Punjab News: ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ
ਵਿਧਾਨ ਸਭਾ ’ਚ ‘ਨਸ਼ੇ ਦੀ ਹਾਲਤ’ ਵਿੱਚ ਆਉਣ ਅਤੇ ਸਿਆਸੀ ਬਦਲਾਖੋਰੀ ਦੇ ਲਾਏ ਦੋਸ਼
Punjab News: ਪੰਜਾਬ ਭਾਜਪਾ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਸੰਵਿਧਾਨਕ ਮਰਿਆਦਾਵਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲਾਏ ਹਨ। ਭਾਜਪਾ ਨੇ ਰਾਜਪਾਲ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦੇ ਵਿਹਾਰ ਦੀ ਜਾਂਚ ਕੀਤੀ ਜਾਵੇ ਅਤੇ ਸੰਵਿਧਾਨਕ ਅਖੰਡਤਾ ਨੂੰ ਬਚਾਉਣ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ’ਤੇ ਵਿਚਾਰ ਕੀਤਾ ਜਾਵੇ।

ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੇ ਇਲਜ਼ਾਮ ਲਾਇਆ ਕਿ 1 ਮਈ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਥਿਤ ਤੌਰ ’ਤੇ ‘ਨਸ਼ੇ ਦੀ ਹਾਲਤ’ ਵਿੱਚ ਸਦਨ ਵਿੱਚ ਆਏ ਸਨ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਵਿਧਾਨ ਸਭਾ ਅਤੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ, ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਨਸ਼ੇ ਵਿੱਚ ਸਨ। ਭਾਜਪਾ ਨੇ ਇਸ ਨੂੰ ਜਨਤਕ ਵਿਸ਼ਵਾਸ ਨਾਲ ਧ੍ਰੋਹ ਕਰਾਰ ਦਿੱਤਾ ਹੈ।
ਭਾਜਪਾ ਨੇ ਰਾਜਪਾਲ ਕੋਲ ਉਨ੍ਹਾਂ ਪੰਜ ਰਾਜ ਸਭਾ ਮੈਂਬਰਾਂ ਦੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਵੀ ਚੁੱਕਿਆ ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ‘ਆਪ’ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ, ਜਦਕਿ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਪਾਰਟੀ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ’ਤੇ ਦਰਜ ਦੋ ਐਫ.ਆਈ.ਆਰ. ਅਤੇ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਵੀ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ। ਵਫ਼ਦ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਉਹ ਇਸ ਪੂਰੇ ਮਾਮਲੇ ’ਤੇ ਮੁੱਖ ਮੰਤਰੀ ਤੋਂ ਸਪੱਸ਼ਟੀਕਰਨ ਮੰਗਣ ਅਤੇ ਡੀਜੀਪੀ ਤੇ ਮੁੱਖ ਸਕੱਤਰ ਨੂੰ ਤਲਬ ਕਰਕੇ ਰਿਪੋਰਟ ਲੈਣ। ਭਾਜਪਾ ਨੇ ਕਿਹਾ ਕਿ ਸੁਰੱਖਿਆ ਦੇ ਫੈਸਲੇ ਪਾਰਦਰਸ਼ੀ ਹੋਣੇ ਚਾਹੀਦੇ ਹਨ ਨਾ ਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ।
ਇਸ ਮੌਕੇ ਸੁਨੀਲ ਜਾਖੜ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਸ਼ਵੇਤ ਮਲਿਕ, ਮਨੋਰੰਜਨ ਕਾਲੀਆ, ਪ੍ਰਨੀਤ ਕੌਰ, ਮਨਪ੍ਰੀਤ ਬਾਦਲ, ਸੁਭਾਸ਼ ਸ਼ਰਮਾ ਅਤੇ ਵਿਨੀਤ ਜੋਸ਼ੀ ਸਮੇਤ ਕਈ ਦਿੱਗਜ ਆਗੂ ਹਾਜ਼ਰ ਸਨ।
Punjab Spectrum
You must be logged in to post a comment.