FIFA World Cup 2026 Canada:
ਫੀਫਾ ਵੱਲੋਂ ਵੱਡਾ ਫੈਸਲਾ, 2026 ਵਰਲਡ ਕੱਪ ਦੌਰਾਨ ਸਿੱਖ ਦਰਸ਼ਕਾਂ ਨੂੰ ਕਿਰਪਾਨ ਲਿਜਾਣ ਦੀ ਆਗਿਆ
ਇਹ ਫੈਸਲਾ ਵਰਲਡ ਸਿੱਖ ਆਰਗਨਾਈਜ਼ੇਸ਼ਨ (WSO) ਵੱਲੋਂ ਕੀਤੀਆਂ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਲਿਆ ਗਿਆ ਹੈ। ਫੀਫਾ ਨੇ ਸੁਰੱਖਿਆ ਅਤੇ ਧਾਰਮਿਕ ਅਜ਼ਾਦੀ ਵਿਚ ਸੰਤੁਲਨ ਬਣਾਉਂਦੇ ਹੋਏ ਕੁਝ ਸਪਸ਼ਟ ਨਿਯਮ ਵੀ ਜਾਰੀ ਕੀਤੇ ਹਨ।
FIFA World Cup 2026 Canada: ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਅਤੇ ਸਾਕਾਰਾਤਮਕ ਫੈਸਲੇ ਦੇ ਤਹਿਤ, ਫੀਫਾ ਨੇ ਪੁਸ਼ਟੀ ਕੀਤੀ ਹੈ ਕਿ 2026 ਫੁੱਟਬਾਲ ਵਰਲਡ ਕੱਪ ਦੌਰਾਨ ਕੈਨੇਡਾ ਦੇ ਮੇਜ਼ਬਾਨ ਸ਼ਹਿਰਾਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਸਿੱਖ ਦਰਸ਼ਕਾਂ ਨੂੰ ਆਪਣੇ ਧਾਰਮਿਕ ਨਿਸ਼ਾਨ ਕਿਰਪਾਨ ਨਾਲ ਸਟੇਡੀਅਮ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
ਇਹ ਫੈਸਲਾ ਵਰਲਡ ਸਿੱਖ ਆਰਗਨਾਈਜ਼ੇਸ਼ਨ (WSO) ਵੱਲੋਂ ਕੀਤੀਆਂ ਲੰਬੇ ਸਮੇਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਲਿਆ ਗਿਆ ਹੈ। ਫੀਫਾ ਨੇ ਸੁਰੱਖਿਆ ਅਤੇ ਧਾਰਮਿਕ ਅਜ਼ਾਦੀ ਵਿਚ ਸੰਤੁਲਨ ਬਣਾਉਂਦੇ ਹੋਏ ਕੁਝ ਸਪਸ਼ਟ ਨਿਯਮ ਵੀ ਜਾਰੀ ਕੀਤੇ ਹਨ।
ਕੀ ਹਨ ਨਵੇਂ ਨਿਯਮ?
ਫੀਫਾ ਦੇ ਨਵੇਂ ਨਿਯਮਾਂ ਮੁਤਾਬਕ:
ਕਿਰਪਾਨ ਸਿੱਖ ਧਰਮ ਦੇ ਹੋਰ ਚਾਰ ਕੱਕਾਰਾਂ ਨਾਲ ਹੀ ਪਹਿਨੀ ਹੋਣੀ ਲਾਜ਼ਮੀ ਹੈ
ਕਿਰਪਾਨ ਦੀ ਧਾਰ 10 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ
ਕਿਰਪਾਨ ਹਮੇਸ਼ਾਂ ਮਿਆਨ ਵਿੱਚ ਸੁਰੱਖਿਅਤ ਤਰੀਕੇ ਨਾਲ ਹੋਵੇ
ਕਿਰਪਾਨ ਨੂੰ ਗਾਤਰਾ ਨਾਲ ਲਗਾ ਕੇ ਕਪੜਿਆਂ ਦੇ ਹੇਠਾਂ ਪਹਿਨਣਾ ਜ਼ਰੂਰੀ ਹੋਵੇਗਾ
ਫੀਫਾ ਨੇ ਟੋਰਾਂਟੋ ਅਤੇ ਵੈਨਕੂਵਰ ਦੇ ਸਟੇਡੀਅਮ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਇਸ ਨੀਤੀ ਬਾਰੇ ਜਾਣਕਾਰੀ ਦੇ ਦਿੱਤੀ ਹੈ, ਤਾਂ ਜੋ ਸਿੱਖ ਦਰਸ਼ਕਾਂ ਲਈ ਦਾਖ਼ਲਾ ਪ੍ਰਕਿਰਿਆ ਸੌਖੀ ਅਤੇ ਆਦਰਪੂਰਵਕ ਬਣਾਈ ਜਾ ਸਕੇ।
ਸਿੱਖ ਸੰਸਥਾਵਾਂ ਵੱਲੋਂ ਸਵਾਗਤ
ਵਰਲਡ ਸਿੱਖ ਆਰਗਨਾਈਜ਼ੇਸ਼ਨ ਨੇ ਇਸ ਫੈਸਲੇ ‘ਤੇ ਖੁਸ਼ੀ ਜਤਾਈ ਹੈ ਅਤੇ ਕੈਨੇਡਾ ਦੇ ਵੱਖ-ਵੱਖ ਪੱਧਰਾਂ ‘ਤੇ ਕੰਮ ਕਰ ਰਹੇ ਨੇਤਾਵਾਂ ਅਤੇ ਸਿੱਖ ਕਾਕਸ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।
ਸੰਸਥਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਸਿੱਖ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਦੀ ਪਹਿਚਾਣ ਦਾ ਪ੍ਰਤੀਕ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਵਿਸ਼ਵ ਪੱਧਰ ਦੇ ਇਵੈਂਟ ਵੀ ਸਭ ਲਈ ਖੁੱਲ੍ਹੇ ਅਤੇ ਸਮਾਨ ਹੋ ਸਕਦੇ ਹਨ।
2026 ਦਾ ਫੀਫਾ ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ। ਇਸ ਫੈਸਲੇ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਵੀ ਆਪਣੀ ਧਾਰਮਿਕ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਇਸ ਵਿਸ਼ਵ ਪੱਧਰੀ ਖੇਡ ਮੇਲੇ ਦਾ ਹਿੱਸਾ ਬਣ ਸਕਣ।
WSO ਨੇ ਇਹ ਵੀ ਕਿਹਾ ਕਿ ਉਹ ਅੱਗੇ ਵੀ ਦੁਨੀਆ ਭਰ ਵਿੱਚ ਸਿੱਖਾਂ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ।
Punjab Spectrum