Breaking News

CM Bhagwant Mann Statement – ਬਾਦਲਾਂ ਦੇ ਖੇਤਾਂ ਤੋਂ ਮੋੜ ਕੇ ਆਮ ਕਿਸਾਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ: CM ਮਾਨ

CM Bhagwant Mann Statement – ਬਾਦਲਾਂ ਦੇ ਖੇਤਾਂ ਤੋਂ ਮੋੜ ਕੇ ਆਮ ਕਿਸਾਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ: CM ਮਾਨ

ਬਾਦਲਾਂ ਦੇ ਖੇਤਾਂ ਤੋਂ ਮੋੜ ਕੇ ਆਮ ਕਿਸਾਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ: CM ਮਾਨ ਨੇ ਖੋਲ੍ਹੇ ਵਿਰੋਧੀਆਂ ਦੇ ਚਿੱਠੇ

‘ਆਪ’ ਵਿੱਚ ਕੋਈ ਰਾਜਾ-ਮਹਾਰਾਜਾ ਨਹੀਂ, ਤੁਹਾਡੇ ਵਿੱਚੋਂ ਹੀ ਨਿਕਲੇ ਨੇ ਲੀਡਰ-ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਜ਼ਿਲਕਾ ਵਿਖੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਲਈ ਵੱਡੀਆਂ ਸਹੂਲਤਾਂ ਦਾ ਪਿਟਾਰਾ ਖੋਲ੍ਹਿਆ। ਉਨ੍ਹਾਂ ਐਲਾਨ ਕੀਤਾ ਕਿ ਹੁਣ ਸੂਬੇ ਦੇ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਲਈ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਖੇਤੀਬਾੜੀ ਲਈ ਸਵੇਰੇ 9 ਵਜੇ ਤੋਂ ਸ਼ਾਮ 5:30 ਵਜੇ ਤੱਕ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਤਿੱਖੇ ਵਿਅੰਗ ਕੀਤੇ। ਉਨ੍ਹਾਂ ਕਿਹਾ, “ਪਹਿਲਾਂ ਨਹਿਰਾਂ ਸਿਰਫ਼ ਬਾਦਲ ਦੇ ਖੇਤਾਂ ਤੱਕ ਜਾਂਦੀਆਂ ਸਨ, ਪਰ ਅਸੀਂ ਪਾਣੀ ਦਾ ਰੁਖ਼ ਮੋੜ ਕੇ ਆਮ ਕਿਸਾਨਾਂ ਦੀਆਂ ਟੇਲਾਂ ਤੱਕ ਪਹੁੰਚਾਇਆ ਹੈ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ (ਵਿਰੋਧੀਆਂ) ਨੂੰ ਕੀ ਪਤਾ ਕਿ ਬੋਰ ਕੀ ਹੁੰਦਾ ਹੈ ਜਾਂ ਪਾਈਪ ਕਿੰਨੇ ਇੰਚੀ ਪਾਈ ਜਾਂਦੀ ਹੈ? ਜਿਨ੍ਹਾਂ ਨੇ ਕਦੇ ਪੱਖੇ ਦੀਆਂ ਡੋਰੀਆਂ ਨਹੀਂ ਬਦਲੀਆਂ ਜਾਂ ਹੈਂਡਲ ਮਾਰ ਕੇ ਬਾਂਹ ਨਹੀਂ ਤੁੜਵਾਈ, ਉਹ ਪਾਣੀ ਦਾ ਮੁੱਲ ਕੀ ਜਾਣਨ?”

ਸਿਆਸੀ ਪਰਿਵਾਰਾਂ ‘ਤੇ ਹਮਲਾ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਵਿਰੋਧੀਆਂ ਦਾ ਪ੍ਰੋਗਰਾਮ ਸਿਰਫ਼ “ਮੈਂ, ਮੇਰਾ ਮੁੰਡਾ, ਭਤੀਜਾ, ਸਾਲਾ ਤੇ ਜੀਜਾ” ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਮੰਤਰੀ ਜਾਂ ਵਿਧਾਇਕ ਕਿਸੇ ਵੱਡੇ ਲੀਡਰ ਦਾ ਪੁੱਤਰ ਜਾਂ ਪੋਤਾ ਨਹੀਂ ਹੈ, ਬਲਕਿ ਉਹ ਤੁਹਾਡੇ ਵਿੱਚੋਂ ਹੀ ਨਿਕਲੇ ਹੋਏ ਆਮ ਲੋਕ ਹਨ।

ਮੁੱਖ ਮੰਤਰੀ ਨੇ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ, “ਸਾਡੇ ਵਿੱਚ ਵੀ ਜੇਕਰ ਕੋਈ ਗਲਤ ਬੰਦਾ ਹੋਇਆ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਪਾਰਟੀ ਇਮਾਨਦਾਰੀ ਨਾਲ ਚੱਲਣ ਲਈ ਬਣਾਈ ਹੈ, ਪੈਸੇ ਖਾਣ ਲਈ ਨਹੀਂ।”

ਸਿੱਖਿਆ ਦੇ ਖੇਤਰ ਵਿੱਚ ਹੋਏ ਸੁਧਾਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਬੱਚੇ NEET, JEE ਮੇਨ ਅਤੇ ਐਡਵਾਂਸ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ, ਜੋ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ। ਰੈਲੀ ਦੌਰਾਨ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਵਿਧਾਇਕਾਂ ਸਮੇਤ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਰਹੀ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਸਫ਼ਰ ਜਾਰੀ ਰਹੇਗਾ।