Sunita Bawa ਨੌਕਰੀ ਤੋਂ ਬਰਖ਼ਾਸਤ
ਜਿੰਦਗੀ ‘ਚ ਵਾਧੇ-ਘਾਟੇ ਚਲਦੇ ਰਹਿੰਦੇ ,ਕਹਿਣ ਵਾਲੀ SHO ਸੁਨੀਤਾ ਬਾਵਾ ਨੂੰ ਪਿਆ ਬਹੁਤ ਵੱਡਾ ਘਾਟਾ !
ਗ੍ਰਿਫ਼ਤਾਰੀ ਤੋਂ ਬਾਅਦ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਪੁਲੀਸ ਇੰਸਪੈਕਟਰ Sunita Bawa ਨੌਕਰੀ ਤੋਂ ਬਰਖ਼ਾਸਤ
ਆਈ ਜੀ ਫ਼ਰੀਦਕੋਟ ਰੇਂਜ ਨੇ ਜਾਰੀ ਕੀਤੇ ਹੁਕਮ
ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਬਾਵਾ ਨੂੰ ਅੱਜ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਫ਼ਰੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸ੍ਰੀਮਤੀ ਨੀਲਮਬਾਰੀ ਜਗਦਾਲੇ ਵੱਲੋਂ ਜਾਰੀ ਕੀਤੇ ਗਏ।
ਆਪਣੇ ਪੱਤਰ ਨੰਬਰ 1130-33 ਵਿੱਚ ਆਈ ਜੀ ਫ਼ਰੀਦਕੋਟ ਰੇਂਜ ਨੇ ਦੱਸਿਆ ਕਿ ਉਕਤ ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਉਕਤ ਮਹਿਲਾ ਇੰਸਪੈਕਟਰ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਸੀ ਅਤੇ 26 ਸਤੰਬਰ ਦੀ ਦੇਰ ਸ਼ਾਮ ਉਸ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਗੰਨਮੈਨ ਹੋਮਗਾਰਡ ਦੇ ਜਵਾਨ ਸਮੇਤ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।

ਦੋਸ਼ ਹੈ ਕਿ ਬਰਖ਼ਾਸਤ ਕੀਤੀ ਇਸ ਮਹਿਲਾ ਇੰਸਪੈਕਟਰ ਨੇ ਪਿੰਡ ਨੂਰਪੁਰ ਹਕੀਮਾਂ ਦੇ ਰਾਜਵਿੰਦਰ ਸਿੰਘ ਨਾਮੀ ਨੌਜਵਾਨ ਨੂੰ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਰਿਸ਼ਵਤ ਹਾਸਲ ਕੀਤੀ ਸੀ ਅਤੇ ਉਸ ਕੋਲੋਂ ਪੰਜਾਹ ਹਜ਼ਾਰ ਰੁਪਏ ਹੋਰ ਮੰਗ ਰਹੀ ਸੀ। ਇਸ ਉੱਤੇ ਰਾਜਵਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ। ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ। ਇਸ ਤੋਂ ਬਾਅਦ ਥਾਣਾ ਮੁਖੀ ਵਿਰੁੱਧ ਜਾਲ ਵਿਛਾ ਕੇ ਜੀਰਾ ਰੋਡ ਉੱਤੇ ਇੱਕ ਖਾਸ ਥਾਂ ‘ਤੇ ਸੁਨੀਤਾ ਬਾਵਾ ਅਤੇ ਉਸ ਦੇ ਗੰਨਮੈਨ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਉੱਥੇ ਹੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਹਿਲਾ ਇੰਸਪੈਕਟਰ ਉਸ ਵੇਲੇ ਚਰਚਾ ਵਿੱਚ ਆਈ ਸੀ ਜਦੋਂ ਆਪਣੀ ਅਦਾਲਤੀ ਪੇਸ਼ੀ ਦੌਰਾਨ ਉਸ ਨੇ ‘ਆਲ ਇਜ਼ ਵੈੱਲ’ ਅਤੇ ‘ਜੇਲ੍ਹ ਦਾ ਨਵਾਂ ਸਫ਼ਰ ਸ਼ੁਰੂ ਹੋਣ’ ਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਕਤ ਮਹਿਲਾ ਇੰਸਪੈਕਟਰ ਦੀ ਸਮੁੱਚੀ ਪੁਲੀਸ ਸੇਵਾ ਦੀ ਵੀ ਜਾਂਚ ਆਰੰਭੀ ਹੋਈ ਹੈ।
Punjab Spectrum
You must be logged in to post a comment.