Parvinder Jhota Murder: ਪੁਲੀਸ ਵੱਲੋਂ ਮੁੱਖ ਮੁਲਜ਼ਮ ਦੀ ਪਤਨੀ ਗ੍ਰਿਫ਼ਤਾਰ
ਨਸ਼ਾ ਵਿਰੋਧੀ ਕਾਰਕੁਨ ਕਤਲ ਮਾਮਲੇ ਵਿੱਚ ਤਿੰਨ ਮੁਲਜ਼ਮ ਕਾਬੂ, ਇਕ ਹਾਲੇ ਵੀ ਫਰਾਰ: ਐੱਸ ਐੱਸ ਪੀ
Parvinder Jhota Murder: ਪਰਵਿੰਦਰ ਸਿੰਘ ਝੋਟਾ ਕਤਲ ਦੇ ਮਾਮਲੇ ਵਿਚ ਮਾਨਸਾ ਪੁਲੀਸ ਵਲੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਵਲੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ, ਉਸ ਦਾ ਸਾਥ ਦੇਣ ਵਾਲੇ ਵਿਪਨ ਗਰਗ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਅਦਾਲਤ ਪਾਸੋਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਐਸ ਐਸ ਪੀ ਵੈਭਵ ਚੌਧਰੀ ਨੇ ਅੱਜ ਦੇਰ ਸ਼ਾਮ ਦਾਅਵਾ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਤਿੰਨ ਮੁਲਜ਼ਮ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਹਨ। ਇਕ ਵਿਅਕਤੀ ਲਾਡੀ ਵਾਸੀ ਖਾਰਾ ਬਰਨਾਲਾ ਹਾਲੇ ਗ੍ਰਿਫਤ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਸਾਥ ਦੇਣ ਵਾਲੀ ਉਸ ਦੀ ਪਤਨੀ ਨੀਲਮ ਰਾਣੀ ਨੂੰ ਵੀ ਮਾਨਸਾ ਪੁਲੀਸ ਵੱਲੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੌਥਾ ਮੁਲਜ਼ਮ ਵੀ ਛੇਤੀ ਪੁਲੀਸ ਦੀ ਗ੍ਰਿਫਤ ਵਿਚ ਹੋਵੇਗਾ।

ਮਾਨਸਾ ਪੁਲੀਸ ਵੱਲੋਂ ਅੱਜ ਪਰਵਿੰਦਰ ਸਿੰਘ ਝੋਟੇ ਦੇ ਕੇਸ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਅਤੇ ਉਸ ਨੂੰ ਪਨਾਹ ਦੇਣ ਵਾਲੇ ਵਿਪਨ ਗਰਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀ ਜੀ ਐੱਮ ਸ੍ਰੀ ਰਾਜਿੰਦਰ ਪ੍ਰਸ਼ਾਦ ਦੀ ਅਦਾਲਤ ਵੱਲੋਂ ਦੋਵਾਂ ਮੁਲਜ਼ਮਾਂ ਨੂੰ 22 ਅਕਤੂਬਰ ਤੱਕ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਮੁਲਜ਼ਮਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਮਾਨਸਾ ਪੁਲੀਸ ਦੇ ਇੱਕ ਅਧਿਕਾਰੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਪਰਵਿੰਦਰ ਝੋਟੇ ਦੀ ਹੱਤਿਆ ਕਰਨ ਮਗਰੋਂ ਫਰਾਰ ਹੋਏ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਬੀਤੇ ਦਿਨ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਣਾ ਸਿਟੀ-2 ਪੁਲੀਸ ਨੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਫ਼ੌਜੀ ਭੀਮ ਸਿੰਘ ਦੇ ਬਿਆਨ ’ਤੇ ਦੁਕਾਨਦਾਰ ਅਸ਼ਵਨੀ ਕੁਮਾਰ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ਨੇ ਦੱਸਿਆ ਸੀ ਕਿ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਥੇ ਹੀ ਇਸ ਮਾਮਲੇ ‘ਚ ਮਾਨਸਾ ਦੇ ਥਾਣਾ ਸਿਟੀ -2 ਦੀ ਮਹਿਲਾ ਐੱਸ ਐੱਚ ਓ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਵੱਲੋਂ ਕਈ ਸ਼ਿਕਾਇਤਾਂ ਤੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ‘ਤੇ ਕੋਈ ਕਾਰਵਾਈ ਨਾ ਕਰਨ ਦੀ ਵੀ ਗੱਲ ਕਹੀ ਗਈ ਸੀ। ਐੱਸ ਐੱਸ ਪੀ ਮਾਨਸਾ ਵੈਭਵ ਚੌਧਰੀ ਨੇ ਦੱਸਿਆ ਕਿ ਥਾਣਾ ਸਿਟੀ 2 ਦੀ ਮਹਿਲਾ ਐੱਸ ਐੱਚ ਓ ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਰਿਹਾ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਕਾਰੋਬਾਰੀ ਅਤੇ ਵਪਾਰਕ ਅਦਾਰੇ ਬੰਦ ਰਹੇ। ਬਾਜ਼ਾਰਾਂ ਅਤੇ ਸੜਕਾਂ ’ਤੇ ਸੁੰਨ ਪਸਰੀ ਹੋਈ ਸੀ। ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸਰਕਾਰੀ ਬੱਸਾਂ ਤਾਂ ਚੱਲੀਆਂ ਪਰ ਉਨ੍ਹਾਂ ’ਚ ਮੁਸਾਫ਼ਰ ਘੱਟ ਸਨ। ਮੈਡੀਕਲ ਸਟੋਰ ਖੁੱਲ੍ਹੇ ਰਹੇ ਅਤੇ ਕਈ ਸ਼ਹਿਰਾਂ ’ਚ ਦੁਕਾਨਾਂ ਬੰਦ ਵੀ ਕਰਾਈਆਂ ਗਈਆਂ।
ਪੰਜਾਬ ਬੰਦ ਦੀ ਅਗਵਾਈ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ, ਪੰਜਾਬ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ, ਸੰਯੁਕਤ ਕਿਸਾਨ ਮੋਰਚਾ, ਕਿਸਾਨ ਅਤੇ ਮਜ਼ਦੂਰ ਧਿਰਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੁਲਾਜ਼ਮ ਧਿਰਾਂ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਨੇ ਵੀ ਕੀਤੀ। ਸੜਕਾਂ ’ਤੇ ਜ਼ਿਆਦਾ ਅਕਾਲੀ ਦਲ (ਵਾਰਿਸ ਪੰਜਾਬ) ਦੇ ਕਾਰਕੁਨ ਨਜ਼ਰ ਆਏ। ਮਾਨਸਾ ਪੂਰੀ ਤਰ੍ਹਾਂ ਬੰਦ ਰਿਹਾ।
Punjab Spectrum
You must be logged in to post a comment.