Breaking News

AI ਵੱਲੋਂ ਲੱਭੀ ਖਾਮੀ ਕਾਰਨ ਮਚੀ ਹਫੜਾ-ਦਫੜੀ; ਦੁਨੀਆ ਭਰ ‘ਚ ਸਰਕਾਰੀ ਵੈੱਬਸਾਈਟਾਂ ਹੋਈਆਂ ਬੰਦ

AI ਵੱਲੋਂ ਲੱਭੀ ਖਾਮੀ ਕਾਰਨ ਮਚੀ ਹਫੜਾ-ਦਫੜੀ; ਦੁਨੀਆ ਭਰ ‘ਚ ਸਰਕਾਰੀ ਵੈੱਬਸਾਈਟਾਂ ਹੋਈਆਂ ਬੰਦ
ਯੂਰਪ, ਆਸਟਰੇਲੀਆ, ਜਾਪਾਨ ਅਤੇ ਬ੍ਰਿਟੇਨ ਦੀਆਂ ਏਜੰਸੀਆਂ ਨੇ ਵੈੱਬਸਾਈਟਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੀ ਦਿੱਤੀ ਸਲਾਹ

ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਬੁੱਧਵਾਰ ਨੂੰ ਕਈ ਸਰਕਾਰੀ ਵੈੱਬਸਾਈਟਾਂ ਉਸ ਸਮੇਂ ਆਫਲਾਈਨ (ਬੰਦ) ਹੋ ਗਈਆਂ ਜਦੋਂ ਵਿਆਪਕ ਤੌਰ ‘ਤੇ ਵਰਤੀ ਜਾਣ ਵਾਲੀ ਪ੍ਰੋਗਰਾਮਿੰਗ ਭਾਸ਼ਾ ‘ਪੀ ਐੱਚ ਪੀ’ (PHP) ਵਿੱਚ ਇੱਕ ਵੱਡੀ ਖਾਮੀ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਦੁਨੀਆ ਭਰ ਦੇ ਵੈੱਬਸਾਈਟ ਸੰਚਾਲਕਾਂ ਵਿੱਚ ਆਪਣੇ ਸਿਸਟਮਾਂ ਨੂੰ ਸੁਰੱਖਿਅਤ ਕਰਨ ਲਈ ਹਫੜਾ-ਦਫੜੀ ਮਚ ਗਈ। ਪੀ ਐੱਚ ਪੀ ਦੇ ਡਿਵੈਲਪਰਾਂ ਨੇ ਤੁਰੰਤ ਨਵੀਂ ਅਪਡੇਟ ਜਾਰੀ ਕਰਦਿਆਂ ਸਾਰੇ ਵਰਤੋਂਕਾਰਾਂ ਨੂੰ ਸਿਸਟਮ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

 

 

 

 

ਸਾਈਬਰ ਸੁਰੱਖਿਆ ਕੰਪਨੀ ‘ਵਿਜ਼’ ਮੁਤਾਬਕ, ਇਹ ਖਾਮੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਲੱਭੀ ਗਈ ਹੈ। ਇਹ ਕਮਜ਼ੋਰੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੀ ਐੱਚ ਪੀ ਕੋਡ ਵਿੱਚ ਲੁਕੀ ਹੋਈ ਸੀ, ਜਿਸ ਨੂੰ ਇਨਸਾਨ ਵੱਲੋਂ ਲੱਭਣਾ ਲਗਪਗ ਅਸੰਭਵ ਸੀ। ਵੈੱਬ ਟਰੈਕਰ ‘W3Techs’ ਅਨੁਸਾਰ, ਇੰਟਰਨੈੱਟ ਦੀਆਂ ਲਗਪਗ 75 ਫ਼ੀਸਦੀ ਵੈੱਬਸਾਈਟਾਂ ਪੀ ਐੱਚ ਪੀ ‘ਤੇ ਚੱਲਦੀਆਂ ਹਨ। ਡਰੂਪਲ ਐਸੋਸੀਏਸ਼ਨ ਅਨੁਸਾਰ, ਪਿਛਲੇ 20 ਸਾਲਾਂ ਵਿੱਚ ਰਿਲੀਜ਼ ਹੋਏ ਪੀ ਐੱਚ ਪੀ ਵਰਜ਼ਨ ਦੀ ਵਰਤੋਂ ਕਰਨ ਵਾਲੇ ਸਾਰੇ ਸਰਵਰ ਖਤਰੇ ਵਿੱਚ ਹਨ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹੈਕਰ ਏ ਆਈ ਦੀ ਮਦਦ ਨਾਲ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਵੱਡੇ ਪੱਧਰ ‘ਤੇ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

 

 

 

 

 

 

 

 

 

 

 

ਯੂਰਪ, ਆਸਟਰੇਲੀਆ, ਜਾਪਾਨ ਅਤੇ ਬ੍ਰਿਟੇਨ ਦੀਆਂ ਸਾਈਬਰ ਸੁਰੱਖਿਆ ਏਜੰਸੀਆਂ ਨੇ ਵਰਤੋਂਕਾਰਾਂ ਨੂੰ ਤੁਰੰਤ ਸਿਸਟਮ ਅਪਡੇਟ ਕਰਨ ਜਾਂ ਸੁਰੱਖਿਅਤ ਹੋਣ ਤੱਕ ਵੈੱਬਸਾਈਟਾਂ ਆਫਲਾਈਨ ਕਰਨ ਦੀ ਅਪੀਲ ਕੀਤੀ ਹੈ। ਸਾਵਧਾਨੀ ਵਜੋਂ ਨੀਦਰਲੈਂਡ ਦੀ ਸਾਈਬਰ ਸੁਰੱਖਿਆ ਏਜੰਸੀ, ਰੋਟਰਡੈਮ ਬੰਦਰਗਾਹ, ਕਈ ਹਸਪਤਾਲਾਂ ਅਤੇ ਸਿਆਸੀ ਪਾਰਟੀਆਂ ਦੀਆਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ। ਵਿਕੀਪੀਡੀਆ ਨੇ ਵੀ ਆਪਣੇ ਕੁਝ ਸਿਸਟਮਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਫਿਨਲੈਂਡ ਅਤੇ ਫਰਾਂਸ ਵਿੱਚ ਵੀ ਕਈ ਸਰਕਾਰੀ ਸੇਵਾਵਾਂ ਸਾਵਧਾਨੀ ਵਜੋਂ ਆਫਲਾਈਨ ਕਰ ਦਿੱਤੀਆਂ ਗਈਆਂ ਹਨ।

 

 

 

 

 

 

 

 

 

 

 

 

 

 

 

ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਵੈੱਬਸਾਈਟ ਮਾਲਕਾਂ ਨੂੰ ਤੁਰੰਤ ਨਵੇਂ ਅਪਡੇਟ ਲਾਗੂ ਕਰਨ ਲਈ ਕਿਹਾ ਹੈ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਇਸ ਖੋਜ ਨੂੰ ਅਮਰੀਕੀ ਨਵੀਨਤਾ ਦਾ ਪ੍ਰਤੀਕ ਦੱਸਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਛੋਟੀਆਂ ਵੈੱਬਸਾਈਟਾਂ ਲਈ ਇਹ ਖਤਰਾ ਸਭ ਤੋਂ ਵੱਧ ਹੈ, ਕਿਉਂਕਿ ਉਨ੍ਹਾਂ ਕੋਲ ਤਕਨੀਕੀ ਸਾਧਨ ਘੱਟ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਪਡੇਟ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।