Breaking News

Gangveer Singh Rathour :- – ਪਿੱਛਲੀ ਦਿਨੀ ਵਾਪਰੇ ਘਟਨਾਕ੍ਰਮ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਿੰਦੂ ਲੀਡਰ ਅਤੇ ਬੁਲਾਰੇ ਗੰਗਵੀਰ ਸਿੰਘ ਰਾਠੌਰ ਵੱਲੋਂ ਸਟੇਟਮੈਂਟ।

Gangveer Singh Rathour :- – ਪਿੱਛਲੀ ਦਿਨੀ ਵਾਪਰੇ ਘਟਨਾਕ੍ਰਮ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਿੰਦੂ ਲੀਡਰ ਅਤੇ ਬੁਲਾਰੇ ਗੰਗਵੀਰ ਸਿੰਘ ਰਾਠੌਰ ਵੱਲੋਂ ਸਟੇਟਮੈਂਟ।

ਖਾਲਸਾ, ਸਿੱਖ ਪਿਛਲੇ ੩੦੦ (300) ਸਾਲ ਤੋਂ ਦੋਹਰੇ ਵਿੱਚ “ਰਾਜ ਕਰੇਗਾ ਖਾਲਸਾ” ਪੜ੍ਹਦੇ ਆ ਰਹੇ ਹਨ।

 

 

੧੯੪੭ (1947) ਤੋਂ ਬਾਅਦ ਸਿੱਖਾਂ ਦੀ ਇਸ ਭਾਵਨਾ ਨੂੰ ਕ੍ਰਿਮੀਨਲਾਈਜ਼ (criminalize) ਕਰ ਦਿੱਤਾ ਗਿਆ। ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਰਾਹੀਂ ਆਮ ਲੋਕਾਂ ਦੇ ਮਨ ਵਿੱਚ ਭਰ ਦਿੱਤਾ ਗਿਆ ਕਿ ਸਿੱਖ “ਖਾਲਸਾ ਰਾਜ” ਮੰਗ ਕੇ ਕੋਈ ਪਾਪ ਕਰ ਰਹੇ ਹਨ।

 

 

ਮੈਂ ਇੱਕ ਪੰਜਾਬੀ ਹਿੰਦੂ ਵਜੋਂ ਪੰਜਾਬ ਦਾ ਸਾਰਾ ਇਤਿਹਾਸ ਪੜ੍ਹਿਆ ਹੈ ਤੇ ਮੈਨੂੰ ਤੇ ਹੋਰ ਬਹੁਤ ਸਾਰੇ ਪੰਜਾਬੀ ਹਿੰਦੂਆਂ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀ “ਖਾਲਸਾ ਰਾਜ” ਦੀ ਭਾਵਨਾ ਬਹੁਤ ਪਵਿੱਤਰ ਹੈ। ਇਹ ਹਲੀਮੀ ਰਾਜ ਦਾ ਸੰਕਲਪ ਹੈ।

 

ਇਹ ਮੈਂ ਸਿਰਫ਼ ਵਡਿਆਈ ਵਾਸਤੇ ਨਹੀਂ ਕਹਿ ਰਿਹਾ, ਇਹ ਪੰਜਾਬੀਆਂ ਦਾ ਸਾਂਝਾ ਤਜਰਬਾ ਹੈ। ਪੰਜਾਬ ਦੇ ਮੁਸਲਮਾਨਾਂ ਅਤੇ ਪੰਜਾਬ ਦੇ ਹਿੰਦੂਆਂ ਨੇ ਗਿਣਤੀ ਵਿੱਚ ਵੱਧ ਹੋਣ ਦੇ ਬਾਵਜੂਦ ਖਾਲਸਾ ਰਾਜ ਦਾ ਆਨੰਦ ਮਾਣਿਆ ਹੈ। ਤੇ ਅੱਜ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਤਾਂਘਦੇ ਹਨ।

 

 

ਪਰ ਪਿਛਲੇ ੭੫ (75) ਸਾਲਾਂ ਦੇ ਵਿੱਚ ਇੰਝ ਹੋਇਆ ਹੈ ਕਿ ਨਵੀਂ ਪੀੜ੍ਹੀਆਂ ਦੇ ਅੰਦਰ ਖਾਲਸਾ ਰਾਜ ਪ੍ਰਤੀ ਜਾਂ ਸਿੱਖਾਂ ਦੀ ਇਸ ਭਾਵਨਾ ਪ੍ਰਤੀ ਇੱਕ ਨੇਗੇਟਿਵਿਟੀ (negativity) ਭਰ ਦਿੱਤੀ ਗਈ ਹੈ। ਅਤੇ ਉਸੇ ਨੇਗੇਟਿਵਿਟੀ ‘ਚੋਂ ਕੁਝ ਲੋਕ ਬਿਨਾਂ ਕੁਝ ਸੋਚੇ-ਸਮਝੇ ਸਿੱਖਾਂ ਦੀ ਇਸ ਭਾਵਨਾ ਦੇ ਅੰਦਰ ਕੋਈ ਲੁਕੀ ਹੋਈ ਮੰਦ ਭਾਵਨਾ ਦੇਖਦੇ ਹਨ।

 

 

ਕੋਈ ਇਸ ਗੱਲ ‘ਤੇ ਬਹਿਸ ਕਰ ਸਕਦਾ ਹੈ ਕਿ ਖਾਲਸਾ ਰਾਜ ਦੀ ਭੂਗੋਲਿਕ ਹੱਦ ਕੀ ਹੈ। ਪਰ ਇਸ ਗੱਲ ‘ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਖਾਲਸਾ ਰਾਜ ਦਾ ਸੰਕਲਪ ਸਰਬੱਤ ਦੇ ਭਲੇ ਦਾ ਹੀ ਸੰਕਲਪ ਹੈ।

 

 

 

ਮੈਂ ‘ਵਾਰਿਸ ਪੰਜਾਬ ਦੇ’ ਵਿੱਚ ਇੱਕ ਪੰਜਾਬੀ ਹਿੰਦੂ ਦੀ ਤਰ੍ਹਾਂ ਵਿਚਰਦਾ ਹਾਂ। ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ ਕਿ ਜਦੋਂ ਕੋਈ ‘ਵਾਰਿਸ ਪੰਜਾਬ ਦੇ’ ਆਗੂ ਖਾਲਸਾ ਰਾਜ ਦੀ ਗੱਲ ਕਰਦਾ ਹੈ।
ਇਸ ਪਾਰਟੀ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਐਡਾ ਵੱਡਾ ਹੈ ਕਿ ਕੋਈ ਹੋਰ ਵਿਚਾਰਧਾਰਾ ਇਸ ਨੂੰ ਛੋਟਾ ਨਹੀਂ ਕਰ ਸਕਦੀ। ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇ ਕੋਈ ਅਜਿਹਾ ਵਿਅਕਤੀ ਇਸ ਪਾਰਟੀ ਨੂੰ ਜੁਆਇਨ (join) ਕਰਨਾ ਚਾਹੁੰਦਾ ਹੈ ਜੋ ਸਿਰਫ ਭਾਰਤ ਦੇ ਸੰਵਿਧਾਨ ਦੇ ਅੰਦਰ ਹੀ ਕੰਮ ਕਰਨਾ ਚਾਹੁੰਦਾ ਹੈ। ਜਿਸ ਨੇ ਆਪਣੀ ਹੱਦ ਭਾਰਤੀ ਸੰਵਿਧਾਨ ਨੂੰ ਬਣਾਇਆ ਹੈ।
ਇਹ ਪਾਰਟੀ ਵੀ ਤਕਨੀਕੀ ਤੌਰ ‘ਤੇ ਭਾਰਤੀ ਸੰਵਿਧਾਨ ਦੇ ਅੰਡਰ (under) ਹੀ ਕੰਮ ਕਰ ਸਕਦੀ ਹੈ। ਪਰ ਜੇ ਕੋਈ ਇੰਝ ਦੇਖਦਾ ਹੈ ਕਿ ਖਾਲਸਾ ਰਾਜ ਦਾ ਸੰਕਲਪ ਅਤੇ ਭਾਰਤ ਦੇ ਸੰਵਿਧਾਨ ਦੇ ਵਿਚਾਲੇ ਕੋਈ ਮੁਕਾਬਲਾ ਹੈ, ਤਾਂ ਇਹ ਮੂਰਖਤਾ ਹੈ।

 

 

 

ਕਾਂਸ਼ੀ ਰਾਮ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਮੈਨੀਫੈਸਟੋ (manifesto) ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ‘ਬੇਗਮਪੁਰਾ’ ਦੇ ਰਾਜ ਦੀ ਗੱਲ ਹੈ। ਤੇ ਬੇਗਮਪੁਰੇ ਦੇ ਰਾਜ ਤੇ ਖਾਲਸਾ ਰਾਜ ਦੇ ਸੰਕਲਪ ਵਿੱਚ ਕੋਈ ਅੰਤਰ ਨਹੀਂ ਹੈ।

 

 

ਅਸੀਂ ਇਸ ਪਾਰਟੀ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹਾਂ ਕਿ ਇਸ ਵਿੱਚ ਹਰੇਕ ਵਿਚਾਰਧਾਰਾ ਵਾਲਾ ਬੰਦਾ ਆ ਸਕੇ। ਸਾਡੇ ਵੱਲੋਂ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਾ ਵੀ ਇਸ ਪਾਰਟੀ ਨੂੰ ਜੁਆਇੰਨ ਕਰੇ। ਪਰ ਹਰੇਕ ਵਿਚਾਰਧਾਰਾ ਦੇ ਬੰਦੇ ਨੂੰ ਇਸ ਪਾਰਟੀ ਵਿੱਚ ਖੁੱਲ੍ਹਾ ਦਿਲ ਰੱਖ ਕੇ ਆਉਣਾ ਪਵੇਗਾ। ਉਸ ਨੂੰ ਦੂਜੀਆਂ ਵਿਚਾਰਧਰਾਵਾਂ ਨਾਲ ਨਫ਼ਰਤ ਨਾਲ ਦੇਖਣ ਦੀ ਇਜਾਜ਼ਤ ਨਹੀਂ ਹੋਵੇਗੀ।
ਜੇ ਕਿਸੇ ਨੂੰ ਲੱਗਦਾ ਹੈ ਕਿ ਖਾਲਸਾ ਰਾਜ ਦੀ ਧਾਰਨਾ ਭਾਰਤ ਦੇ ਸੰਵਿਧਾਨ ਦੇ ਨਾਲ ਟਕਰਾਉਂਦੀ ਹੈ ਤਾਂ ਮੈਂ ਇਹ ਹੀ ਕਹਾਂਗਾ ਕਿ ਇਹ ਉਸ ਵਿਅਕਤੀ ਦੀ ਇਤਿਹਾਸ ਬਾਰੇ ਘੱਟ ਜਾਣਕਾਰੀ ਦੀ ਨੁਮਾਇਸ਼ ਹੈ।

 

 

 

 

 

 

ਜੇ ਅਸੀਂ ਪੰਜਾਬ ਦੀਆਂ ਮੂਲ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੇਧ ਲੈਣੀ ਪਵੇਗੀ। ਬੇਸ਼ੱਕ, ਖਾਲਸਾ ਰਾਜ ਦਾ ਸੰਕਲਪ ਭਾਰਤੀ ਸੰਵਿਧਾਨ ਦਾ ਵਿਰੋਧੀ ਨਹੀਂ ਅਤੇ ਨਾ ਹੀ ਭਾਰਤੀ ਸੰਵਿਧਾਨ ਖਾਲਸਾ ਰਾਜ ਦੇ ਸੰਕਲਪ ਦਾ ਵਿਰੋਧੀ ਹੈ। ਪਰ ਖਾਲਸਾ ਰਾਜ ਦੇ ਸੰਕਲਪ ਦੀ ਹੱਦ ਅਤੇ ਸੰਭਾਵਨਾਵਾਂ ਬਹੁਤ ਜ਼ਿਆਦਾ ਵੱਡੀਆਂ ਹਨ। ਇਹਨਾਂ ਸੰਭਾਵਨਾਵਾਂ ਨੂੰ ਛੱਡ ਕੇ ਇਸ ਪਾਰਟੀ ਨੂੰ ਚਲਾਉਣ ਦਾ ਕੋਈ ਫ਼ਾਇਦਾ ਹੀ ਨਹੀਂ।
– ਗੰਗਵੀਰ ਸਿੰਘ ਰਾਠੌਰ