Rana Balachauria ਕਤਲ ਮਾਮਲੇ ਦਾ ਮੁੱਖ ਸ਼ੂਟਰ ਕਾਬੂ
ਪੰਜਾਬ ਪੁਲੀਸ ਨੇ ਤ੍ਰਿਪੁਰਾ ਤੋਂ ਕੀਤਾ ਕਾਬੂ; ਕਤਲ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ
ਮੁਹਾਲੀ ਦੇ ਸੋਹਾਣਾ ਵਿਚ ਕਬੱਡੀ ਮੈਚ ਦੌਰਾਨ ਕਤਲ ਕੀਤੇ ਗਏ ਕਬੱਡੀ ਖੇਡ ਪ੍ਰਮੋਟਰ ਰਾਣਾ ਬਲਾਚੌਰੀਆ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਮੁੱਖ ਸ਼ੂਟਰ ਆਦਿਤਿਆ ਕਪੂਰ ਉਰਫ਼ ਮੱਖਣ ਵਜੋਂ ਹੋਈ ਹੈ ਜਿਸ ਨੂੰ ਤ੍ਰਿਪੁਰਾ ਦੇ ਅਗਰਤਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੰਜਾਬ ਏਜੀਟੀਐੱਫ ਵਲੋਂ ਮੱਖਣ ਨੂੰ ਤ੍ਰਿਪੁਰਾ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਕਾਬੂ ਕੀਤਾ ਗਿਆ। ਉਹ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਸ਼ੂਟਰ ਵਜੋਂ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ ਸੋਹਾਣਾ ਵਿਚ ਚੱਲ ਰਹੇ ਕਬੱਡੀ ਕੱਪ ਵਿੱਚ 15 ਦਸੰਬਰ ਨੂੰ ਸ਼ਾਮ ਛੇ ਵਜੇ ਦੇ ਕਰੀਬ ਸ਼ਕਰਪੁਰ ਕਬੱਡੀ ਟੀਮ ਦੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਕਾਰ ਪਾਰਕਿੰਗ ਵਿੱਚ ਗੋਲੀਆਂ ਮਾਰੀਆਂ ਗਈਆਂ।
ਕਬੱਡੀ ਪ੍ਰਮੋਟਰ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਨੇ ਲੈਂਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਵੀ ਸ਼ੇਅਰ ਕੀਤੀ ਸੀ। ਘਣਸ਼ਾਮਪੁਰੀਆ ਨੇ ਪੋਸਟ ਪਾ ਕੇ ਲਿਖਿਆ ਕਿ ‘ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ। ਉਸ ਨੇ ਕਿਹਾ ਕਿ ਇਸ ਕਬੱਡੀ ਪ੍ਰਮੋਟਰ ਨੇ ਮੂਸੇਵਾਲਾ ਦੀ ਹੱਤਿਆ ਵਿਚ ਸ਼ਾਮਲ ਲੋਕਾਂ ਲਈ ਰਿਹਾਇਸ਼ ਮੁਹੱਈਆ ਕਰਵਾਈ ਸੀ।
ਜ਼ਿਕਰਯੋਗ ਹੈ ਕਿ ਰਾਣਾ ਦਾ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਇਸ ਮਾਮਲੇ ਦੀ ਜਾਂਚ ਦੌਰਾਨ ਸ਼ੂਟਰ ਕਰਨ ਪਾਠਕ ਨੂੰ ਹੋਰਨਾਂ ਮੁਲਜ਼ਮਾਂ ਸਮੇਤ ਕਲਕੱਤਾ ਤੋਂ ਕਾਬੂ ਕੀਤਾ ਗਿਆ ਸੀ। ਹੁਣ ਮੁੱਖ ਸ਼ੂਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਇਸ ਹੱਤਿਆ ਕਾਂਡ ਦੇ ਪਿੱਛੇ ਦੀ ਸਾਜ਼ਿਸ਼ ਅਤੇ ਹੋਰ ਸਬੰਧਤ ਮੁਲਜ਼ਮਾਂ ਬਾਰੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲੀਸ ਵਲੋਂ ਮੱਖਣ ਨੂੰ ਪੰਜਾਬ ਲਿਆਂਦਾ ਜਾਵੇਗਾ, ਜਿੱਥੇ ਉਸਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।
Punjab Spectrum
You must be logged in to post a comment.