾਂ ਦਾ ਕੁਸ਼ਾਸਨ ਨਹੀਂ ਲੁਕ ਸਕਦਾ; ਪੰਜਾਬੀ 2027 ’ਚ ‘ਆਪ’ ਨੂੰ ਦਿੱਲੀ ਵਾਂਗ ਸਬਕ ਸਿਖਾਉਣਗੇ
ਚੰਡੀਗੜ੍ਹ, 26 ਨਵੰਬਰ 2026- ਸਿਆਸੀ ਸਟੇਜਾਂ ਤੋਂ ਚੁਟਕਲੇ ਸੁਣਾਉਣ ਅਤੇ ਬਿਨਾਂ ਕਿਸੇ ਠੋਸ ਐਲਾਨ ਦੇ ਪੰਜਾਬ ਕਦੇ ਖ਼ੁਸ਼ਹਾਲ ਨਹੀਂ ਬਣ ਸਕਦਾ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਅੱਜ ਇੱਥੇ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ। ਸਾਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੋਗਾ ਰੈਲੀ ਨੂੰ ਸਿਰਫ਼ ਖੋਖਲੇ ਨਾਟਕ ਤੱਕ ਸੀਮਤ ਕਰ ਦਿੱਤਾ ਅਤੇ ਪੰਜ ਸਾਲਾਂ ਦੇ ਸ਼ਾਸਨ ਰਿਕਾਰਡ ’ਤੇ ਭਾਜਪਾ ਵੱਲੋਂ ਪੁੱਛੇ ਗਏ ਪੰਜ ਸਿੱਧੇ ਸਵਾਲਾਂ ਵਿੱਚੋਂ ਇੱਕ ਦਾ ਵੀ ਜਵਾਬ ਦੇਣ ਤੋਂ ਪੂਰੀ ਤਰ੍ਹਾਂ ਕੰਨੀ ਕਤਰਾ ਗਏ।
ਮੋਗਾ ਵਿਖੇ ਹੋਈ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਦੇ ਭਾਸ਼ਣਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਰੀਨ ਨੇ ਕਿਹਾ ਕਿ ਜਦੋਂ ਪੰਜਾਬ ਭਰ ਵਿੱਚੋਂ ਸਰਕਾਰੀ ਬੱਸਾਂ ਰਾਹੀਂ ਲਿਆਂਦੇ ਗਏ ਲੋਕ ਆਪਣੇ ਰੋਜ਼ਾਨਾ ਦੇ ਦੁੱਖਾਂ-ਤਕਲੀਫ਼ਾਂ ਦੇ ਹੱਲ ਅਤੇ ਠੋਸ ਨੀਤੀਗਤ ਐਲਾਨਾਂ ਦੀ ਉਡੀਕ ਕਰ ਰਹੇ ਸਨ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਰਵਾਇਤੀ ਚੁਟਕਲੇਬਾਜ਼ੀ ਅਤੇ ਘੜੀਆਂ-ਘੜਾਈਆਂ ਪੰਚਲਾਈਨਾਂ ਦਾ ਸਹਾਰਾ ਲਿਆ। ਉਨ੍ਹਾਂ ਕਿਹਾ, “ਪੰਜਾਬ ਨਸ਼ਿਆਂ ਦੀ ਓਵਰਡੋਜ਼, ਫ਼ਿਰੌਤੀਆਂ ਦੀ ਦਹਿਸ਼ਤ ਅਤੇ ਵਧਦੇ ਕਰਜ਼ੇ ਦੇ ਬੋਝ ਹੇਠ ਲਹੂ-ਲੁਹਾਣ ਹੈ, ਪਰ ਮੁੱਖ ਮੰਤਰੀ ਰਾਜ ਪ੍ਰਬੰਧ ਨੂੰ ਕਾਮੇਡੀ ਦਾ ਮੰਚ ਸਮਝ ਰਹੇ ਹਨ। ਨਾ ਕੇਜਰੀਵਾਲ ਅਤੇ ਨਾ ਹੀ ਮਾਨ ਨੇ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਸਰਕਾਰੀ ਮੁਲਾਜ਼ਮਾਂ ਜਾਂ ਵਪਾਰੀਆਂ ਲਈ ਇੱਕ ਵੀ ਸਾਰਥਕ ਐਲਾਨ ਕੀਤਾ। ਸਟੇਜੀ ਚੁਟਕਲਿਆਂ ਅਤੇ ਸਟੈਂਡ-ਅੱਪ ਕਾਮੇਡੀ ਨਾਲ ਨਾ ਕਿਸੇ ਮਾਂ ਦੇ ਹੰਝੂ ਪੂੰਝੇ ਜਾ ਸਕਦੇ ਹਨ, ਨਾ ਬਕਾਏ ਮਿਲਦੇ ਹਨ ਅਤੇ ਨਾ ਹੀ ਪੰਜਾਬ ਖ਼ੁਸ਼ਹਾਲ ਬਣਦਾ ਹੈ।”
ਸਰੀਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਭਾਜਪਾ ਦੀ ਪੰਜ-ਨੁਕਾਤੀ ਚਾਰਜਸ਼ੀਟ ’ਤੇ ਸਾਧੀ ਗਈ ਮੁਕੰਮਲ ਚੁੱਪ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ‘ਆਪ’ ਸਰਕਾਰ ਹਰ ਮੋਰਚੇ ’ਤੇ ਦੋਸ਼ੀ ਹੈ:
— ਨਸ਼ਿਆਂ ’ਤੇ ਕੋਈ ਜਵਾਬ ਨਹੀਂ: ਤਿੰਨ ਮਹੀਨਿਆਂ ਵਿੱਚ ਨਸ਼ਾ ਜੜ੍ਹੋਂ ਖ਼ਤਮ ਕਰਨ ਦੀ ਗਾਰੰਟੀ ਦੇਣ ਵਾਲੀ ‘ਆਪ’ ਦੇ ਕਰੀਬ ਪੰਜ ਸਾਲ ਪੂਰੇ ਹੋਣ ਮਗਰੋਂ ਵੀ ਪੰਜਾਬ ਅੰਦਰ ਨਸ਼ਿਆਂ ਦੀ ਹੋਮ ਡਿਲੀਵਰੀ ਕਿਉਂ ਹੋ ਰਹੀ ਹੈ ਅਤੇ ਰੋਜ਼ਾਨਾ ਨੌਜਵਾਨ ਕਿਉਂ ਮਰ ਰਹੇ ਹਨ, ਇਸ ਦਾ ਕੇਜਰੀਵਾਲ ਜਾਂ ਮਾਨ ਕੋਲ ਕੋਈ ਜਵਾਬ ਨਹੀਂ ਸੀ।
— ਕਾਨੂੰਨ-ਵਿਵਸਥਾ ’ਤੇ ਕੋਈ ਜਵਾਬ ਨਹੀਂ: ਗੈਂਗਸਟਰਾਂ ਅਤੇ ਫ਼ਿਰੌਤੀ ਮਾਫ਼ੀਆ ਦਾ ਰਾਜ ਕਿਉਂ ਚੱਲ ਰਿਹਾ ਹੈ, ਤਰਨ ਤਾਰਨ ਵਿੱਚ ਲੰਗਰ ਤਿਆਰ ਕਰਦੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਕਿਉਂ ਮਾਰੀਆਂ ਜਾ ਰਹੀਆਂ ਹਨ, ਅਤੇ ਪੁਲਿਸ ਮੁਲਾਜ਼ਮਾਂ ਤੇ ਸੱਤਾਧਾਰੀ ਪਾਰਟੀ ਦੇ ਸਰਪੰਚਾਂ ਦੇ ਪਰਿਵਾਰ ਵੀ ਸੁਰੱਖਿਅਤ ਕਿਉਂ ਨਹੀਂ ਹਨ, ਇਸ ’ਤੇ ਦੋਵੇਂ ਆਗੂ ਪੂਰੀ ਤਰ੍ਹਾਂ ਖ਼ਾਮੋਸ਼ ਰਹੇ।
— ਭ੍ਰਿਸ਼ਟਾਚਾਰ ’ਤੇ ਕੋਈ ਜਵਾਬ ਨਹੀਂ: ਦੋਵੇਂ ਆਗੂ ਇਸ ਗੱਲ ਤੋਂ ਭੱਜ ਗਏ ਕਿ ਜ਼ਮੀਨਾਂ ਅਤੇ ਬਦਲੀਆਂ ਦੇ ਘਪਲਿਆਂ ਵਿੱਚ ਸੀਨੀਅਰ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਨੂੰ ਈਡੀ ਦੇ ਸੰਮਨ ਕਿਉਂ ਭੁਗਤਣੇ ਪੈ ਰਹੇ ਹਨ, ਅਤੇ ਪੀਪੀਐੱਸਸੀ ਪੀਸੀਐੱਸ ਤੋਂ ਲੈ ਕੇ ਪੀਐੱਸਐੱਸਐੱਸਬੀ ਅਤੇ ਪੀਐੱਸਆਰਐੱਲਐੱਮ ਤੱਕ ਦੀਆਂ ਵੱਡੀਆਂ ਭਰਤੀ ਪ੍ਰੀਖਿਆਵਾਂ ਹਾਈਕੋਰਟ ਦੀਆਂ ਰੋਕਾਂ ਅਤੇ ਵਿਜੀਲੈਂਸ ਜਾਂਚਾਂ ਦੇ ਘੇਰੇ ਵਿੱਚ ਕਿਉਂ ਫਸੀਆਂ ਹੋਈਆਂ ਹਨ।
— ਕਰਜ਼ੇ ਅਤੇ ਮੁਲਾਜ਼ਮਾਂ ਦੇ ਬਕਾਇਆਂ ’ਤੇ ਕੋਈ ਜਵਾਬ ਨਹੀਂ: ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਪਾਰ ਕਿਵੇਂ ਪਹੁੰਚ ਗਿਆ, ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਲਈ ਚਾਰ ਸਾਲਾਂ ਤੋਂ ਵੱਧ ਸਮਾਂ ਕਿਉਂ ਤਰਸਾਇਆ ਗਿਆ, ਅਤੇ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜਨਵਰੀ 2026 ਤੋਂ ਬਣਦਾ 7ਵਾਂ ਪੰਜਾਬ ਤਨਖ਼ਾਹ ਕਮਿਸ਼ਨ ਅਜੇ ਤੱਕ ਕਿਉਂ ਨਹੀਂ ਦਿੱਤਾ ਗਿਆ, ਇਸ ਦਾ ਉਨ੍ਹਾਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।
— ਫ਼ਜ਼ੂਲ ਇਸ਼ਤਿਹਾਰਬਾਜ਼ੀ ’ਤੇ ਕੋਈ ਜਵਾਬ ਨਹੀਂ: ਪੰਜਾਬ ਦੇ ਖ਼ਾਲੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਸਿਹਤ, ਸਿੱਖਿਆ ਅਤੇ ਖੇਤੀਬਾੜੀ ’ਤੇ ਖ਼ਰਚਣ ਦੀ ਬਜਾਏ ਗੁਜਰਾਤ ਅਤੇ ਦੱਖਣੀ ਰਾਜਾਂ ਵਿੱਚ ਨਿੱਜੀ ਪ੍ਰਚਾਰ ਵਾਲੇ ਇਸ਼ਤਿਹਾਰਾਂ ’ਤੇ ਕਿਉਂ ਉਡਾਏ ਗਏ, ਇਸ ਸਵਾਲ ਨੂੰ ਉਹ ਚਲਾਕੀ ਨਾਲ ਦਬਾ ਗਏ।
ਅਨਿਲ ਸਰੀਨ ਨੇ ਕਿਹਾ ਕਿ ਪਾਰਟੀ ਦੇ ਸਥਾਪਨਾ ਦਿਵਸ ਦੇ ਦਿਖਾਵੇ ਲਈ 2,960 ਸਰਕਾਰੀ ਬੱਸਾਂ ਨੂੰ ਜ਼ਬਰੀ ਰੋਕਣਾ ਅਤੇ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਕਰਨਾ—ਜਿਸ ਕਾਰਨ ਪ੍ਰਸ਼ਾਸਨ ਨੂੰ ਹਾਈਕੋਰਟ ਵਿੱਚ ਵੀ ਸ਼ਰਮਸਾਰ ਹੋਣਾ ਪਿਆ—ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਗੱਠਜੋੜ ਤੋਂ ਬਾਅਦ ‘ਆਪ’ ਵਿੱਚ ਪੈਦਾ ਹੋਈ ਡੂੰਘੀ ਬੁਖਲਾਹਟ ਦਾ ਸਬੂਤ ਹੈ। ਉਨ੍ਹਾਂ ਅਖ਼ੀਰ ਵਿੱਚ ਕਿਹਾ, “ਪੰਜਾਬ ਦੇ ਲੋਕ ਟੈਕਸਦਾਤਾਵਾਂ ਦੇ ਪੈਸੇ ਨਾਲ ਰਚੇ ਗਏ ਇਸ ਖੋਖਲੇ ਤਮਾਸ਼ੇ ਅਤੇ ਬਿਨਾਂ ਐਲਾਨਾਂ ਵਾਲੀ ਡਰਾਮੇਬਾਜ਼ੀ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਜਿਸ ਤਰ੍ਹਾਂ ਦਿੱਲੀ ਦੇ ਵੋਟਰਾਂ ਨੇ ‘ਆਪ’ ਦੇ ਖੋਖਲੇ ਨਾਅਰਿਆਂ ਦੀ ਰਾਜਨੀਤੀ ਨੂੰ ਰੱਦ ਕੀਤਾ ਸੀ, ਉਸੇ ਤਰ੍ਹਾਂ ਪੰਜਾਬੀ ਵੀ ਇਸ ਨਿਕੰਮੀ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।”
Punjab Spectrum