Kapurthala ’ਚ ਘਰੇਲੂ ਕਲੇਸ਼ ਕਾਰਨ ਮਹਿਲਾ ਵੱਲੋਂ ਤਿੰਨ ਬੱਚਿਆਂ ਸਮੇਤ ਜ਼ਹਿਰ ਨਿਗਲਣ ਦੀ ਕੋਸ਼ਿਸ਼; ਇਕ ਬੱਚੀ ਦੀ ਮੌਤ
ਪਿੰਡ ਮੱਲੂ ਕਾਦਰਾ ਵਿਖੇ ਘਰੇਲੂ ਝਗੜੇ ਕਾਰਨ ਇਕ ਪ੍ਰਵਾਸੀ ਔਰਤ ਨੇ ਕਥਿਤ ਤੌਰ ‘ਤੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਇਲਾਜ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ ਤੇ ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲਵਕੁਸ਼ ਕੁਮਾਰ ਵਾਸੀ ਮੱਲੂ ਕਾਦਰਾਬਾਦ ਨੇ ਦੱਸਿਆ ਕਿ ਅੱਜ ਉਹ ਜਦੋਂ ਰਾਤ ਸਮੇਂ ਘਰ ਆਇਆ ਤਾਂ ਉਸ ਦੀ ਪਤਨੀ ਸੰਤੋਸ਼ ਦੇਵੀ ਉਲਟੀਆਂ ਕਰ ਰਹੀ ਸੀ ਤੇ ਉਨ੍ਹਾਂ ਕੋਲ ਇਕ ਕੀਟਨਾਸ਼ਕ ਦਵਾਈ ਦੀ ਸ਼ੀਸ਼ੀ ਪਈ ਹੋਈ ਸੀ ਤੇ ਬੱਚੇ ਵੀ ਅੱਧ ਬੇਹੋਸ਼ੀ ਦੀ ਹਾਲਤ ਵਿਚ ਸਨ।
ਉਸ ਨੇ ਤੁਰੰਤ ਐਬੂਲੈਂਸ ਦੀ ਸਹਾਇਤਾ ਨਾਲ ਪਤਨੀ ਸੰਤੋਸ਼ ਦੇਵੀ, 8 ਅਤੇ 6 ਸਾਲ ਦੀਆਂ ਬੱਚੀਆਂ ਅਤੇ ਦੋ ਸਾਲਾਂ ਬੱਚੇ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੈਸੀ ਵਾਰਡ ਵਿਚ ਦਾਖ਼ਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਕਰਨਪ੍ਰੀਤ ਸਿੰਘ ਵਲੋਂ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ, ਪਰ ਇਕ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਡਿਊਟੀ ਡਾਕਟਰ ਨੇ ਬਾਕੀ ਤਿੰਨਾਂ ਦੀ ਹਾਲਤ ਗੰਭੀਰ ਦੇਖਦਿਆਂ ਮੁਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
Punjab Spectrum