Flydubai Pilot Iran: ਇਜ਼ਰਾਈਲ ਜਾ ਰਹੀ ਫਲਾਈਦੁਬਈ ਉਡਾਣ ਦੇ ਪਾਇਲਟ ਦਾ ਇਰਾਨ ਨਾਲ ਸਬੰਧ ਹੋਣ ਦਾ ਖਦਸ਼ਾ: ਟਰੰਪ
ਜੇ ਹਮਲੇ ਪਿੱਛੇ ਇਰਾਨ ਹੋਇਆ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ
Flydubai Pilot Iran: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਜਾ ਰਹੀ ਫਲਾਈਦੁਬਈ ਦੀ ਉਡਾਣ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੋ-ਪਾਇਲਟ ਦਾ ਇਰਾਨ ਨਾਲ ਸਬੰਧ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ।
ਵ੍ਹਾਈਟ ਹਾਊਸ ਵਿੱਚ ਵੀਰਵਾਰ ਨੂੰ ਪੱਤਰਕਾਰਾਂ ਨੇ ਟਰੰਪ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਜਹਾਜ਼ ਵਿੱਚ ਹੋਏ ਹਮਲੇ ਅਤੇ ਇਰਾਨ ਵਿਚਾਲੇ ਕਿਸੇ ਸਬੰਧ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ’ਤੇ ਟਰੰਪ ਨੇ ਕਿਹਾ, “ਅਸੀਂ ਇਸ ’ਤੇ ਕੰਮ ਕਰ ਰਹੇ ਹਾਂ।”

ਟਰੰਪ ਨੇ ਕਿਹਾ, “ਜੋ ਕੁਝ ਮੈਂ ਸੁਣ ਰਿਹਾ ਹਾਂ, ਉਸ ਦੇ ਆਧਾਰ ’ਤੇ ਮੈਂ ਕਹਾਂਗਾ ਕਿ ਜਵਾਬ ਹਾਂ ਹੈ ਪਰ ਅਸੀਂ ਇਸ ’ਤੇ ਇਸ ਸਮੇਂ ਕੰਮ ਕਰ ਰਹੇ ਹਾਂ।” ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ।
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਜੇਕਰ ਇਸ ਹਮਲੇ ਪਿੱਛੇ ਇਰਾਨ ਦਾ ਹੱਥ ਹੋਇਆ ਤਾਂ ਕੀ ਅਮਰੀਕਾ ਤਹਿਰਾਨ ਵਿਰੁੱਧ ਜਵਾਬੀ ਕਾਰਵਾਈ ਕਰੇਗਾ, ਤਾਂ ਉਨ੍ਹਾਂ ਕਿਹਾ, “ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇਗਾ, ਚਿੰਤਾ ਨਾ ਕਰੋ।”
ਕੋ-ਪਾਇਲਟ ਨੇ ਕਪਤਾਨ ਨੂੰ ਚਾਕੂ ਮਾਰ ਕੇ ਜਹਾਜ਼ ਹੇਠਾਂ ਲਿਆਂਦਾ
ਇਹ ਘਟਨਾ ਬੁੱਧਵਾਰ ਨੂੰ ਫਲਾਈਦੁਬਈ ਦੀ ਦੁਬਈ ਤੋਂ ਤਲ ਅਵੀਵ ਜਾ ਰਹੀ ਉਡਾਣ ਵਿੱਚ ਵਾਪਰੀ ਸੀ। ਜਹਾਜ਼ ਵਿੱਚ 174 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਇਜ਼ਰਾਈਲੀ ਯਾਤਰੀ ਸਨ। ਏਪੀ ਮੁਤਾਬਕ ਕੋ-ਪਾਇਲਟ ਨੇ ਜਹਾਜ਼ ਦੇ ਭਾਰਤੀ ਕੈਪਟਨ ਨੂੰ ਚਾਕੂ ਮਾਰ ਦਿੱਤਾ ਅਤੇ ਕਥਿਤ ਤੌਰ ’ਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਹਮਲੇ ਤੋਂ ਬਾਅਦ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗਾ। ਜ਼ਖ਼ਮੀ ਕੈਪਟਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਕੁਝ ਯਾਤਰੀ ਅਤੇ ਹੋਰ ਕਰਮਚਾਰੀ ਅੰਦਰ ਪਹੁੰਚੇ ਅਤੇ ਹਮਲਾਵਰ ਨੂੰ ਕਾਬੂ ਕੀਤਾ। ਇਸ ਦੌਰਾਨ ਜਹਾਜ਼ ਦੀ ਸਾਊਦੀ ਅਰਬ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਹਮਲਾਵਰ ਓਮਾਨ ਦਾ ਨਾਗਰਿਕ ਦੱਸਿਆ ਗਿਆ ਹੈ ਅਤੇ ਉਸ ਨੂੰ ਸਾਊਦੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਹਮਲੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।

ਇਸ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਲਾਵਰ ਬਾਰੇ ਕੁਝ ਦਾਅਵੇ ਕੀਤੇ ਸਨ, ਪਰ ਜਾਂਚ ਅਧਿਕਾਰੀਆਂ ਵੱਲੋਂ ਹਮਲੇ ਦੇ ਕਾਰਨ ਅਤੇ ਕਿਸੇ ਸੰਭਾਵਿਤ ਸਾਜ਼ਿਸ਼ ਬਾਰੇ ਅਜੇ ਅੰਤਿਮ ਜਾਣਕਾਰੀ ਨਹੀਂ ਦਿੱਤੀ ਗਈ।
ਹਮਲੇ ਦੌਰਾਨ ਜਹਾਜ਼ ਦੇ ਭਾਰਤੀ ਕੈਪਟਨ ਨੇ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਯਾਤਰੀਆਂ ਨੇ ਕੋ-ਪਾਇਲਟ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ ਅਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਵਿੱਚ ਸਹਾਇਤਾ ਕੀਤੀ।
ਜਹਾਜ਼ ਦੇ ਸੁਰੱਖਿਅਤ ਤਰੀਕੇ ਨਾਲ ਸਾਊਦੀ ਅਰਬ ਵਿੱਚ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਇੱਕ ਹੋਰ ਉਡਾਣ ਰਾਹੀਂ ਇਜ਼ਰਾਈਲ ਪਹੁੰਚਾਇਆ ਗਿਆ। ਹਮਲੇ ਦੌਰਾਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ।
Flydubai Cockpit Brawl: ਜਹਾਜ਼ ਨੂੰ ‘ਕਰੈਸ਼’ ਹੋਣ ਤੋਂ ਬਚਾਉਣ ਲਈ ਕੋ-ਪਾਇਲਟ ਨਾਲ ਭਿੜਿਆ ਭਾਰਤੀ ਕੈਪਟਨ: ਮੀਡੀਆ ਰਿਪੋਰਟ
Punjab Spectrum
You must be logged in to post a comment.