Breaking News

ਤਰਨ ਤਾਰਨ ਵਿੱਚ ਪੁਲੀਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ; ਕੁਸ਼ਲਪ੍ਰੀਤ ਉਰਫ਼ ਪੂੰਗੀ ਢੇਰ, ਸਾਥੀ ਜ਼ਖ਼ਮੀ

ਤਰਨ ਤਾਰਨ ਵਿੱਚ ਪੁਲੀਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ; ਕੁਸ਼ਲਪ੍ਰੀਤ ਉਰਫ਼ ਪੂੰਗੀ ਢੇਰ, ਸਾਥੀ ਜ਼ਖ਼ਮੀ
ਮੌਕੇ ਤੋਂ .30 ਬੋਰ ਅਤੇ ਜ਼ਿਗਾਨਾ ਪਿਸਤੌਲ ਬਰਾਮਦ

ਇੱਥੇ ਬਾਠ ਪਿੰਡ ਨੇੜੇ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮੁਰਾਦਪੁਰ ਦਾ ਰਹਿਣ ਵਾਲਾ ਕਸ਼ਮੀਰ ਸਿੰਘ ਉਰਫ਼ ਪੂੰਗੀ ਗੋਲੀਬਾਰੀ ਦੌਰਾਨ ਢੇਰ ਹੋ ਗਿਆ। ਉਸ ਦਾ ਸਾਥੀ ਗੁਰਸੇਵਕ ਸਿੰਘ (ਵਾਸੀ ਨੌਰੰਗਾਬਾਦ) ਵੀ ਜ਼ਖ਼ਮੀ ਹੋ ਗਿਆ ਅਤੇ ਇਸ ਵੇਲੇ ਜ਼ੇਰੇ ਇਲਾਜ ਹੈ।

ਇਹ ਕਾਰਵਾਈ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਅਤੇ ਤਰਨ ਤਾਰਨ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਸੀ। ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ, ਟੀਮ ਚਾਰ ਤੋਂ ਪੰਜ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਪੂੰਗੀ ਨੂੰ ਪਿੰਡ ਨੇੜੇ ਖੇਤਾਂ ਵਿੱਚ ਸਥਿਤ ਇੱਕ ਇਕਾਂਤ ਟਿਕਾਣੇ ਤੋਂ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ।

ਜਦੋਂ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹੋਈ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੂੰਗੀ ਬਾਅਦ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਪੁਲੀਸ ਨੇ ਮੌਕੇ ਤੋਂ ਇੱਕ .30 ਬੋਰ ਪਿਸਤੌਲ ਅਤੇ ਇੱਕ ਜ਼ਿਗਾਨਾ (Zigana) ਪਿਸਤੌਲ ਬਰਾਮਦ ਕੀਤੇ ਹਨ। ਵਿਦੇਸ਼ ਬੈਠੇ ਗੈਂਗਸਟਰ ਅਤੇ ਨਸ਼ਾ ਤਸਕਰ ਹੈਪੀ ਜੱਟ ਦੇ ਕਰੀਬੀ ਸਾਥੀ ਪੂੰਗੀ ਦਾ ਐੱਨ ਡੀ ਪੀ ਐੱਸ ਐਕਟ ਅਤੇ ਅਸਲਾ ਐਕਟ ਤਹਿਤ ਸੰਗੀਨ ਅਪਰਾਧਾਂ ਵਾਲਾ ਇੱਕ ਲੰਮਾ ਅਪਰਾਧਿਕ ਰਿਕਾਰਡ ਸੀ।

ਉਹ ਜ਼ਿਲ੍ਹਾ ਤਰਨ ਤਾਰਨ ਵਿੱਚ ਕਤਲ ਦੀ ਕੋਸ਼ਿਸ਼ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਹਾਲ ਹੀ ਦੀ ਉਹ ਘਟਨਾ ਵੀ ਸ਼ਾਮਲ ਹੈ ਜਿਸ ਵਿੱਚ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਇੱਕ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ ਸਨ।

ਉਸ ਹਮਲੇ ਵਿੱਚ, ਇੱਕ ਪੁਲੀਸ ਅਧਿਕਾਰੀ ਦੇ ਚਿਹਰੇ ’ਤੇ ਸੱਟਾਂ ਲੱਗੀਆਂ ਸਨ ਅਤੇ ਇੱਕ ਤਿੰਨ ਸਾਲਾਂ ਦੀ ਬੱਚੀ ਵੀ ਜ਼ਖ਼ਮੀ ਹੋ ਗਈ ਸੀ। ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਭਾਰਤੀ ਨਿਆਂ ਸੰਹਿਤਾ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਦਕਿ ਅੱਜ ਦੇ ਮੁਕਾਬਲੇ ਦੇ ਸਬੰਧ ਵਿੱਚ ਇੱਕ ਨਵਾਂ ਕੇਸ ਦਰਜ ਕਰ ਲਿਆ ਗਿਆ ਹੈ।