Mad Sandhu Murder: ਪੁਲੀਸ ਨੇ ਸੁਲਝਾਇਆ ਕਤਲ ਮਾਮਲਾ; ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ
Mad Sandhu Murder: ਪੁਲੀਸ ਨੇ ਸੁਲਝਾਇਆ ਕਤਲ ਮਾਮਲਾ; ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ
ਅੰਮ੍ਰਿਤਸਰ ਤੇ ਗੁਜਰਾਤ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਮੁੱਖ ਸ਼ੂਟਰ ਕਾਬੂ; ਸਕੈਨਰ ਰਾਹੀਂ ਮਿਲੀ ਲੋਕੇਸ਼ਨ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਗੁਜਰਾਤ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਕੇਸ ਨੂੰ ਸੁਲਝਾਉਂਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 3 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਗੋਲੀ ਮਾਰ ਕੇ ਮੈਡ ਸੰਧੂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਕੈਂਟ, ਅੰਮ੍ਰਿਤਸਰ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖ਼ਾਸ, ਜਲੰਧਰ ਦਿਹਾਤੀ), ਅਮਨਦੀਪ ਸਿੰਘ (ਵਾਸੀ ਤਾਸ਼ਪੁਰ, ਕਪੂਰਥਲਾ), ਪਰਮਵੀਰ ਸਿੰਘ (ਵਾਸੀ ਲੋਹੀਆਂ ਖ਼ਾਸ, ਜਲੰਧਰ ਦਿਹਾਤੀ), ਬਲਜਿੰਦਰ ਸਿੰਘ ਉਰਫ਼ ਲਾਲੀ (ਵਾਸੀ ਪਿੰਡ ਦਿਲਾਵਰਪੁਰ, ਤਰਨਤਾਰਨ), ਬਲਰਾਜ ਸਿੰਘ ਉਰਫ਼ ਬੰਟੀ (ਵਾਸੀ ਖਲਚੀਆਂ, ਅੰਮ੍ਰਿਤਸਰ ਦਿਹਾਤੀ) ਅਤੇ ਵਿਕਾਸ ਸਿੰਘ (ਵਾਸੀ ਖਲਚੀਆਂ, ਅੰਮ੍ਰਿਤਸਰ ਦਿਹਾਤੀ) ਵਜੋਂ ਹੋਈ ਹੈ।

ਇੱਕ ਪੱਤਰਕਾਰ ਸੰਮੇਲਨ ਦੌਰਾਨ ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਮੁੱਖ ਸ਼ੂਟਰ ਤੇ ਮੁੱਖ ਮੁਲਜ਼ਮ ਪਰਮਿੰਦਰ ਉਰਫ਼ ਕਾਕਾ ਵੀ ਸ਼ਾਮਲ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਗੁਜਰਾਤ ਪੁਲੀਸ ਨਾਲ ਮਿਲ ਕੇ ਉਸ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਅੰਮ੍ਰਿਤਸਰ ਪੁਲੀਸ ਦੀ ਟੀਮ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਨ ਲਈ ਹਵਾਈ ਜਹਾਜ਼ ਰਾਹੀਂ ਗੁਜਰਾਤ ਲਈ ਰਵਾਨਾ ਹੋ ਗਈ ਹੈ। ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਮੁਲਜ਼ਮ ਨੂੰ ਅਗਲੇਰੀ ਜਾਂਚ ਲਈ ਜਲਦੀ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਡੀਸੀਪੀ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਮਾਮਲੇ ਦੀ ਹਰ ਪੱਖ ਤੋਂ ਘੋਖ ਕੀਤੀ ਜਾ ਰਹੀ ਸੀ। ਪੁਲੀਸ ਨੇ ਪਹਿਲਾਂ ਮਦਦ ਮੁਹੱਈਆ ਕਰਵਾਉਣ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਸੀ, ਜਿਸ ਤੋਂ ਗੁਜਰਾਤ ’ਚ ਲੁਕੇ ਮੁੱਖ ਮੁਲਜ਼ਮ ਬਾਰੇ ਜਾਣਕਾਰੀ ਮਿਲੀ। ਮੁੱਖ ਮੁਲਜ਼ਮ ਨੇ ਮਦਦਗਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ। ਪੁਲੀਸ ਨੇ ਮਦਦਗਾਰ ਰਾਹੀਂ ਉਸ ਨੂੰ ਇੱਕ QR ਸਕੈਨਰ ਭੇਜਿਆ ਅਤੇ ਜਿਵੇਂ ਹੀ ਉਸ ਨੇ ਸਕੈਨਰ ਦੀ ਵਰਤੋਂ ਕੀਤੀ, ਉਸ ਦੀ ਲੋਕੇਸ਼ਨ ਟਰੇਸ ਹੋ ਗਈ। ਗੁਜਰਾਤ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਲਿਆ ਕੇ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਦੂਜੇ ਸ਼ੂਟਰ ਅਤੇ ਕਤਲ ਦੇ ਮੁੱਖ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
Punjab Spectrum
You must be logged in to post a comment.