Breaking News

Kolkata Durga Puja Stampede: ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ‘ਚ ਮਚੀ ਭਗਦੜ; 17 ਦੀ ਮੌਤ, 25 ਜ਼ਖ਼ਮੀ

Kolkata Durga Puja Stampede: ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ‘ਚ ਮਚੀ ਭਗਦੜ; 17 ਦੀ ਮੌਤ, 25 ਜ਼ਖ਼ਮੀ

ਪੱਛਮੀ ਬੰਗਾਲ ਦੇ ਸਿਹਤ ਮੰਤਰੀ ਸਰਦਵਤ ਮੁਖਰਜੀ ਅਤੇ ਹੋਰ ਸੀਨੀਅਰ ਅਧਿਕਾਰੀ ਤੁਰੰਤ ਹਸਪਤਾਲ ਪੁੱਜੇ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ ਉੱਤਰੀ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਘਟਨਾ ਤੋਂ ਬਾਅਦ ਤੁਰੰਤ ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਪੁੱਜੇ ਮੁੱਖ ਮੰਤਰੀ ਅਧਿਕਾਰੀ ਨੇ ਕਿਹਾ, “17 ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਦਕਿ 25 ਹੋਰ ਜ਼ਖ਼ਮੀ ਹਨ।”

ਉਨ੍ਹਾਂ ਦੱਸਿਆ ਕਿ ਉੱਤਰੀ ਕੋਲਕਾਤਾ ਵਿੱਚ ਚਿਤਰੰਜਨ ਐਵੇਨਿਊ ਨੇੜੇ ਚੋਰਬਗਾਨ ਵਿਖੇ ਦੁਰਗਾ ਪੂਜਾ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਇੱਕ ਐਲਾਨ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਇਹ “ਦਰਦਨਾਕ ਘਟਨਾ” ਵਾਪਰੀ।

ਉੱਥੇ ਹੀ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ, ਚੋਰਬਗਾਨ ਦੁਰਗਾ ਪੂਜਾ ਪੰਡਾਲ ਦੇ ਬਾਹਰ ਉਡੀਕ ਕਰ ਰਹੀ ਭੀੜ ਅੱਗੇ ਵੱਲ ਭੱਜੀ। ਇਸ ਦੌਰਾਨ ਕੁਝ ਲੋਕ ਸੜਕ ‘ਤੇ ਡਿੱਗ ਪਏ, ਜਿਸ ਕਾਰਨ ਭਗਦੜ ਮਚ ਗਈ।

ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਅਤੇ ਮੁੱਖ ਸਕੱਤਰ ਮਨੋਜ ਅਗਰਵਾਲ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਸਰਦਵਤ ਮੁਖਰਜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਸਪਤਾਲ ਪੁੱਜੇ।

ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਆਫ਼ਤ ਪ੍ਰਬੰਧਨ (ਡਿਜ਼ਾਸਟਰ ਮੈਨੇਜਮੈਂਟ) ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਰਬਗਾਨ ਪੂਜਾ ਪੰਡਾਲ ਵਿੱਚ ਪੈਦਾ ਹੋਏ ਇਨ੍ਹਾਂ ਹਾਲਾਤਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, “ਚੋਰਬਗਾਨ ਪੂਜਾ ਪੰਡਾਲ ਵਿੱਚ ਮਚੀ ਭਗਦੜ ਬਾਰੇ ਜਾਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਾ ਹੈ। ਮੈਂ ਮਾਂ ਦੁਰਗਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਜ਼ਖ਼ਮੀ ਜਲਦੀ ਠੀਕ ਹੋ ਜਾਣ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਂਸਲਾ ਅਤੇ ਬਲ ਮਿਲੇ।”