Breaking News

US-Iran Conflict: ਗੱਲਬਾਤ ਸਿਰੇ ਨਾ ਚੜ੍ਹਨ ‘ਤੇ ਇਰਾਨ ਵਿਰੁੱਧ ਬੰਬਾਰੀ ਮੁੜ ਹੋਵੇਗੀ ਸ਼ੁਰੂ: Donald Trump

US-Iran Conflict: ਗੱਲਬਾਤ ਸਿਰੇ ਨਾ ਚੜ੍ਹਨ ‘ਤੇ ਇਰਾਨ ਵਿਰੁੱਧ ਬੰਬਾਰੀ ਮੁੜ ਹੋਵੇਗੀ ਸ਼ੁਰੂ: Donald Trump

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਇਰਾਨ ਨਾਲ ਹੋਣ ਵਾਲੀ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਦਾ, ਤਾਂ ਉਹ ਬੰਬਾਰੀ ਮੁੜ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਇੱਕ ਟੀਵੀ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸਲਾਮਾਬਾਦ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਪ੍ਰਗਤੀ ਨਾ ਹੋਣ ’ਤੇ ਉਹ ਮੁੜ ਹਮਲੇ ਸ਼ੁਰੂ ਕਰਨਗੇ ਤਾਂ ਟਰੰਪ ਨੇ ਕਿਹਾ, “ਮੈਂ ਬੰਬਾਰੀ ਸ਼ੁਰੂ ਹੋਣ ਦੀ ਉਮੀਦ ਕਰ ਰਿਹਾ ਹਾਂ ਕਿਉਂਕਿ ਮੇਰੇ ਮੁਤਾਬਕ ਗੱਲਬਾਤ ਲਈ ਇਹ ਇੱਕ ਬਿਹਤਰ ਨਜ਼ਰੀਆ ਹੈ। ਸਾਡੀ ਫੌਜ ਕਾਰਵਾਈ ਕਰਨ ਲਈ ਬਹੁਤ ਉਤਸ਼ਾਹਿਤ ਅਤੇ ਤਿਆਰ ਹੈ।”

ਟਰੰਪ ਨੇ ਜੰਗਬੰਦੀ ਦੀ ਮਿਆਦ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਜੰਗਬੰਦੀ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ। ਇਰਾਨ ਕੋਲ ਹੁਣ ਮੌਕਾ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਕਰਨੀ ਹੀ ਪਵੇਗੀ।”

ਹਾਲਾਂਕਿ, ਜੰਗਬੰਦੀ ਦੇ ਖ਼ਤਮ ਹੋਣ ਦੇ ਸਮੇਂ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਪਹਿਲਾਂ ਇਸ ਦੀ ਮਿਆਦ ਮੰਗਲਵਾਰ ਰਾਤ ਤੱਕ ਦੱਸੀ ਗਈ ਸੀ ਪਰ ਹੁਣ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਹ ਬੁੱਧਵਾਰ ਰਾਤ ਨੂੰ ਖ਼ਤਮ ਹੋਵੇਗੀ।

ਇਹ ਸਥਿਤੀ ਲੈਬਨਾਨ ਅਤੇ ਪੂਰੇ ਖੇਤਰ ਵਿੱਚ ਤਣਾਅ ਵਧਾ ਸਕਦੀ ਹੈ, ਜਿੱਥੇ ਪੁਲੀਸ ਅਤੇ ਸੁਰੱਖਿਆ ਬਲ ਪਹਿਲਾਂ ਹੀ ਹਾਈ ਅਲਰਟ ’ਤੇ ਹਨ। ਕੌਮਾਂਤਰੀ ਭਾਈਚਾਰਾ ਹੁਣ ਇਸਲਾਮਾਬਾਦ ਵੱਲ ਦੇਖ ਰਿਹਾ ਹੈ ਕਿ ਕੀ ਇਹ ਚਿਤਾਵਨੀ ਜੰਗ ਵਿੱਚ ਬਦਲਦੀ ਹੈ ਜਾਂ ਗੱਲਬਾਤ ਰਾਹੀਂ ਕੋਈ ਹੱਲ ਨਿਕਲਦਾ ਹੈ।