Breaking News

UK – “ਨਕਲੀ ਨਿਹੰਗਾਂ ਤੋਂ ਸਾਵਧਾਨ”

UK – “ਨਕਲੀ ਨਿਹੰਗਾਂ ਤੋਂ ਸਾਵਧਾਨ”

ਯੂਕੇ (ਇੰਗਲੈਂਡ) ਦੀਆਂ ਸਿੱਖ ਜਥੇਬੰਦੀਆਂ ਦੋਸ਼ ਲਾ ਰਹੀਆਂ ਹਨ ਕਿ ਇੱਕ 18 ਸਾਲਾ ਗੋਰੇ ਨੌਜਵਾਨ ਦਾ ਕਿਰਚ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ 23 ਸਾਲਾ ਸਿੱਖ ਨੌਜਵਾਨ ਵਿਕਰਮ ਡਿਗਵਾ ਯੂਕੇ ਅਧਾਰਤ ਸਨਾਤਨੀ ਨਿਹੰਗ ਨਿਡਰ ਸਿੰਘ ਦਾ ਪੈਰੋਕਾਰ ਸੀ।

ਡਿਗਵਾ ਦੀ ਇਸ ਹਰਕਤ ਤੋਂ ਬਾਅਦ ਯੂਕੇ ਦੇ ਗੋਰੇ ਨਸਲਵਾਦੀ ਸਿੱਖਾਂ ਦੀ ਗਾਤਰੇ ਵਾਲੀ ਕਿਰਪਾਨ ‘ਤੇ ਪਾਬੰਦੀ ਮੰਗ ਰਹੇ ਹਨ, ਜਿਨ੍ਹਾ ਦਾ ਸਾਥ ਸੋਸ਼ਲ ਮੀਡੀਏ ‘ਤੇ ਸਰਗਰਮ ਹਿੰਦੂਤਵੀ ਅਤੇ ਮੁਲਾਣੇ ਦੇ ਰਹੇ ਹਨ।

ਨਿਡਰ ਸਿੰਘ ਆਪਣੇ ਆਪ ਨੂੰ “ਸਨਾਤਨ ਸ਼ਸਤਰ ਵਿੱਦਿਆ” ਦਾ ਪ੍ਰਚਾਰਕ ਦੱਸਦਾ ਹੈ ਅਤੇ ਹਿੰਦੂਤਵ ਵਿਚਾਰਧਾਰਾ ਦੀ ਸ਼ਰੇਆਮ ਹਮਾਇਤ ਲਈ ਜਾਣਿਆ ਜਾਂਦਾ ਹੈ।

ਯੂਕੇ ਦੇ ਸਿੱਖ ਲੰਮੇ ਅਰਸੇ ਤੋਂ ਖਦਸ਼ਾ ਪ੍ਰਗਟਾ ਰਹੇ ਸਨ ਕਿ ਨਿਡਰ ਸਿੰਘ ਵਰਗੇ ਲੋਕ ਸਿੱਖ ਨੌਜਵਾਨਾਂ ਦੇ ਦਿਮਾਗ ਖਰਾਬ ਕਰਕੇ ਪੁੱਠੇ ਰਾਹ ਤੋਰ ਸਕਦੇ ਹਨ। ਇਸ ਮਾਮਲੇ ‘ਚ ਵੀ ਨਿਡਰ ਸਿੰਘ ਨਾਲ ਵਿਕਰਮ ਡਿਗਵਾ ਦੀ ਨੇੜਤਾ ਨੂੰ ਹੋਰ ਜਾਂਚਣ ਦੀ ਲੋੜ ਹੈ, ਬੇਸ਼ੱਕ ਇਸ ਕਾਰਜ ਵਾਸਤੇ ਯੂਕੇ ਦੀਆਂ ਜਾਂਚ ਏਜੰਸੀਆਂ ਦੀ ਮਦਦ ਵੀ ਲਈ ਜਾਵੇ।

ਸਿੱਖ ਸੰਸਥਾਵਾਂ ਨੂੰ ਉਨ੍ਹਾਂ ਵਿਅਕਤੀਆਂ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ, ਜੋ ਆਪਣੇ ਆਪ ਨੂੰ ਸਿੱਖ ਵਜੋਂ ਪੇਸ਼ ਕਰਦੇ ਹੋਏ ਹਿੰਦੂਤਵ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ। ਅਜਿਹੇ ਲੋਕ ਸਿੱਖ ਭਾਈਚਾਰੇ ਅੰਦਰ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਅਦ ਵਿੱਚ ਉਸ ਪ੍ਰਭਾਵ ਦੀ ਵਰਤੋਂ ਕੌਮ ‘ਚ ਫਾਲਤੂ ਮੁੱਦੇ ਚੁੱਕ ਕੇ ਵੰਡ ਪਾਉਣ, ਗਲਤ ਜਾਣਕਾਰੀ ਫੈਲਾਉਣ, ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖ ਭਾਈਚਾਰੇ ਵਿਰੁੱਧ ਵੈਰ-ਵਿਰੋਧ ਦਾ ਮਾਹੌਲ ਬਣਾਉਣ ਲਈ ਕਰਦੇ ਹਨ।

ਬੀਤੇ ਵਿੱਚ ਕੈਨੇਡਾ-ਅਮਰੀਕਾ ਦੇ ਕਈ ਮਾਪਿਆਂ ਨੇ ਸਾਡੇ ਤੱਕ ਪਹੁੰਚ ਕਰਕੇ ਦੱਸਿਆ ਹੈ ਕਿ ਇੱਥੇ ਵੀ ਅਜਿਹੇ ਕਈ ਟੋਲੇ ਸਰਗਰਮ ਹਨ, ਜੋ ਨਿਹੰਗ ਸਿੰਘਾਂ ਦੇ ਭੇਸ ‘ਚ ਵਿਚਰ ਕੇ ਸਿੱਖ ਨੌਜਵਾਨਾਂ ਨੂੰ ਭੰਗ ਛਕਣ, ਸ਼ਰਾਬ ਪੀਣ, ਪਾਰਕਾਂ ਵਿੱਚ ਬੈਠੇ ਖਰਗੋਸ਼ਾਂ-ਕਬੂਤਰਾਂ ਦਾ ਸ਼ਿਕਾਰ ਕਰਨ, ਬੇਗਾਨੀਆਂ ਜਨਾਨੀਆਂ ਨਾਲ ਸਬੰਧ ਬਣਾਉਣ ਦੀਆਂ ਖੁੱਲ੍ਹਾਂ ਦੇ ਰਹੇ ਹਨ।

ਕੌਮ ਵਿੱਚ ਖਾਲਸਈ ਫੌਜਾਂ, ਨਿਹੰਗ ਸਿੰਘਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਕਾਰਨ ਕਈ ਸਿੱਖ ਘਰਾਂ ਦੇ ਬੱਚੇ ਅਜਿਹੇ ਨਕਲੀ ਸਨਾਤਨੀ ਨਿਹੰਗਾਂ ਦੇ ਹੱਥੇ ਚੜ੍ਹ ਸਕਦੇ ਹਨ।
ਇਸ ਤੋਂ ਪਹਿਲਾਂ ਕਿ ਯੂਕੇ ਵਰਗੀ ਕੋਈ ਕਰਤੂਤ ਕੈਨੇਡਾ-ਅਮਰੀਕਾ ‘ਚ ਹੋਵੇ, ਸਥਾਨਕ ਸਿੱਖ ਜਥੇਬੰਦੀਆਂ, ਖਾਸਕਰ ਅਸਲੀ ਨਿਹੰਗ ਸਿੰਘ ਜਾਗਣ ਤੇ ਇਸ ਪਾਸੇ ਧਿਆਨ ਦੇ ਕੇ ਮੌਕਾ ਸੰਭਾਲਣ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ