Breaking News

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ
ਪਾਕਿਸਤਾਨੀ ਮੂਲ ਦਾ ਹੋ ਸਕਦਾ ਹੈ ਹਮਲੇ ’ਚ ਵਰਤਿਆ ਪਿਸਤੌਲ ਤੇ ਕਾਰਤੂਸ; ਪੰਜਾਬ ਪੁਲੀਸ ਨੇ ਹਥਿਆਰਾਂ ਦੀ ਤਸਕਰੀ ਬਾਰੇ ਕੇਂਦਰ ਨੂੰ ਦਿੱਤੀ ਚਿਤਾਵਨੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਜਾਂਚ ਦੀਆਂ ਤਾਰਾਂ ਹੁਣ ਅੰਮ੍ਰਿਤਸਰ ਨਾਲ ਜੁੜ ਗਈਆਂ ਹਨ। ਸੁਰੱਖਿਆ ਏਜੰਸੀਆਂ ਉਸ ਵਿਅਕਤੀ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ ਜਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਮੁਹੱਈਆ ਕਰਵਾਏ ਸਨ।

ਸੂਤਰਾਂ ਮੁਤਾਬਕ ਵਾਰਦਾਤ ਲਈ ਵਰਤਿਆ ਗਿਆ ਹਥਿਆਰ ਅਤੇ ਗੋਲਾ-ਬਾਰੂਦ ਅੰਮ੍ਰਿਤਸਰ ਦੇ ਇੱਕ ਵਿਅਕਤੀ ਕੋਲੋਂ ਲਿਆ ਗਿਆ ਸੀ ਅਤੇ ਪੂਰਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਖ਼ੇਪ ਪਾਕਿਸਤਾਨ ਤੋਂ ਤਸਕਰੀ ਰਾਹੀਂ ਮੰਗਵਾਈ ਗਈ ਸੀ। ਪੰਜਾਬ ਪੁਲੀਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਡਰੋਨਾਂ ਰਾਹੀਂ ਪੰਜਾਬ ਅੰਦਰ ਵੱਡੇ ਪੱਧਰ ’ਤੇ ਹਥਿਆਰਾਂ ਦੀ ਸਪਲਾਈ ਧੱਕ ਰਹੀ ਹੈ। ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਵਧ ਰਹੀ ਇਸ ਗ਼ੈਰ-ਕਾਨੂੰਨੀ ਤਸਕਰੀ ਬਾਰੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਸ ਸਰਹੱਦੀ ਸੂਬੇ ਵਿੱਚ ਪੁੱਜ ਰਹੇ ਆਧੁਨਿਕ ਹਥਿਆਰਾਂ ਦੀ ਵਰਤੋਂ ਗੈਂਗਸਟਰ ਅਤੇ ਦਹਿਸ਼ਤਗਰਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਾਰਦਾਤਾਂ ਅੰਜਾਮ ਦੇਣ ਲਈ ਕਰ ਸਕਦੇ ਹਨ।

ਫ਼ਿਲਮੀ ਹਸਤੀਆਂ ’ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਮਲਿਆਂ ਵਿੱਚ ਪਹਿਲਾਂ ਵੀ ਪੰਜਾਬ ਤੋਂ ਹਥਿਆਰ ਸਪਲਾਈ ਹੋਣ ਦੇ ਖ਼ੁਲਾਸੇ ਹੋਏ ਹਨ। ਅਪਰੈਲ 2024 ਵਿੱਚ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਵੀ ਮੁੰਬਈ ਪੁਲੀਸ ਨੇ ਸੰਗਰੂਰ ਤੋਂ ਦੋ ਹਥਿਆਰ ਸਪਲਾਇਰਾਂ ਨੂੰ ਕਾਬੂ ਕੀਤਾ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਜ਼ਾ ਹਮਲੇ ਲਈ ਹਥਿਆਰ ਅੰਮ੍ਰਿਤਸਰ ਦੇ ਇੱਕ ਵਿਅਕਤੀ ਪਾਸੋਂ ਹਾਸਲ ਕੀਤਾ ਗਿਆ ਸੀ।

ਰਿਪੋਰਟਾਂ ਅਨੁਸਾਰ ਦਿੱਲੀ ਪੁਲੀਸ ਨੇ ਇਸ ਸਬੰਧੀ ਚਾਰ ਜਣਿਆਂ- ਸੋਨੀਪਤ ਦੇ ਕੁਨਾਲ (21) ਤੇ ਸੁਮਿਤ (19) ਅਤੇ ਉੱਤਰ ਪ੍ਰਦੇਸ਼ ਦੀਆਂ ਰਾਧਾ (23) ਤੇ ਬਬੀਤਾ (23) ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਅਨੁਸਾਰ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਏ ਕੁਨਾਲ ਦਾ ਸੰਪਰਕ ਅਨਿਲ ਪੰਡਿਤ ਨਾਲ ਕਰਵਾਇਆ ਗਿਆ ਸੀ। ਮੂਲ ਰੂਪ ਵਿੱਚ ਪਾਣੀਪਤ ਦਾ ਰਹਿਣ ਵਾਲਾ 32 ਸਾਲਾ ਅਨਿਲ ਪੰਡਿਤ ਇਸ ਵੇਲੇ ਅਮਰੀਕਾ ਵਿੱਚ ਬੈਠਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਕਥਿਤ ਸਾਥੀ ਦੱਸਿਆ ਜਾਂਦਾ ਹੈ। ਪੰਡਿਤ ਦੇ ਇਸ਼ਾਰੇ ’ਤੇ ਕੁਨਾਲ ਅਤੇ ਸੁਮਿਤ ਨੇ ਅੰਮ੍ਰਿਤਸਰ ਤੋਂ ਇੱਕ ਪਿਸਤੌਲ ਅਤੇ 20 ਕਾਰਤੂਸ ਹਾਸਲ ਕੀਤੇ ਸਨ। ਇਸ ਮਗਰੋਂ ਕੁਨਾਲ ਨੇ ਰਾਧਾ ਨੂੰ ਇਹ ਹਥਿਆਰ ਮੁੰਬਈ ਪਹੁੰਚਾਉਣ ਲਈ ਰਾਜ਼ੀ ਕੀਤਾ। ਰਾਧਾ ਅਤੇ ਬਬੀਤਾ 15 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋ ਕੇ 17 ਅਕਤੂਬਰ ਨੂੰ ਮੁੰਬਈ ਪੁੱਜੀਆਂ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੋਟਲ ਨੇੜੇ ਇੱਕ ਨਾਬਾਲਗ ਲੜਕੇ ਨੇ ਰਾਧਾ ਤੋਂ ਹਥਿਆਰਾਂ ਵਾਲਾ ਬੈਗ ਲਿਆ। ਇਸ ਤੋਂ ਅਗਲੀ ਸ਼ਾਮ ਹੀ ਗੋਲੀਬਾਰੀ ਦੀ ਘਟਨਾ ਵਾਪਰ ਗਈ। ਦੋਵੇਂ ਔਰਤਾਂ 18 ਅਕਤੂਬਰ ਨੂੰ ਦਿੱਲੀ ਪਰਤ ਆਈਆਂ, ਜਿਨ੍ਹਾਂ ਨੂੰ 20 ਅਕਤੂਬਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁੰਬਈ ਪੁਲੀਸ ਨੇ ਇਨ੍ਹਾਂ ਚਾਰਾਂ ਦਾ ਤਿੰਨ ਦਿਨਾਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਐਤਵਾਰ ਨੂੰ ਜਦੋਂ ਟਾਈਗਰ ਸ਼ਰੌਫ਼ ਜੁਹੂ ਸਥਿਤ ਪੁਸ਼ਪਾ ਪਾਰਕ ਨੇੜੇ ਫੁੱਟਬਾਲ ਮੈਦਾਨ ਤੋਂ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ’ਤੇ ਤਿੰਨ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਅਦਾਕਾਰ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਵਾਰਦਾਤ ਦੇ ਕੁਝ ਘੰਟਿਆਂ ਬਾਅਦ ਆਪਣੇ ਆਪ ਨੂੰ ਅਨਿਲ ਪੰਡਿਤ ਦੱਸਣ ਵਾਲੇ ਇੱਕ ਵਿਅਕਤੀ ਨੇ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਧਮਕੀ ਦਿੱਤੀ ਕਿ ਫ਼ਿਲਮ ਇੰਡਸਟਰੀ ਵਿੱਚ ਜੋ ਵੀ ਸਲਮਾਨ ਖ਼ਾਨ ਨਾਲ ਕੰਮ ਕਰੇਗਾ, ਅਗਲਾ ਨਿਸ਼ਾਨਾ ਉਹੀ ਹੋਵੇਗਾ।

ਪੰਜਾਬ ਪੁਲੀਸ ਵੱਲੋਂ ਸਰਹੱਦ ਪਾਰੋਂ ਹਥਿਆਰਾਂ ਦੀ ਬਰਾਮਦਗੀ ਦੇ ਅੰਕੜੇ ਲਗਾਤਾਰ ਜਨਤਕ ਕੀਤੇ ਜਾਂਦੇ ਹਨ। ਡੀਜੀਪੀ ਗੌਰਵ ਯਾਦਵ ਨੇ 14 ਸਤੰਬਰ ਨੂੰ ਖ਼ੁਲਾਸਾ ਕੀਤਾ ਸੀ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਮਾਰਚ 2022 ਤੋਂ ਹੁਣ ਤੱਕ 92 ਦਹਿਸ਼ਤੀ ਮੌਡਿਊਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ 54 ਰਾਈਫਲਾਂ, 599 ਰਿਵਾਲਵਰ ਤੇ ਪਿਸਤੌਲ, 131 ਹੈਂਡ ਗ੍ਰਨੇਡ, 38 ਆਈਈਡੀ ਅਤੇ 28.887 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਸੂਬੇ ਵਿੱਚ ਨਜ਼ਰ ਆਏ 1,493 ਡਰੋਨਾਂ ਵਿੱਚੋਂ 952 ਨੂੰ ਡੇਗਣ ਜਾਂ ਜ਼ਬਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।