Breaking News: ਈ.ਡੀ. ਵੱਲੋਂ ਸੰਜੀਵ ਅਰੋੜਾ ਦੀ ਕੰਪਨੀ ਨੂੰ ਕਰੋੜਾਂ ਦਾ ਫਾਇਦਾ ਪਹੁੰਚਾਉਣ ਦੇ ਮਾਮਲੇ ’ਤੇ PSPCL CMD Basant Garg ਨੂੰ ਨੋਟਿਸ
AAP Minister Sanjeev Arora ਦੀ ਕੰਪਨੀ ਨੂੰ ਕਰੋੜਾਂ ਦੀ ਬੈਂਕ ਗਾਰੰਟੀ ਮੋੜਨ ਦਾ ਮਾਮਲਾ
ਆਮ ਆਦਮੀ ਪਾਰਟੀ ਦੇ ਆਗੂ ਤੇ ਮੰਤਰੀ ਸੰਜੀਵ ਅਰੋੜਾ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਤੋਂ ਕੁਝ ਦਿਨਾਂ ਬਾਅਦ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਬਸੰਤ ਗਰਗ ਨੂੰ ਨੋਟਿਸ ਜਾਰੀ ਕੀਤਾ ਹੈ।
ਇਹ ਮਾਮਲਾ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਇੱਕ ਨਿੱਜੀ ਕੰਪਨੀ ਨੂੰ ਕਰੋੜਾਂ ਰੁਪਏ ਦੀ ਬੈਂਕ ਗਾਰੰਟੀ ਗੈਰ-ਕਾਨੂੰਨੀ ਤਰੀਕੇ ਨਾਲ ਵਾਪਸ ਕਰਕੇ ਕਥਿਤ ਤੌਰ ‘ਤੇ ਫਾਇਦਾ ਪਹੁੰਚਾਉਣ ਨਾਲ ਸਬੰਧਤ ਹੈ। ਸੂਤਰਾਂ ਅਨੁਸਾਰ ਈ.ਡੀ. ਨੇ ਸੀ.ਐਮ.ਡੀ. ਨੂੰ ਆਉਣ ਵਾਲੇ ਹਫ਼ਤੇ ਵਿੱਚ ਇਸ ਸਾਰੇ ਮਾਮਲੇ ਦਾ ਰਿਕਾਰਡ ਲੈ ਕੇ ਪੇਸ਼ ਹੋਣ ਲਈ ਕਿਹਾ ਹੈ।
ਇਸ ਨੋਟਿਸ ਦੀ ਪੁਸ਼ਟੀ ਕਰਦਿਆਂ ਸੀ.ਐਮ.ਡੀ. ਬਸੰਤ ਗਰਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰਕੌਮ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਫਾਈਲਾਂ ਅਤੇ ਰਿਕਾਰਡ ਈ.ਡੀ. ਨੂੰ ਸੌਂਪੇਗਾ ਅਤੇ ਅਧਿਕਾਰੀ ਮੰਗੇ ਗਏ ਦਸਤਾਵੇਜ਼ ਲੈ ਕੇ ਜਾਂਚ ਏਜੰਸੀ ਦੇ ਦਫ਼ਤਰ ਜਾਣਗੇ।
ਇਹ ਪੂਰਾ ਵਿਵਾਦ ਲੁਧਿਆਣਾ ਦੇ ਹੈਂਪਟਨ ਕੋਰਟ ਬਿਜ਼ਨਸ ਪਾਰਕ ਨਾਲ ਜੁੜਿਆ ਹੋਇਆ ਹੈ। ਸਾਲ 2023 ਵਿੱਚ, ਜਦੋਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ, ਉਹਨਾਂ ਦੀ ਕੰਪਨੀ ‘ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ’ ਨੇ ਬਿਜਲੀ ਦੀ ਲੋਡ ਸਮਰੱਥਾ ਵਧਾਉਣ ਲਈ ਪਾਵਰਕੌਮ ਕੋਲ ਅਪਲਾਈ ਕੀਤਾ ਸੀ।
ਨਿਯਮਾਂ ਅਨੁਸਾਰ ਕੰਪਨੀ ਨੇ 1.97 ਕਰੋੜ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਈ ਸੀ, ਜੋ ਸਾਲ 2028 ਤੱਕ ਸੀ। ਬਾਅਦ ਵਿੱਚ ਸਾਲ 2025 ਵਿੱਚ ਜਦੋਂ ਅਰੋੜਾ ਉਪ-ਚੋਣ ਜਿੱਤ ਕੇ ਵਿਧਾਇਕ ਬਣੇ ਅਤੇ ਅਗਸਤ 2025 ਵਿੱਚ ਭਗਵੰਤ ਮਾਨ ਸਰਕਾਰ ਵਿੱਚ ਬਿਜਲੀ ਮੰਤਰੀ ਬਣ ਗਏ, ਤਾਂ ਕੰਪਨੀ ਨੇ ਬਿਜਲੀ ਦੀ ਵੋਲਟੇਜ ਸਪਲਾਈ ਬਦਲਣ ਲਈ ਦੁਬਾਰਾ ਅਪਲਾਈ ਕੀਤਾ। ਪਾਵਰਕੌਮ ਨੇ ਕੰਪਨੀ ਨੂੰ ਸਾਫ਼ ਕਿਹਾ ਸੀ ਕਿ ਪੁਰਾਣੀ ਬੈਂਕ ਗਾਰੰਟੀ ਉਦੋਂ ਹੀ ਵਾਪਸ ਮਿਲੇਗੀ ਜਦੋਂ ਉਹ 1.87 ਕਰੋੜ ਰੁਪਏ ਦੀ ਨਵੀਂ ਗਾਰੰਟੀ ਜਮ੍ਹਾਂ ਕਰਵਾਉਣਗੇ।
ਰਿਕਾਰਡ ਅਨੁਸਾਰ ਮੰਤਰੀ ਦੀ ਕੰਪਨੀ ਰਿਤੇਸ਼ ਪ੍ਰਾਪਰਟੀਜ਼ ਨੇ 2 ਫਰਵਰੀ ਨੂੰ ਪਾਵਰਕੌਮ ਨੂੰ ਪੁਰਾਣੀ ਬੈਂਕ ਗਾਰੰਟੀ ਵਾਪਸ ਕਰਨ ਲਈ ਪੱਤਰ ਲਿਖਿਆ ਅਤੇ ਪਾਵਰਕੌਮ ਨੇ ਨਵੀਂ ਗਾਰੰਟੀ ਜਮ੍ਹਾਂ ਕਰਵਾਏ ਬਿਨਾਂ ਹੀ ਅਗਲੇ ਹੀ ਦਿਨ 3 ਫਰਵਰੀ ਨੂੰ 1.97 ਕਰੋੜ ਰੁਪਏ ਦੀ ਗਾਰੰਟੀ ਵਾਪਸ ਕਰ ਦਿੱਤੀ।

ਜਦੋਂ ਪਾਵਰਕੌਮ ਦੇ ਇੰਜਨੀਅਰਾਂ ਨੇ ਇਸ ਗੈਰ-ਕਾਨੂੰਨੀ ਫੈਸਲੇ ਖਿਲਾਫ ਆਵਾਜ਼ ਉਠਾਈ ਅਤੇ ਪ੍ਰਦਰਸ਼ਨ ਕੀਤਾ ਤਾਂ ਜਾ ਕੇ 6 ਅਪਰੈਲ ਨੂੰ ਨਵੀਂ ਬੈਂਕ ਗਾਰੰਟੀ ਜਮ੍ਹਾਂ ਕਰਵਾਈ ਗਈ। ਇਸ ਮਾਮਲੇ ‘ਤੇ ਸਫ਼ਾਈ ਦਿੰਦਿਆਂ ਸੰਜੀਵ ਅਰੋੜਾ ਨੇ ਪਹਿਲਾਂ ਕਿਹਾ ਸੀ ਕਿ ਇਸ ਵਿੱਚ ਕੁਝ ਵੀ ਗੈਰ-ਕਾਨੂੰਨੀ ਨਹੀਂ ਹੋਇਆ ਕਿਉਂਕਿ ਪੁਰਾਣੀ ਗਾਰੰਟੀ ਦੀ ਜਗ੍ਹਾ ਨਵੀਂ ਗਾਰੰਟੀ ਦਿੱਤੀ ਗਈ ਸੀ।
ਉਹਨਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਇਸ ਕੰਪਨੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਹਾਲਾਂਕਿ, ਹੁਣ ਈ.ਡੀ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜਦੋਂ ਅਰੋੜਾ ਖੁਦ ਬਿਜਲੀ ਮੰਤਰੀ ਸਨ ਤਾਂ ਉਹਨਾਂ ਦੇ ਪ੍ਰਭਾਵ ਹੇਠ ਕੰਪਨੀ ਨੂੰ ਇਹ ਨਾਜਾਇਜ਼ ਫਾਇਦਾ ਕਿਉਂ ਅਤੇ ਕਿਸ ਦੇ ਇਸ਼ਾਰੇ ‘ਤੇ ਪਹੁੰਚਾਇਆ ਗਿਆ।
Punjab Spectrum
You must be logged in to post a comment.