Kullad Pizza Couple: ਕੁੱਲੜ ਪੀਜ਼ਾ ਵਾਲੇ ਸਹਿਜ ਅਰੋੜਾ ਨੇ Mad Sandhu ਦੀ ਹੱਤਿਆ ਮਗਰੋਂ ਚੁੱਕੇ ਸਵਾਲ
‘ਕਿਸੇ ਦੀ ਮੌਤ ਦਾ ਜਸ਼ਨ ਮਨਾਉਣਾ ਸ਼ਰਮਨਾਕ’; ਪੰਜਾਬ ਛੱਡਣ ਦੀ ਵੀ ਦੱਸੀ ਵਜ੍ਹਾ
Mad Sandhu Murder: ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਮਗਰੋਂ ਕੁੱਲੜ ਪੀਜ਼ਾ ਕੱਪਲ ਦੇ ਸਹਿਜ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸਹਿਜ ਅਰੋੜਾ ਨੇ ਮੈਡ ਸੰਧੂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ।
ਮੌਤ ’ਤੇ ਟਿੱਪਣੀਆਂ ਕਰਨ ’ਤੇ ਇਤਰਾਜ਼
ਸਹਿਜ ਅਰੋੜਾ ਨੇ ਮੈਡ ਸੰਧੂ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਕੁਝ ਟਿੱਪਣੀਆਂ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ’ਤੇ ਖੁਸ਼ੀ ਮਨਾਉਣਾ ਜਾਂ ਉਸ ਦੀ ਮੌਤ ਨੂੰ ‘ਗੰਦਗੀ ਸਾਫ਼ ਹੋਣਾ’ ਦੱਸਣਾ ਗਲਤ ਹੈ। ਉਨ੍ਹਾਂ ਕਿਹਾ ਕਿ ਮੈਡ ਸੰਧੂ ਵੀ ਇਨਸਾਨ ਸੀ ਅਤੇ ਮੇਕਅਪ ਆਰਟਿਸਟ ਵਜੋਂ ਆਪਣਾ ਕੰਮ ਕਰ ਰਿਹਾ ਸੀ। ਕਿਸੇ ਦੀ ਮੌਤ ਦਾ ਜਸ਼ਨ ਮਨਾਉਣਾ ਸ਼ਰਮਨਾਕ ਹੈ।
‘ਢਾਈ ਸਾਲ ਤੱਕ ਪ੍ਰੇਸ਼ਾਨ ਕੀਤਾ ਗਿਆ’
ਸਹਿਜ ਅਰੋੜਾ ਨੇ ਆਪਣੇ ਤਜਰਬੇ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਪੰਜਾਬ ਦੇ ਮਾਹੌਲ ਕਾਰਨ ਉਨ੍ਹਾਂ ਨੂੰ ਸੂਬਾ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਦੀ ਸਲਾਹ ਦਿੰਦੇ ਰਹੇ ਹਨ ਪਰ ਉਨ੍ਹਾਂ ਨੂੰ ਕਰੀਬ ਢਾਈ ਸਾਲ ਤੱਕ ਪ੍ਰੇਸ਼ਾਨ ਕੀਤਾ ਗਿਆ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਈ ਵਾਰ ਉਨ੍ਹਾਂ ਤੋਂ ਫਿਰੌਤੀ ਮੰਗੀ ਗਈ ਅਤੇ ਬੇਬੁਨਿਆਦ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸਹਿਜ ਨੇ ਪੁਲੀਸ ’ਤੇ ਵੀ ਸਮਝੌਤੇ ਕਰਵਾਉਣ ਲਈ ਵਿਚੋਲੇ ਵਜੋਂ ਕੰਮ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਮੈਡ ਸੰਧੂ ਦੀ ਮੌਤ ਦੀ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਘਟਨਾ ਕਿਸੇ ਹੋਰ ਨਾਲ ਵਾਪਰੀ ਹੈ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਹਿੰਸਾ ਨੂੰ ਹੱਲਾਸ਼ੇਰੀ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਸਮਾਜ ਵਿੱਚ ਹਿੰਸਾ ਨੂੰ ਹੱਲਾਸ਼ੇਰੀ ਮਿਲਦੀ ਰਹੀ ਤਾਂ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ।
Punjab Spectrum