Ravneet Bittu ਨੇ ਵਿਵਾਦਿਤ ਬਿਆਨ ‘ਤੇ ਮੰਗੀ ਮੁਆਫ਼ੀ, ਕਿਹਾ-ਕਿਸੇ ਭਾਈਚਾਰੇ ਦੀ ਭਾਵਨਾ ਠੇਸ ਪਹੁੰਚਾਉਣ ਦਾ ਨਹੀਂ ਸੀ ਇਰਾਦਾ
Ravneet Bittu Apology News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਆਪਣੇ ਹਾਲੀਆ ਵਿਵਾਦਿਤ ਬਿਆਨ ਸਬੰਧੀ ਸਫਾਈ ਦਿੱਤੀ।
Ravneet Bittu Apology News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਆਪਣੇ ਹਾਲੀਆ ਵਿਵਾਦਿਤ ਬਿਆਨ ਸਬੰਧੀ ਸਫਾਈ ਦਿੱਤੀ ਅਤੇ ਜਨਤਕ ਤੌਰ ‘ਤੇ ਮੁਆਫ਼ੀ ਵੀ ਮੰਗੀ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਮੂੰਹੋਂ ਨਿਕਲੇ ਕੁਝ ਸ਼ਬਦਾਂ ਕਾਰਨ ਜੇ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਖੇਦ ਪ੍ਰਗਟ ਕਰਦੇ ਹਨ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਹੋਵੇ, ਇਸ ਲਈ ਵਿਸ਼ੇਸ਼ ਧਿਆਨ ਰੱਖਣਗੇ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮਿਸ਼ਨ ਜਾਂ ਸਬੰਧਤ ਅਥਾਰਟੀ ਉਨ੍ਹਾਂ ਨੂੰ ਸੱਦਾ ਦਿੰਦੀ ਹੈ ਤਾਂ ਉਹ ਖੁਦ ਜਾ ਕੇ ਆਪਣਾ ਪੱਖ ਰੱਖਣਗੇ ਅਤੇ ਲੋੜ ਪੈਣ ‘ਤੇ ਲਿਖਤੀ ਰੂਪ ਵਿੱਚ ਵੀ ਮੁਆਫ਼ੀ ਮੰਗਣਗੇ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਕਦੇ ਵੀ ਕਿਸੇ ਐਸਸੀ, ਓਬੀਸੀ, ਹਿੰਦੂ, ਸਿੱਖ ਜਾਂ ਹੋਰ ਕਿਸੇ ਭਾਈਚਾਰੇ ਨੂੰ ਘੱਟ ਦਿਖਾਉਣ ਦਾ ਇਰਾਦਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਘਟਨਾ ਦੌਰਾਨ ਇਹ ਵਿਵਾਦਿਤ ਸ਼ਬਦ ਨਿਕਲੇ, ਉਸ ਸਮੇਂ ਮਾਹੌਲ ਕਾਫੀ ਗਰਮ ਸੀ ਅਤੇ ਉੱਥੇ ਪੁਲਿਸ ਅਤੇ ਹੋਰ ਲੋਕਾਂ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਸੀ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਲੰਮੇ ਸਮੇਂ ਤੱਕ ਅਜਿਹੇ ਹਲਕਿਆਂ ਤੋਂ ਲੋਕ ਪ੍ਰਤੀਨਿਧੀ ਰਹੇ ਹਨ ਜਿੱਥੇ ਐਸਸੀ ਭਾਈਚਾਰੇ ਦੀ ਵੱਡੀ ਵਸੋਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਸਿਆਸੀ ਜੀਵਨ ਵਿੱਚ ਹਮੇਸ਼ਾ ਹਰ ਵਰਗ ਅਤੇ ਭਾਈਚਾਰੇ ਦਾ ਸਤਿਕਾਰ ਕੀਤਾ ਗਿਆ ਹੈ। ਉਨ੍ਹਾਂ ਯਾਦ ਕਰਵਾਇਆ ਕਿ ਉਹ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਰ ਭਾਈਚਾਰੇ ਨਾਲ ਮਿਲਕੇ ਸ਼ਾਮਲ ਹੁੰਦੇ ਰਹੇ ਹਨ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਉਹ ਸਾਰੀਆਂ ਸਮਾਜਿਕ ਸੰਸਥਾਵਾਂ, ਐਨਜੀਓਜ਼, ਡੇਰਿਆਂ ਅਤੇ ਧਾਰਮਿਕ ਆਗੂਆਂ ਤੋਂ ਵੀ ਮੁਆਫ਼ੀ ਮੰਗਦੇ ਹਨ ਜੇ ਉਨ੍ਹਾਂ ਦੇ ਕਿਸੇ ਬਿਆਨ ਕਾਰਨ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ।
ਉਨ੍ਹਾਂ ਕਿਹਾ ਕਿ ਉਹ ਚਾਹੇ ਕਿਸੇ ਧਾਰਮਿਕ ਅਸਥਾਨ ਜਾਂ ਡੇਰੇ ਵਿੱਚ ਜਾ ਕੇ ਵੀ ਆਪਣਾ ਖੇਦ ਪ੍ਰਗਟ ਕਰਨ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਦੇ ਮਨ ‘ਤੇ ਇਸ ਗੱਲ ਦਾ ਭਾਰ ਹੈ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਲਿਆ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਾਜਪਾ ਦੀ ਅਗਵਾਈ ਬਾਰੇ ਦਿੱਤੇ ਗਏ ਬਿਆਨਾਂ ਸਬੰਧੀ ਪੁੱਛੇ ਗਏ ਸਵਾਲ ‘ਤੇ ਬਿੱਟੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸਾਰੇ ਆਗੂ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਦੇ ਤਜਰਬੇਕਾਰ ਅਤੇ ਸੀਨੀਅਰ ਆਗੂ ਹਨ, ਜਿਨ੍ਹਾਂ ਦਾ ਸਤਿਕਾਰ ਕਰਨਾ ਹਰ ਕਿਸੇ ਦਾ ਫਰਜ਼ ਹੈ। ਉਨ੍ਹਾਂ ਦੇ ਅਨੁਸਾਰ ਬਜ਼ੁਰਗ ਆਗੂ ਹਮੇਸ਼ਾ ਮਾਰਗਦਰਸ਼ਨ ਦਿੰਦੇ ਹਨ ਅਤੇ ਉਨ੍ਹਾਂ ਦੀ ਰਾਏ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਈ ਗੰਭੀਰ ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ ‘ਤੇ ਹਮਲੇ ਅਤੇ ਹਥਿਆਰ ਲੁੱਟਣ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲਿਸ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਕਈ ਵਾਰ ਉਸ ਨੂੰ ਵੱਖ-ਵੱਖ ਪੱਧਰਾਂ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਬਿੱਟੂ ਨੇ ਦਲੀਲ ਦਿੱਤੀ ਕਿ ਪੰਜਾਬ ਨੂੰ ਅਪਰਾਧ ਅਤੇ ਗੈਂਗਸਟਰਵਾਦ ਤੋਂ ਮੁਕਤ ਕਰਨ ਲਈ ਮਜ਼ਬੂਤ ਅਤੇ ਨਿਰਣਾਇਕ ਕਦਮ ਚੁੱਕਣ ਦੀ ਲੋੜ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਸਥਿਤੀ ਬਾਰੇ ਸਵਾਲ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਪਾਰਟੀ ਅੰਦਰ ਚੱਲ ਰਹੇ ਵਿਵਾਦ ਅਤੇ ਆਗੂਆਂ ਵਿਚਾਲੇ ਮਤਭੇਦ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਵੱਖ-ਵੱਖ ਆਗੂਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨ ਇਸ ਗੱਲ ਦਾ ਸੰਕੇਤ ਹਨ ਕਿ ਪਾਰਟੀ ਅੰਦਰ ਏਕਤਾ ਦੀ ਕਮੀ ਹੈ। ਆਪਣੀ ਗੱਲ ਦੇ ਅੰਤ ਵਿੱਚ ਬਿੱਟੂ ਨੇ ਦੁਹਰਾਇਆ ਕਿ ਉਹ ਸਮਾਜ ਦੇ ਹਰ ਵਰਗ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਰਾਜਨੀਤੀ ਦਾ ਮੂਲ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਆਪਣੇ ਸ਼ਬਦਾਂ ਦੀ ਚੋਣ ਹੋਰ ਵੱਧ ਸਾਵਧਾਨੀ ਨਾਲ ਕਰਨਗੇ ਤਾਂ ਜੋ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
Punjab Spectrum
You must be logged in to post a comment.