ਨਰਾਇਣ ਸਿੰਘ ਚੌੜਾ ਦੇ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲੇ ਕਦਮ ਨਾਲ ਸਾਡੀ ਅੱਜ ਵੀ ਅਸਹਿਮਤੀ ਹੈ ਪਰ ਸਾਨੂੰ ਇਹ ਇਕਬਾਲ ਕਰਨ ਵਿੱਚ ਕੋਈ ਝਿਜਕ ਨਹੀਂ ਕਿ ਚੌੜਾ ਨੇ ਬਾਦਲ ਲਾਣੇ ਦੀ ਮਕਾਰੀ ਅਤੇ ਗਿਆਨੀ ਰਘਵੀਰ ਸਿੰਘ ਦੇ ਰੋਲ ਨੂੰ ਬਿਲਕੁਲ ਠੀਕ ਪੜ੍ਹਿਆ ਸੀ।
ਸਾਨੂੰ ਦੋ ਦਸੰਬਰ ਨੂੰ ਜਾਪਿਆ ਸੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਅੰਦਰ ਕੋਈ ਸੁਹਿਰਦਤਾ ਸੀ।
ਕਿਤੇ ਇਹ ਵੀ ਉਮੀਦ ਸੀ ਕਿ ਸ਼ਾਇਦ ਚੀਜ਼ਾਂ ਸੁਧਰ ਜਾਣ ਤੇ ਜਿੰਨੇ ਵੱਡੇ ਚੈਲੇੰਜ ਕੌਮ ਅਤੇ ਪੰਜਾਬ ਸਾਹਮਣੇ ਖੜ੍ਹੇ ਨੇ, ਉਨ੍ਹਾਂ ਦਾ ਮੁਕਾਬਲਾ ਕਰਨ ਲਈ ਕੋਈ ਬੰਨ੍ਹ-ਸੁਭ ਹੋ ਜਾਵੇ ਤੇ ਅਕਾਲੀ ਦਲ ਦੁਬਾਰਾ ਖੜ੍ਹਾ ਹੋ ਜਾਵੇ।
ਇਸੇ ਲਈ ਦੋ ਦਸੰਬਰ ਦੇ ਫੈਸਲੇ ਜਾਂ ਸੁਖਬੀਰ ਸਿੰਘ ਬਾਦਲ ਦੀ ਕੋਈ ਆਲੋਚਨਾ ਨਹੀਂ ਸੀ ਕੀਤੀ, ਸਗੋਂ ਚੀਜ਼ਾਂ ਨੂੰ ਉਸਾਰੂ ਪਾਸੇ ਵੱਲ ਲਿਜਾਣ ਲਈ ਹੀ ਕੁਝ ਸੁਝਾਅ ਦਿੱਤੇ ਸਨ। ਕਿਤੇ ਨਾ ਕਿਤੇ ਸੁਖਬੀਰ ਵਿਚ ਬਦਲਾਅ ਦੀ ਉਮੀਦ ਵੀ ਸੀ।
ਸਾਡੀ ਪਹਿਲੀ ਆਲੋਚਨਾ ਵੀ ਸੁਖਬੀਰ ਦੇ ਉਨ੍ਹਾਂ ਟੁੱਕੜਬੋਚਾਂ ਤੱਕ ਸੀਮਤ ਸੀ, ਜਿਨ੍ਹਾਂ ਨੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਮੰਗ ਕੀਤੀ ਸੀ ਤੇ ਜਦੋਂ ਇਹ ਸਾਹਮਣੇ ਆ ਗਿਆ ਕਿ ਬਾਦਲਦਲੀਏ ਦੋ ਦਸੰਬਰ ਵਾਲੇ ਆਦੇਸ਼ ਦੇ ਸਿਆਸੀ ਫੈਸਲਿਆਂ ਵਾਲੇ ਹਿੱਸੇ ਨੂੰ ਲਾਗੂ ਕਰਨ ਤੋਂ ਇਨਕਾਰੀ ਹੋ ਰਹੇ ਸਨ।
ਪਰ ਅਸੀਂ ਵੀ ਬਹੁਤਿਆਂ ਵਾਂਗ ਗਲਤ ਆਸ ਲਾਈ ਬੈਠੇ ਸਾਂ ਜਾਂ ਕਿਤੇ ਭੁਲੇਖੇ ਦਾ ਸ਼ਿਕਾਰ ਸੀ।
ਸੁਖਬੀਰ ਦੇ ਟੋਲੇ ਨੇ ਉਹ ਸਾਰਾ ਕੁਝ ਕੀਤਾ, ਜੋ ਕੇਂਦਰੀ ਤੰਤਰ ਚਾਹੁੰਦਾ ਸੀ।
ਅਕਾਲੀ ਦਲ ਦੀ ਬਹਾਲੀ ਨੂੰ ਡੱਕ ਦਿੱਤਾ, ਅਕਾਲ ਤਖਤ ਦੀ ਬਹਾਲ ਹੋਈ ਹਸਤੀ ਨੂੰ ਦੁਬਾਰਾ ਰੋਲ ਦਿੱਤਾ, ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਉੱਥੇ ਲਿਆ ਕੇ ਖੜੇ ਕਰ ਦਿੱਤਾ, ਜਿੱਥੇ ਉਹ 2015 ਵਿੱਚ ਸੀ।
ਉਹ ਅਕਾਲੀ ਦਲ ਨੂੰ ਨਾ ਸਿਰਫ ਪਰਿਵਾਰਿਕ ਪਾਰਟੀ ਬਣਾ ਕੇ ਰੱਖਣਾ ਚਾਹੁੰਦੇ ਨੇ ਸਗੋਂ ਸੁਖਬੀਰ ਦੇ ਅੱਧੀ ਕੁ ਦਰਜਨ ਟੁੱਕੜਬੋਚਾਂ ਦਾ ਮੁਕੰਮਲ ਕੰਟਰੋਲ ਵੀ ਚਾਹੁੰਦੇ ਨੇ।
ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਹੈ ਕਿ ਹੁਣ ਉਹ ਕਿਸੇ ਵੇਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਸੋਹਲੇ ਗਾਉਣ ਵਾਲੇ ਹਰਚਰਨ ਬੈਂਸ ਅਤੇ ਸੌਦਾ ਸਾਧ ਨੂੰ ਮਾਫ਼ੀ ਦੁਆਉਣ ਵਿੱਚ ਬਦਕਾਰ ਰੋਲ ਨਿਭਾਉਣ ਵਾਲੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਅਕਾਲ ਤਖਤ ਦੇ ਅਧਿਕਾਰਤ ਬੁਲਾਰੇ ਨਿਯੁਕਤ ਕਰ ਦੇਣ, ਕਿਉਂਕਿ ਦੋ ਦਸੰਬਰ ਵਾਲੇ ਆਦੇਸ਼ ਦੀ ਵਿਆਖਿਆ ਦੀ ਸਾਰੀ ਜਿੰਮੇਵਾਰੀ ਇਨ੍ਹਾਂ ਦੋਹਾਂ ਨੇ ਨਿਭਾਈ ਹੈ ਤੇ ਜੋ ਕੁਝ ਇਨ੍ਹਾਂ ਨੇ ਕਿਹਾ, ਜਥੇਦਾਰ ਸਾਹਿਬ ਨੇ ਉਸਨੂੰ ਸੱਚ ਕਰ ਵਿਖਾਇਆ।
ਹੁਣ ਜਦੋਂ ਗਿਆਨੀ ਗੁਰਬਚਨ ਸਿੰਘ ਵਾਲਾ ਰਸਤਾ ਫੜ ਹੀ ਲਿਆ ਹੈ ਤਾਂ ਸੰਗ ਕਾਹਦੀ?
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣਾ ਨਾਂ ਇਤਿਹਾਸ ਦੇ ਸਿਆਹ ਪੰਨੇ ‘ਤੇ ਪੱਕਾ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਦਾ ਅਸਲ ਸੁਪਰ ਪ੍ਰਧਾਨ “ਮੈਸੰਜਰ ਆਫ਼ ਬਾਦਲਜ਼” ਰਘੂਜੀਤ ਵਿਰਕ ਹੈ।
ਸਿੱਖ ਸੰਸਥਾਵਾਂ ਨੂੰ ਰੋਲਣ ਤੋਂ ਇਲਾਵਾ ਇਨ੍ਹਾਂ ਸਾਰਿਆਂ ਨੇ ਨਹਿਰੂ ਕਾਲ ਤੋਂ ਚੱਲੀ ਆਉਂਦੀ ਅਕਾਲੀ ਸਿਆਸਤ ਨੂੰ ਲੀਹੋਂ ਲਾਹੁਣ ਤੇ ਖਤਮ ਕਰਨ ਦੀ ਨੀਤੀ ‘ਤੇ ਹੀ ਫੁੱਲ ਚੜ੍ਹਾਏ ਨੇ।
#Unpopular_Opinions
#Unpopular_Ideas
#Unpopular_Facts
You must be logged in to post a comment.