Rupinder Gandhi -ਰੁਪਿੰਦਰ ਗਾਂਧੀ ਦਾ ਕਰੀਬੀ ਸਾਥੀ ਹੈਰੋਇਨ ਸਮੇਤ ਕਾਬੂ, ਪੁੱਤ ਨਾਲ ਮਿਲ ਕੇ ਚਿੱਟੇ ਦੀ ਸਪਲਾਈ ਕਰਦਾ ਸੀ ਜਗਪਾਲ ਜੋਗੀ
ਖੰਨਾ: ਸੂਬੇ ਵਿੱਚ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਖ਼ਿਲਾਫ਼ ਚਲ ਰਹੀ ਸਖ਼ਤ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਤਹਿਤ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਰੁਪਿੰਦਰ ਗਾਂਧੀ ਦੇ ਕਰੀਬੀ ਸਾਥੀ ਅਤੇ ਨਾਮੀ ਮੁਲਜ਼ਮ ਜਗਪਾਲ ਸਿੰਘ ਉਰਫ ਜੋਗੀ ਨੂੰ ਹੈਰੋਇਨ ਸਪਲਾਈ ਚੇਨ ਤੋੜ ਕੇ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਡਰੱਗ ਮਨੀ, ਨਜਾਇਜ਼ ਹਥਿਆਰ, ਜਾਅਲੀ ਅਸਲਾ ਲਾਇਸੈਂਸ ਅਤੇ ਵੱਡੀ ਮਾਤਰਾ ਵਿੱਚ ਗੋਲੀ-ਬਾਰੂਦ ਬਰਾਮਦ ਕੀਤਾ ਗਿਆ ਹੈ। ਜੋਗੀ ਨੇ ਆਪਣੇ ਪੁੱਤ ਨੂੰ ਵੀ ਇਸ ਧੰਦੇ ‘ਚ ਸ਼ਾਮਲ ਕੀਤਾ ਹੋਇਆ ਸੀ।
ਹੈਰੋਇਨ ਤੇ ਹਥਿਆਰ ਬਰਾਮਦ
ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਦਰ ਖੰਨਾ ਦੀ ਟੀਮ ਨੇ ਇਹ ਕਾਰਵਾਈ ਪਿੰਡ ਦਹੇੜੂ ਵਿੱਚ ਅਮਲ ਵਿੱਚ ਲਿਆਈ। ਪੁਲਿਸ ਵੱਲੋਂ ਜਗਪਾਲ ਸਿੰਘ ਉਰਫ ਜੋਗੀ ਨੂੰ ਪਹਿਲਾਂ ਤੋਂ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਕੇਸ ਵਿੱਚ ਪਹਿਲਾਂ ਹੀ 2 ਮੁਲਜ਼ਮ ਰਣਦੀਪ ਸਿੰਘ ਅਤੇ ਅਸ਼ਵੀਰ ਨੂੰ ਛੇ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਿਆ ਸੀ। ਤਫਤੀਸ਼ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਾਰਾ ਗਿਰੋਹ ਪਿੰਡਾਂ ਅੰਦਰ ਹੈਰੋਇਨ ਦੀ ਸਪਲਾਈ ਕਰਦਾ ਹੋਇਆ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਰਿਹਾ ਸੀ।
ਪੁੱਤ ਨਾਲ ਮਿਲ ਕੇ ਤਸਕਰੀ
ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ “ਜਗਪਾਲ ਸਿੰਘ ਜੋਗੀ ਖ਼ਿਲਾਫ਼ 20 ਤੋਂ ਵੱਧ ਗੰਭੀਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਰਾਦਾ ਕਤਲ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਸ਼ਾਮਲ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੋਗੀ ਆਪਣੇ ਪੁੱਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ।”
ਇਹ ਕੁਝ ਹੋਇਆ ਬਰਾਮਦ
ਉਨ੍ਹਾਂ ਕਿਹਾ ਕਿ “ਛਾਪੇਮਾਰੀ ਦੌਰਾਨ ਪੁਲਿਸ ਨੇ ਜੋਗੀ ਦੇ ਕਬਜ਼ੇ ਵਿੱਚੋਂ 47,500 ਰੁਪਏ ਡਰੱਗ ਮਨੀ, ਤਰਨਤਾਰਨ ਤੋਂ ਤਿਆਰ ਕੀਤਾ ਜਾਅਲੀ ਅਸਲਾ ਲਾਇਸੈਂਸ, ਨਜਾਇਜ਼ ਪੰਪ ਐਕਸ਼ਨ ਬਾਰਾਂ ਬੋਰ ਰਾਇਫਲ, ਅੱਠ ਰੌਂਦ ਅਤੇ ਚਾਰ ਖਾਲੀ ਖੋਲ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਹਰਬੰਸਪੁਰਾ ਅਤੇ ਹੋਰ ਦੋ ਵਿਅਕਤੀਆਂ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰਦਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਜੀਤ ਸਿੰਘ ਉਰਫ ਗੁਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ 5 ਗ੍ਰਾਮ 50 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਬਾਕੀ ਦੋ ਫਰਾਰ ਸਾਥੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਕੇ ਛਾਪੇਮਾਰੀ ਜਾਰੀ ਹੈ।”
ਰੁਪਿੰਦਰ ਗਾਂਧੀ ਗਰੁੱਪ ਨਾਲ ਜੁੜਿਆ ਮੁਲਜ਼ਮ
ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਗਪਾਲ ਸਿੰਘ ਜੋਗੀ ਦਾ ਪਿਛੋਕੜ ਪੰਜਾਬ ਅੰਦਰ ਸਰਗਰਮ ਰੁਪਿੰਦਰ ਗਾਂਧੀ ਗੈਂਗ ਨਾਲ ਜੁੜਿਆ ਹੈ ਤੇ ਹੁਣ ਵੀ ਜੋਗੀ ਇਸ ਗਰੁੱਪ ਦੀਆਂ ਗਤੀਵਿਧੀਆਂ ‘ਚ ਭਾਗ ਲੈਂਦਾ ਰਹਿੰਦਾ ਸੀ। ਇਸ ਪੱਖ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਖੰਨਾ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਪੁਲਿਸ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

Punjab Spectrum