Breaking News

Punjab ਦੀ ਸਿਆਸਤ ਦਾ ਜੈੱਨ-ਜ਼ੀ ਅੰਦਾਜ਼: ਪੈਂਟ-ਸ਼ਰਟ ਪਾ ਕੇ ਨੌਜਵਾਨਾਂ ਵਿੱਚ ਪੁੱਜੇ ਸੁਖਬੀਰ ਬਾਦਲ

Punjab ਦੀ ਸਿਆਸਤ ਦਾ ਜੈੱਨ-ਜ਼ੀ ਅੰਦਾਜ਼: ਪੈਂਟ-ਸ਼ਰਟ ਪਾ ਕੇ ਨੌਜਵਾਨਾਂ ਵਿੱਚ ਪੁੱਜੇ ਸੁਖਬੀਰ ਬਾਦਲ, ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼, ਬਲਤੇਜ ਪੰਨੂੰ ਨੇ ਕੀਤਾ ਤੰਜ

ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਅਤੇ ਸੂਬੇ ਦੇ ਸਿਆਸੀ ਆਗੂਆਂ ਨੇ ਨੌਜਵਾਨ ਪੀੜ੍ਹੀ ਖ਼ਾਸ ਕਰਕੇ ‘ਜੈੱਨ-ਜ਼ੀ’ (Gen-Z) ਵੋਟਰਾਂਤੱਕ ਸਿੱਧੀ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਜੋਕੇ ਦੌਰ ਵਿੱਚ ਨੌਜਵਾਨ ਕਿਸੇ ਵੀ ਚੋਣ ਜਿੱਤਣ ਵਿੱਚ ਸਭ ਤੋਂ ਅਹਿਮ ਕੜੀ ਸਾਬਤ ਹੋ ਰਹੇ ਹਨ, ਜਿਸ ਕਾਰਨ ਲੀਡਰਾਂ ਨੇ ਆਪਣੇ ਰਵਾਇਤੀ ਅੰਦਾਜ਼ ਨੂੰ ਛੱਡ ਕੇ ਨੌਜਵਾਨਾਂ ਦੇ ਹਾਣ ਦਾ ਹੋਣ ਲਈ ਅਨੋਖੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ।

ਭਾਰਤੀ ਰਾਜਨੀਤੀ ਵਿੱਚ ਇਸ ਬਦਲਾਅ ਦੀ ਝਲਕ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਕੌਮੀ ਪੱਧਰ ‘ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਰੁਝਾਨ ਨੂੰ ਸਮਝਦਿਆਂ ਸੈਲਫ਼ੀ ਕੈਮਰੇ ਜ਼ਰੀਏ ਰੀਲਾਂ ਬਣਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਧਾ ਜੁੜਨ ਦਾ ਰਾਹ ਅਪਣਾਇਆ, ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਲਗਾਤਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਖੁੱਲ੍ਹੇ ਗੱਲਬਾਤ ਪ੍ਰੋਗਰਾਮ ਕਰ ਰਹੇ ਹਨ।

ਸੁਖਬੀਰ ਬਾਦਲ ਦਾ ਨਵਾਂ ਅੰਦਾਜ਼: ਕੁੜਤਾ-ਪਜਾਮਾ ਛੱਡ ਪੈਂਟ-ਸ਼ਰਟ ਵਿੱਚ ਪੁੱਜੇ ‘ਵਾਈਬ ਪੰਜਾਬ ਦੀ’ ਮੰਚ ’ਤੇ, ਮੰਚ ‘ਤੇ ਉਨ੍ਹਾਂ ਦੀ ਐਂਟਰੀ ਮਸ਼ਹੂਰ ਗਾਣੇ “ਧੁਰੰਦਰ” ’ਤੇ “ਪੰਜਾਬ ਦੇ ਧੁਰੰਦਰ” ਦੇ ਖਿਤਾਬ ਨਾਲ ਕੀਤੀ ਗਈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ “ਵਾਈਬ ਪੰਜਾਬ ਦੀ” ਬੈਨਰ ਹੇਠ ਜੈੱਨ-ਜ਼ੀ ਵੋਟਰਾਂ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਅੰਦਾਜ਼ ਪੂਰੀ ਤਰ੍ਹਾਂ ਵੱਖਰਾ ਰਿਹਾ। ਸੁਖਬੀਰ ਬਾਦਲ ਆਮ ਤੌਰ ‘ਤੇ ਪਹਿਨੇ ਜਾਣ ਵਾਲੇ ਰਵਾਇਤੀ ਕੁੜਤੇ-ਪਜਾਮੇ ਦੀ ਬਜਾਏ ਖਾਸ ਤੌਰ ‘ਤੇ ਪੈਂਟ-ਸ਼ਰਟ ਪਾ ਕੇ ਵਿਦਿਆਰਥੀਆਂ ਵਿੱਚ ਪਹੁੰਚੇ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਮੰਚ ‘ਤੇ ਉਨ੍ਹਾਂ ਦੀ ਐਂਟਰੀ ਮਸ਼ਹੂਰ ਗਾਣੇ “ਧੁਰੰਦਰ” ’ਤੇ “ਪੰਜਾਬ ਦੇ ਧੁਰੰਦਰ” ਦੇ ਖਿਤਾਬ ਨਾਲ ਕੀਤੀ ਗਈ। ਇਸ ਮੌਕੇ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਰੋਜ਼ਾਨਾ 3 ਤੋਂ 4 ਘੰਟੇ ਯੂਟਿਊਬ ਅਤੇ ਇੰਸਟਾਗ੍ਰਾਮ ‘ਤੇ ਬਿਤਾਉਂਦੇ ਹਨ, ਜਿਸ ਕਾਰਨ ਕਈ ਵਾਰ ਘਰ ਵਿੱਚ ਲੜਾਈ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀਬਾੜੀ ਅਤੇ ਪਾਲਤੂ ਜਾਨਵਰ ਰੱਖਣ ਦਾ ਬਹੁਤ ਸ਼ੌਕ ਹੈ; ਉਨ੍ਹਾਂ ਕੋਲ 60 ਤੋਂ 70 ਕਿਸਮਾਂ ਦੇ ਮੁਰਗੇ ਅਤੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਹਨ।

ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਉਹ ਪ੍ਰਕਾਸ਼ ਸਿੰਘ ਬਾਦਲ ਵਰਗੇ ਬਣਨ, ਪਰ ਅਜਿਹਾ ਸੰਭਵ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਮਿਟਮੈਂਟ ਲੇਵਲ ਅੱਜ ਦੀ ਲੀਡਰਸ਼ਿਪ ਨਾਲੋਂ ਬਹੁਤ ਜ਼ਿਆਦਾ ਸੀ। ਉਨ੍ਹਾਂ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਭੰਗੜਾ ਟੀਮ ਦੇ ਕੈਪਟਨ ਰਹੇ ਹਨ।

ਨੌਜਵਾਨਾਂ ਅਤੇ ਜੈੱਨ-ਜ਼ੀ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਸੁਖਬੀਰ ਬਾਦਲ ਨੇ ਕਈ ਵੱਡੇ ਵਾਅਦੇ
ਸੁਖਬੀਰ ਬਾਦਲ ਨੇ ਕਿਹਾ ਸਰਕਾਰ ਬਨਣ ’ਤੇ ਸੂਬੇ ਵਿੱਚ ਸਿੱਖਿਆ ਮੁਫ਼ਤ ਕੀਤੀ ਜਾਵੇਗੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵੀ ਪੰਜਾਬ ਦੇ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਹੋਣਗੀਆਂ ਜਿਸ ਦਾ ਖਰਚਾ ਸਰਕਾਰ ਚੁੱਕੇਗੀ। ਇਸ ਤੋਂ ਇਲਾਵਾ ਸਾਰੇ ਵਸਨੀਕਾਂ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਮੈਡੀਕਲ ਬੀਮਾ ਦਿੱਤਾ ਜਾਵੇਗਾ।

ਉਨ੍ਹਾਂ ਐਲਾਨ ਕੀਤਾ ਕਿ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਫ਼ੈਸਲਾ ਲਿਆ ਜਾਵੇਗਾ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਵਿਅਕਤੀ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਪਰਿਵਾਰ ਦੀ ਜਾਇਦਾਦ ਜ਼ਬਤ ਹੋਵੇਗੀ। ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦੇ ਵਿਆਜ-ਮੁਕਤ ਕਰਜ਼ੇ ਅਤੇ ਖੇਤੀਬਾੜੀ ਸਕੀਮਾਂ ‘ਤੇ 75 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਆਪਣੀ ਮਸ਼ਹੂਰੀ ਅਤੇ ਹੋਰਡਿੰਗਾਂ ‘ਤੇ 500 ਕਰੋੜ ਰੁਪਏ ਖਰਚ ਕੀਤੇ ਹਨ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ‘ਜੈੱਨ-ਜ਼ੀ’ ਵੋਟਰਾਂ ਦੀ ਸੋਚ ਨੂੰ ਸਮਝਣਾ ਅਤੇ ਉਨ੍ਹਾਂ ਦੀ ਭਾਸ਼ਾ ਵਿੱਚ ਗੱਲ ਕਰਨਾ ਹਰ ਸਿਆਸੀ ਪਾਰਟੀ ਲਈ ਲਾਜ਼ਮੀ ਹੋ ਗਿਆ ਹੈ, ਇਹੀ ਕਾਰਨ ਹੈ ਕਿ ਆਗੂ ਆਪਣੀ ਪੁਰਾਣੀ ਛਵੀ ਨੂੰ ਤਿਆਰ ਕਰਕੇ ਨੌਜਵਾਨਾਂ ਦੇ ਰੂਬਰੂ ਹੋ ਰਹੇ ਹਨ।