Breaking News

Punjab -ਨਸ਼ੇ ਦੀ ਭੇਟ ਚੜ੍ਹੇ ਚਾਰ ਪੁੱਤ, ਪੰਜਵਾਂ ਮੰਜੇ ਉੱਤੇ

Punjab –

ਨਸ਼ੇ ਦੀ ਭੇਟ ਚੜ੍ਹੇ ਚਾਰ ਪੁੱਤ, ਪੰਜਵਾਂ ਮੰਜੇ ਉੱਤੇ

ਮਾਂ ਦੀ ਦਰਦ ਭਰੀ ਅਪੀਲ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਬੇਵੱਸ ਮਾਂ ਦੀਆਂ ਹੰਝੂਆਂ ਭਰੀਆਂ ਅਪੀਲਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੰਜ ਪੁੱਤਰਾਂ ਦੀ ਮਾਂ ਮਨਜੀਤ ਕੌਰ ਨੇ ਆਪਣੇ ਚਾਰ ਪੁੱਤ ਨਸ਼ਿਆਂ ਕਾਰਨ ਗੁਆ ਦਿੱਤੇ ਹਨ, ਪੰਜਵਾਂ ਇਸ ਵੇਲੇ ਮੰਜੇ ’ਤੇ ਪਿਆ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਇਸ ਪੀੜਤ ਮਾਂ ਦਾ ਦੋਸ਼ ਹੈ ਕਿ ਨਸ਼ਾ ਉਸ ਦੇ ਘਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਆਸਾਨੀ ਨਾਲ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਮੁਹੱਲੇ ਵਿੱਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ, ਜਦਕਿ ਇਸ ਇਲਾਕੇ ਦੀ ਸਾਂਝੀ ਕੰਧ ਸੁਲਤਾਨਪੁਰ ਲੋਧੀ ਥਾਣੇ ਨਾਲ ਲੱਗਦੀ ਹੈ।

 

 

 

ਇਲਾਕੇ ਵਿੱਚ ਫੈਲੇ ਨਸ਼ੇ ਕਾਰਨ ਸਿਰਫ਼ ਮਨਜੀਤ ਕੌਰ ਹੀ ਨਹੀਂ, ਸਗੋਂ ਚਾਰ-ਪੰਜ ਹੋਰ ਔਰਤਾਂ ਨੇ ਵੀ ਆਪਣੇ ਪੁੱਤ ਗੁਆਉਣ ਦੀ ਗੱਲ ਕਹੀ ਹੈ। ਸਥਾਨਕ ਔਰਤਾਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੀ ਵਿਕਰੀ ਬੰਦ ਕਰ ਕੇ ਉਨ੍ਹਾਂ ਦੇ ਬੱਚਿਆਂ ਨੂੰ ਬਚਾਇਆ ਜਾਵੇ। ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਕਈ ਨੂੰਹਾਂ ਪਿੰਡ ਛੱਡ ਕੇ ਚਲੀਆਂ ਗਈਆਂ ਹਨ। ਬਜ਼ੁਰਗ ਔਰਤਾਂ ਹੁਣ ਆਪਣੇ ਪੋਤੇ-ਪੋਤੀਆਂ ਨੂੰ ਸੰਭਾਲਣ ਲਈ ਮਜਬੂਰ ਹਨ। ਕਈ ਪਰਿਵਾਰਾਂ ਨੇ ਆਪਣੇ ਪੁੱਤਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਭੇਜਿਆ, ਪਰ ਘਰ ਪਰਤਣ ’ਤੇ ਉਹ ਮੁੜ ਨਸ਼ੇ ਦੀ ਦਲਦਲ ਵਿੱਚ ਫਸ ਗਏ।

 

 

 

 

ਆਪਣੇ 30 ਸਾਲਾ ਪੁੱਤਰ ਸੋਨੂ ਦੇ ਕੋਲ ਖੜ੍ਹੀ ਮਨਜੀਤ ਕੌਰ ਨੇ ਰੋਂਦਿਆਂ ਕਿਹਾ, ‘‘ਮੈਂ ਪੰਜ ਪੁੱਤਰਾਂ ਦੀ ਮਾਂ ਸਾਂ। ਉਨ੍ਹਾਂ ਵਿੱਚੋਂ ਚਾਰ ਮੈਂ ਚਿੱਟੇ ਕਾਰਨ ਗੁਆ ਦਿੱਤੇ ਹਨ ਅਤੇ ਪੰਜਵਾਂ ਪਤਾ ਨਹੀਂ ਕਦੋਂ ਤੱਕ ਜਿਊਂਦਾ ਰਹੇਗਾ। ਅਸੀਂ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਧੀ। ਉਸ ਦੀ ਹਾਲਤ ਦੇਖੋ।’’ ਸੋਨੂ ਬਿਸਤਰੇ ’ਤੇ ਪਿਆ ਸੀ ਅਤੇ ਉਸ ਦਾ ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ ਹੈ।

 

 

 

 

 

ਮਾਮਲਾ ਸਾਡੇ ਧਿਆਨ ’ਚ: ਡੀ ਐੱਸ ਪੀ
ਕਪੂਰਥਲਾ ਦੇ ਡੀ ਐੱਸ ਪੀ (ਅਪਰਾਧ) ਹਰਗੁਰਦੇਵ ਸਿੰਘ ਨੇ ਕਿਹਾ, “ਇਹ ਮਾਮਲਾ ਸਾਡੇ ਨੋਟਿਸ ਵਿੱਚ ਹੈ। ਪੁਲੀਸ ਸਥਾਨਕ ਲੋਕਾਂ ਦੀ ਮਦਦ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਨਸ਼ਿਆਂ ਖ਼ਿਲਾਫ਼ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।”

 

 

 

 

 

 

 

ਉਧਰ ਸੁਲਤਾਨਪੁਰ ਲੋਧੀ ਦੇ ਐੱਸ ਐੱਚ ਓ ਹਰਿੰਦਰ ਸਿੰਘ ਨੇ ਕਿਹਾ, “ਅਸੀਂ ਉਸ ਇਲਾਕੇ ਦਾ ਦੌਰਾ ਕੀਤਾ ਹੈ ਅਤੇ ਕਈ ਨੌਜਵਾਨਾਂ ਨੂੰ ਨਸ਼ਾ ਛਡਾਊ ਇਲਾਜ ਲਈ ਦਾਖ਼ਲ ਕਰਵਾਇਆ ਹੈ। ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ। ਹਾਲ ਦੇ ਸਮੇਂ ਪਿੰਡ ਦੇ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਘੱਟੋ-ਘੱਟ 10-12 ਕੇਸ ਦਰਜ ਹਨ। ਮਨਜੀਤ ਕੌਰ ਦੇ ਬਿਮਾਰ ਪੁੱਤਰ ਨੂੰ ਵੀ ਭਲਕੇ ਹਸਪਤਾਲ ਦਾਖਲ ਕਰਵਾਇਆ ਜਾਵੇਗਾ।”