MP ਅੰਮ੍ਰਿਤਪਾਲ ਦੇ ਆਉਣ ਜਾਣ ਦਾ ਖਰਚ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ – ਸ. ਤਰਸੇਮ ਸਿੰਘ
‘ਜਹਾਜ਼ਾਂ ਦਾ ਖ਼ਰਚਾ ਚੁੱਕਣ ਦੀ ਪਰਿਵਾਰ ਦੀ capacity ਨਹੀਂ ਹੈ’,MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਨੂੰ ਲੈਕੇ ਬਾਪੂ ਤਰਸੇਮ ਸਿੰਘ ਨੇ ਦਿੱਤਾ ਵੱਡਾ ਬਿਆਨ,
Breaking News
MP Amritpal Singh ਕਸਟਡੀ ਪੈਰੋਲ ਮਿਲਣ ਦੇ ਬਾਵਜੂਦ ਪੰਜਾਬ ਨਹੀਂ ਪੁੱਜ ਸਕੇ; ਦਾਦੀ ਦੇ ਸਸਕਾਰ ਦੀ ਤਰੀਕ ਅੱਗੇ ਪਾਈ
ਕਾਨੂੰਨੀ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਹੋਈ ਦੇਰੀ; ਪੈਰੋਲ ਦੀ ਨਵੀਂ ਤਰੀਕ ਲਈ ਸੋਮਵਾਰ ਨੂੰ ਅਦਾਲਤ ’ਚ ਦਾਇਰ ਹੋਵੇਗੀ ਅਰਜ਼ੀ
ਮੈਂਬਰ ਪਾਰਲੀਮੈਂਟ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਅੰਮ੍ਰਿਤਪਾਲ ਸਿੰਘ ਖ਼ਾਲਸਾ ਅੱਜ ਵਾਸਤੇ ਕਸਟਡੀ ਪੈਰੋਲ ਦੀ ਪ੍ਰਵਾਨਗੀ ਮਿਲਣ ਦੇ ਬਾਵਜੂਦ ਅੰਮ੍ਰਿਤਸਰ ਨਹੀਂ ਪੁੱਜ ਸਕੇ ਹਨ। ਇਸ ਦੌਰਾਨ ਪਰਿਵਾਰ ਵੱਲੋਂ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਦੇ ਸਸਕਾਰ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪੈਰੋਲ ਸਬੰਧੀ ਨਵੀਂ ਤਰੀਕ ਬਾਰੇ ਇੱਕ ਹੋਰ ਅਰਜ਼ੀ ਸੋਮਵਾਰ ਨੂੰ ਅਦਾਲਤ ਵਿੱਚ ਦਾਇਰ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੀਵਾਲੀ ਵਾਲੀ ਸ਼ਾਮ 8 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਬੰਧੀ ਅਰਜ਼ੀ 11 ਨਵੰਬਰ ਨੂੰ ਦਾਇਰ ਕੀਤੀ ਗਈ ਸੀ। ਇਸ ਸਬੰਧੀ ਅਦਾਲਤ ਵੱਲੋਂ 13 ਨਵੰਬਰ ਨੂੰ ਹੁਕਮ ਜਾਰੀ ਕਰਦਿਆਂ 14 ਨਵੰਬਰ ਨੂੰ ਉਨ੍ਹਾਂ ਨੂੰ ਪੰਜਾਬ ਲਿਆਉਣ ਸਬੰਧੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਅਤੇ ਮਾਤਾ ਚਰਨ ਕੌਰ ਦੇ ਦੋਹਤੇ ਸੁਖਮਨਪ੍ਰੀਤ ਸਿੰਘ ਨੂੰ ਵੀ ਨਾਲ ਲਿਆਉਣ ਦੀ ਵਿਵਸਥਾ ਸਬੰਧੀ ਹੁਕਮ ਸਨ। ਪਰ 13 ਨਵੰਬਰ ਨੂੰ ਹੁਕਮ ਜਾਰੀ ਹੋਣ ਤੋਂ ਬਾਅਦ 14 ਨਵੰਬਰ ਤੱਕ ਬਹੁਤ ਥੋੜ੍ਹਾ ਸਮਾਂ ਹੋਣ ਕਾਰਨ ਅਤੇ ਲੋੜੀਂਦੀ ਕਾਨੂੰਨੀ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਨਾ ਹੋ ਸਕਣ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਅੱਜ ਪੰਜਾਬ ਨਹੀਂ ਲਿਆਂਦਾ ਜਾ ਸਕਿਆ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੈਰੋਲ ਦੀ ਤਰੀਕ ਵਿੱਚ ਸੋਧ ਕਰਵਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਲੀਗਲ ਟੀਮ, ਜਿਨ੍ਹਾਂ ਵਿੱਚ ਐਡਵੋਕੇਟ ਹਰਜੋਤ ਸਿੰਘ ਮਾਨ, ਐਡਵੋਕੇਟ ਕਰਮਵੀਰ ਸਿੰਘ, ਐਡਵੋਕੇਟ ਰੀਤੂ ਰਾਜ ਅਤੇ ਐਡਵੋਕੇਟ ਕੁਲਜੀਤ ਸਿੰਘ ਸ਼ਾਮਲ ਹਨ, ਵੱਲੋਂ ਅੱਜ ਸਬੰਧਤ ਡਿਊਟੀ ਮੈਜਿਸਟ੍ਰੇਟ ਨੂੰ ਅਮੈਂਡਮੈਂਟ ਲੈਟਰ/ਅਰਜ਼ੀ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਕੀਤੀ ਗਈ, ਪਰ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ। ਇਸ ਤੋਂ ਬਾਅਦ ਲੀਗਲ ਟੀਮ ਵੱਲੋਂ ਦੂਸਰੇ ਡਿਊਟੀ ਮੈਜਿਸਟ੍ਰੇਟ ਨੂੰ ਅਰਜ਼ੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਵੀ ਅੱਜ ਇਸ ਮਾਮਲੇ ’ਤੇ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਲੀਗਲ ਟੀਮ ਵੱਲੋਂ ਸੈਸ਼ਨ ਜੱਜ ਤੱਕ ਵੀ ਪਹੁੰਚ ਕੀਤੀ ਗਈ, ਪਰ ਉਨ੍ਹਾਂ ਦੇ ਉਪਲਬਧ ਨਾ ਹੋਣ ਕਾਰਨ ਅੱਜ ਇਸ ਮਾਮਲੇ ਵਿੱਚ ਕੋਈ ਅਗਲੀ ਕਾਨੂੰਨੀ ਕਾਰਵਾਈ ਸੰਭਵ ਨਹੀਂ ਹੋ ਸਕੀ।
ਹੁਣ ਵਕੀਲਾਂ ਦੀ ਲੀਗਲ ਟੀਮ ਵੱਲੋਂ ਸੋਮਵਾਰ ਨੂੰ ਅਦਾਲਤਾਂ ਦੇ ਕੰਮਕਾਜ ਵਾਲੇ ਦਿਨ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀਆਂ ਅਗਲੀਆਂ ਤਰੀਕਾਂ ਦੇਣ ਦੀ ਮੰਗ ਕੀਤੀ ਜਾਵੇਗੀ। ਜਥੇਬੰਦੀ ਨੇ ਸਪੱਸ਼ਟ ਆਖਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਇਸ ਸਬੰਧੀ ਲੋੜੀਂਦੀ ਹਰ ਕਾਨੂੰਨੀ ਚਾਰਾਜੋਈ ਪੂਰੀ ਤਨਦੇਹੀ ਨਾਲ ਜਾਰੀ ਰੱਖੀ ਜਾਵੇਗੀ।
ਇਸ ਦੌਰਾਨ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਮਿਲੀ ਕਸਟਡੀ ਪੈਰੋਲ ਤਹਿਤ ਅੱਜ ਦੁਪਹਿਰ ਵੇਲੇ ਉਨ੍ਹਾਂ ਨੂੰ ਜੱਲੂਪੁਰ ਖੇੜਾ ਸਥਿਤ ਘਰ ਲਿਆਂਦਾ ਗਿਆ ਸੀ ਅਤੇ ਕੁਝ ਸਮੇਂ ਬਾਅਦ ਪੁਲੀਸ ਵਾਪਸ ਲੈ ਗਈ। ਸੂਤਰਾਂ ਮੁਤਾਬਕ ਅੱਜ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਗਿਆ ਹੈ ਅਤੇ ਸਸਕਾਰ ਸਬੰਧੀ ਅਗਲੀ ਤਰੀਕ ਦਾ ਐਲਾਨ ਸੋਮਵਾਰ ਤੋਂ ਬਾਅਦ ਹੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
Punjab Spectrum