Breaking News

Punjab Breaking: ‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

Punjab Breaking: ‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

ਸ਼ੁੱਕਰਵਾਰ ਤੜਕੇ ਈਡੀ ਦੀਆਂ ਟੀਮਾਂ ਨੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਥਾਨਕ ਰਿਹਾਇਸ਼ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਇਕੋ ਵੇਲੇ ਦਸਤਕ ਦਿੱਤੀ ਹੈ। ਕੇਂਦਰੀ ਸੁਰੱਖਿਆ ਬਲਾਂ ਦੀ ਸਖ਼ਤ ਨਿਗਰਾਨੀ ਹੇਠ ਜਾਂਚ ਏਜੰਸੀ ਦੇ ਅਧਿਕਾਰੀ ਮੰਤਰੀ ਦੇ ਘਰ ਅੰਦਰ ਦਸਤਾਵੇਜ਼ਾਂ ਨੂੰ ਖੰਗਾਲਣ ਵਿੱਚ ਜੁਟੇ ਹੋਏ ਹਨ। ਸੂਤਰਾਂ ਮੁਤਾਬਕ ਇਹ ਕਾਰਵਾਈ ਵਿੱਤੀ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਪੁਰਾਣੇ ਮਾਮਲਿਆਂ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਈਡੀ ਦੀਆਂ ਟੀਮਾਂ ਨੇ ਸਵੇਰੇ ਕਰੀਬ 6:30 ਵਜੇ ਅਰੋੜਾ ਦੀ ਰਿਹਾਇਸ਼, ਸਰਕਾਰੀ ਦਫ਼ਤਰਾਂ ਅਤੇ ਉਨ੍ਹਾਂ ਦੇ ਕਾਰੋਬਾਰੀ ਭਾਈਵਾਲਾਂ ਤੇ ਪਰਿਵਾਰਕ ਮੈਂਬਰਾਂ (ਜਿਸ ਵਿੱਚ ਉਨ੍ਹਾਂ ਦੀ ਬੇਟੀ ਵੀ ਸ਼ਾਮਲ ਹੈ) ਨਾਲ ਸਬੰਧਤ ਜਾਇਦਾਦਾਂ ਦੀ ਤਲਾਸ਼ੀ ਲਈ।

ਜਾਂਚ ਦਾ ਘੇਰਾ ਸਿਰਫ਼ ਲੁਧਿਆਣਾ ਤੱਕ ਸੀਮਤ ਨਹੀਂ ਹੈ, ਬਲਕਿ ਮੰਤਰੀ ਨਾਲ ਜੁੜੇ ਹੋਰਨਾਂ ਸ਼ਹਿਰਾਂ ਵਿਚਲੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਦੀਆਂ ਖ਼ਬਰਾਂ ਹਨ। ਈਡੀ ਦੀ ਟੀਮ ਮੁੱਖ ਤੌਰ ’ਤੇ ਵਿੱਤੀ ਲੈਣ-ਦੇਣ ਅਤੇ ਜਾਇਦਾਦਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਤਲਾਸ਼ੀ ਦੌਰਾਨ ਈਡੀ ਦੀ ਸਹਾਇਤਾ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਖ਼ਾਸ ਗੱਲ ਇਹ ਰਹੀ ਕਿ ਪੰਜਾਬ ਪੁਲੀਸ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ ਅਤੇ ਕੇਂਦਰੀ ਬਲ ਹੀ ਛਾਪੇਮਾਰੀ ਵਾਲੀਆਂ ਥਾਵਾਂ ‘ਤੇ ਸੁਰੱਖਿਆ ਪ੍ਰਬੰਧ ਸੰਭਾਲ ਰਹੀਆਂ ਰਿਹਾ ਸੀ। ਈਡੀ ਨੇ ਅਜੇ ਤੱਕ ਜਾਂਚ ਦੀ ਪ੍ਰਕਿਰਤੀ ਜਾਂ ਮੰਤਰੀ ਵਿਰੁੱਧ ਲੱਗੇ ਦੋਸ਼ਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਅਰੋੜਾ ਨੇ ‘ਟ੍ਰਿਬਿਊਨ ਸਮੂਹ ‘ ਨਾਲ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਛਾਪਿਆਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, “ਮੈਨੂੰ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ। ਟੀਮਾਂ ਮੇਰੇ ਸਾਰੇ ਟਿਕਾਣਿਆਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਮੌਜੂਦ ਹਨ।” ਉਨ੍ਹਾਂ ਅੱਗੇ ਕਿਹਾ ਕਿ ਇਸ ਪੜਾਅ ‘ਤੇ ਉਨ੍ਹਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ। ਛਾਪੇਮਾਰੀ ਦੇ ਸਮੇਂ ਅਰੋੜਾ ਪੰਜਾਬ ਸਰਕਾਰ ਦੀ “ਇਨਵੈਸਟ ਪੰਜਾਬ” ਪਹਿਲਕਦਮੀ ਦੇ ਹਿੱਸੇ ਵਜੋਂ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਯੂਰਪ ਦੀ ਯਾਤਰਾ ਕਰ ਰਹੇ ਸਨ। ਸੂਬੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਵੀ ਜਲਦੀ ਹੀ ਇਸੇ ਪ੍ਰੋਗਰਾਮ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਕਰਨ ਵਾਲੇ ਹਨ।

ਇਸ ਦੌਰਾਨ, ਈਡੀ ਦੀ ਛਾਪੇਮਾਰੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਜੀਵ ਅਰੋੜਾ ਨੇ ਟਵਿੱਟਰ ‘ਤੇ ਲਿਖਿਆ- “ਸ਼ੁਭ ਸਵੇਰ! ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੇਰੇ ਟਿਕਾਣਿਆਂ ‘ਤੇ ਕਾਰਵਾਈ ਕੀਤੀ ਗਈ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਏਜੰਸੀਆਂ ਦਾ ਪੂਰਾ ਸਹਿਯੋਗ ਕਰਾਂਗਾ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਸੱਚ ਦੀ ਜਿੱਤ ਹੋਵੇਗੀ।”

ਇਸ ਘਟਨਾਕ੍ਰਮ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਤਿੱਖੀ ਸਿਆਸੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ‘ਆਪ’ ਦੇ ਕੌਮੀ ਬੁਲਾਰੇ ਅਨੁਰਾਗ ਢਾਂਡਾ ਨੇ ਦਾਅਵਾ ਕੀਤਾ ਕਿ ਤਿੰਨ ਦਿਨਾਂ ਦੇ ਅੰਦਰ ਪੰਜਾਬ ਵਿੱਚ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਦੂਜਾ ਈਡੀ ਛਾਪਾ ਹੈ। ਢਾਂਡਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ‘ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਲੋਕਤੰਤਰੀ ਮਾਪਦੰਡਾਂ ਨੂੰ ਢਾਹ ਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਵਿਰੋਧੀ ਨੇਤਾਵਾਂ ‘ਤੇ ਵਧ ਰਹੇ ਸਿਆਸੀ ਦਬਾਅ ਦਾ ਸੰਕੇਤ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਵੀ ਸੰਜੀਵ ਅਰੋੜਾ ਜਾਂਚ ਏਜੰਸੀ ਦੇ ਨਿਸ਼ਾਨੇ ’ਤੇ ਆਏ ਸਨ। ਉਸ ਵੇਲੇ ਉਨ੍ਹਾਂ ’ਤੇ ਉਦਯੋਗਿਕ ਜ਼ਮੀਨ ਨੂੰ ਰਿਹਾਇਸ਼ੀ ਪ੍ਰੋਜੈਕਟ ਵਿੱਚ ਤਬਦੀਲ ਕਰਨ ਦੇ ਗੰਭੀਰ ਦੋਸ਼ ਲੱਗੇ ਸਨ। ਉਸ ਸਮੇਂ ਅਰੋੜਾ ਰਾਜ ਸਭਾ ਮੈਂਬਰ ਸਨ, ਪਰ ਹੁਣ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਵਿਰੁੱਧ ਹੋਈ ਇਸ ਕਾਰਵਾਈ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।

ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਕੇਂਦਰੀ ਏਜੰਸੀਆਂ ਦੀ ਕਾਰਵਾਈ ਲਗਾਤਾਰ ਜਾਰੀ ਹੈ। ਪਿਛਲੇ ਦਿਨੀ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ਹੋਈ ਛਾਪੇਮਾਰੀ ਤੋਂ ਬਾਅਦ ਹੁਣ ਸੰਜੀਵ ਅਰੋੜਾ ਈਡੀ ਦੇ ਰਾਡਾਰ ’ਤੇ ਆ ਗਏ ਹਨ।