CM Bhagwant Mann ਦੇ ਪੋਸਟਰ ਪਾੜਨ ਦੇ ਮਾਮਲੇ ’ਚ ਨਸ਼ਾ ਵਿਰੋਧੀ ਕਾਰਕੁਨ ਗ੍ਰਿਫ਼ਤਾਰ
ਵਾਰਿਸ ਪੰਜਾਬ ਵੱਲੋਂ ਪੁਲੀਸ ਕਾਰਵਾਈ ਦੀ ਨਿਖੇਧੀ
ਮੁਸਲਮਾਨ ਤੋਂ ਸਿੱਖ ਬਣਿਆ ਸੀ ਕਰਮਜੀਤ ਸਿੰਘ
ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਪਾੜਨ ਦੇ ਮਾਮਲੇ ਵਿੱਚ ਸਦਰ ਪੁਲੀਸ ਨੇ ਅੱਜ ਦੁਪਹਿਰ ਲੁਬਾਣਾ ਟੇਕੂ ਪਿੰਡ ਦੇ ਨਸ਼ਾ ਵਿਰੋਧੀ ਕਾਰਕੁਨ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਗਰੋਂ ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸ਼ਾਮ ਕਰੀਬ ਚਾਰ ਵਜੇ ਜਦੋਂ ‘ਵਾਰਿਸ ਪੰਜਾਬ’ ਨਾਲ ਜੁੜੇ ਲੋਕ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਦੋਂ ਤੱਕ ਕਰਮਜੀਤ ਸਿੰਘ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਸੀ।
ਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਰਿਸ ਪੰਜਾਬ ਦੇ ਦੇ ਵਰਕਰ ਐੱਸ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਏ।
ਨਾਭਾ ਸਦਰ ਥਾਣੇ ਦੇ ਐੱਸ ਐੱਚ ਓ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਕਰਮਜੀਤ ਸਿੰਘ ਅਤੇ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਮੁਸਲਮਾਨ ਤੋਂ ਸਿੱਖ ਬਣਿਆ ਸੀ ਕਰਮਜੀਤ ਸਿੰਘ
ਕਰਮਜੀਤ ਸਿੰਘ ਦੇ ਪਿਤਾ ਮਹਾ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਪਰਿਵਾਰ ਨੂੰ ਹਰ ਰੋਜ਼ ਇਹ ਡਰ ਰਹਿੰਦਾ ਸੀ ਕਿ ਅੱਜ ਕਰਮਜੀਤ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਗਾ, ਕਿਉਂਕਿ ਉਹ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਸੀ। ਨਸ਼ਾ ਛੁਡਾਊ ਕੇਂਦਰ ਵੀ ਕੋਈ ਕੰਮ ਨਾ ਆਏ। ਅੰਮ੍ਰਿਤਪਾਲ ਸਿੰਘ ਦੇ ਪ੍ਰਭਾਵ ਹੇਠ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਸ ਨੇ ਅੰਮ੍ਰਿਤਪਾਲ ਸਿੰਘ ਦੀ ਮੁਹਿੰਮ ਦੌਰਾਨ ਅੰਮ੍ਰਿਤ ਛਕਿਆ ਅਤੇ ਨਸ਼ੇ ਤਿਆਗ ਕੇ ਹੁਣ ਪਿੰਡ ਦੀ ਨਸ਼ਾ ਰੋਕੂ ਕਮੇਟੀ ਦਾ ਪ੍ਰਧਾਨ ਹੈ। ਕਰਮਜੀਤ ਸਿੰਘ ਪਹਿਲਾਂ ਹੈਪੀ ਖ਼ਾਨ ਹੁੰਦਾ ਸੀ, ਫਿਰ ਉਸ ਨੇ ਸਿੱਖ ਧਰਮ ਅਪਣਾ ਲਿਆ ਅਤੇ ਉਹ ਨਿੱਤਨੇਮ ਕਰਦਾ ਹੈ ਅਤੇ ਉਸ ਦੀ ਪਤਨੀ ਉਸੇ ਛੱਤ ਹੇਠ ਨਮਾਜ਼ ਅਦਾ ਕਰਦੀ ਹੈ। ਪਰਿਵਾਰ ਅਤੇ ਉਸ ਦੇ ਸਾਥੀਆਂ ਦਾ ਦਾਅਵਾ ਹੈ ਕਿ ਕਰਮਜੀਤ ਸਿੰਘ ਨੇ ਪੁਲੀਸ ਨੂੰ ਕਈ ਨਸ਼ਾ ਤਸਕਰਾਂ ਤੱਕ ਪਹੁੰਚਣ ਵਿੱਚ ਵੀ ਸਹਿਯੋਗ ਦਿੱਤਾ ਹੈ।
ਪੰਜਾਬ ਬੰਦ ਦੌਰਾਨ ਪੋਸਟਰ ਪਾੜਨ ਵਾਲੇ ਕਾਰਕੁਨਾਂ ਖ਼ਿਲਾਫ਼ ਕੇਸ ਦਰਜ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਸ਼ਹਿਰ ਵਿੱਚ ਹਾਕਮ ਧਿਰ ਦੇ ਪੋਸਟਰ ਅਤੇ ਹੋਰਡਿੰਗ ਬੋਰਡ ਪਾੜਨ ਵਾਲੇ ਕਾਰਕੁਨਾਂ ਖ਼ਿਲਾਫ਼ ਸਿਟੀ ਪੁਲੀਸ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਫਰੀਦਕੋਟ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ ਗੰਧੜ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਅਤੇ ਸੁਖਦੀਪ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਰਵੀਰ ਕੌਰ ਗੰਧੜ ਨੇ ਕਿਹਾ ਕਿ ਉਨ੍ਹਾਂ ਦਾ ਵਿਖਾਵਾ ਪੂਰੀ ਤਰ੍ਹਾਂ ਸ਼ਾਂਤੀਪੂਰਨ ਸੀ। ਪੁਲੀਸ ਨੇ ਉਨ੍ਹਾਂ ਅਨਸਰਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜੋ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਸਨ, ਸਗੋਂ ਪਰਵਾਸੀ ਮਜ਼ਦੂਰਾਂ ਅਤੇ ਰੇਹੜੀ ਖੋਖਿਆਂ ਵਾਲਿਆਂ ਦੀ ਕੁੱਟਮਾਰ ਕੀਤੀ ਅਤੇ ਲੋਕ ਹਿੱਤਾਂ ਵਿੱਚ ਲੜਨ ਵਾਲੇ ਲੋਕਾਂ ਖ਼ਿਲਾਫ਼ ਰੰਜਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
Punjab Spectrum