Breaking News

BJP ਦਾ ਕੰਮ ਕਰਨ ਦਾ ਇਹੋ ਤਰੀਕਾ, 7-8 ਘੰਟਿਆਂ ’ਚ ਕੁਝ ਨਹੀਂ ਮਿਲਿਆ: CM Bhagwant Mann

BJP ਦਾ ਕੰਮ ਕਰਨ ਦਾ ਇਹੋ ਤਰੀਕਾ, 7-8 ਘੰਟਿਆਂ ’ਚ ਕੁਝ ਨਹੀਂ ਮਿਲਿਆ: CM Bhagwant Mann

ਧੂਰੀ ’ਚ ਗੱਲਬਾਤ ਦੌਰਾਨ ਭਾਜਪਾ ’ਤੇ ਸੇੇਧਿਆ ਨਿਸ਼ਾਨਾ; ‘ਪੰਜਾਬ ਦੇ ਲੋਕ ਕੇਂਦਰ ਦੀਆਂ ਧੱਕੇਸ਼ਾਹੀਆਂ ਅੱਗੇ ਨਹੀਂ ਝੁਕਣਗੇ’

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਆਪਣੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਦੇ ਘਰ ਛਾਪੇਮਾਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ’ਤੇ ਛਾਪੇਮਾਰੀ ਕਰਵਾਉਣਾ ਭਾਰਤੀ ਜਨਤਾ ਪਾਰਟੀ (BJP) ਦੇ ‘ਕੰਮ ਕਰਨ ਦਾ ਤਰੀਕਾ’ ਹੈ। ਉਨ੍ਹਾਂ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਸੀਬੀਆਈ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓਐੱਸਡੀ ਅਤੇ ਹੋਰ ਅਧਿਕਾਰੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਏਜੰਸੀ ਨੇ ਮੁੱਖ ਮੰਤਰੀ ਦੇ ‘ਕੈਂਪ ਦਫ਼ਤਰ’ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਹਾਈ ਕੋਰਟ ਨੇ ਕੇਂਦਰੀ ਏਜੰਸੀ ਨੂੰ ਜਾਂਚ ਦੇ ਨਿਰਦੇਸ਼ ਦਿੰਦਿਆਂ ਨੋਟ ਕੀਤਾ ਸੀ ਕਿ ਈਡੀ (ED) ਵੱਲੋਂ ਸਾਂਝੀ ਕੀਤੀ ਗਈ ਸਮੱਗਰੀ ਪਹਿਲੀ ਨਜ਼ਰੇ ਅਧਿਕਾਰੀਆਂ ਦੀ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਵੱਲ ਇਸ਼ਾਰਾ ਕਰਦੀ ਹੈ।

ਸੰਗਰੂਰ ਦੇ ਹਲਕਾ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਭਾਜਪਾ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ, ਉਨ੍ਹਾਂ ਦੇ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ’ਤੇ ਛਾਪੇਮਾਰੀ ਕਰਵਾ ਕੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਭਾਜਪਾ ਦਾ ਪੁਰਾਣਾ ਹਥਿਆਰ ਹੈ।

ਮਾਨ ਨੇ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ, “ਛੱਤੀਸਗੜ੍ਹ ਵਿੱਚ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੇਮੰਤ ਸੋਰੇਨ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ। ਇਸੇ ਤਰ੍ਹਾਂ ਪੱਛਮੀ ਬੰਗਾਲ ’ਚ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਨਜ਼ਦੀਕੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ।” ਉਨ੍ਹਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਅਤੇ ਹਰਿਆਣਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂਆਂ ’ਤੇ ਈਡੀ ਦੇ ਛਾਪਿਆਂ ਦਾ ਜ਼ਿਕਰ ਕਰਦਿਆਂ ਇਸ ਨੂੰ ਸੱਤਾ ਦੀ ਦੁਰਵਰਤੋਂ ਕਰਾਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ, “ਕੱਲ੍ਹ ਦੀ ਛਾਪੇਮਾਰੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਜਪਾ ਬੌਖਲਾ ਗਈ ਹੈ। 7-8 ਘੰਟੇ ਚੱਲੀ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਸਾਡੇ ਕੋਲੋਂ ਉਨ੍ਹਾਂ ਨੂੰ ਕੀ ਮਿਲੇਗਾ? ਅਸੀਂ ਇੱਥੇ ਭ੍ਰਿਸ਼ਟਾਚਾਰ ਕਰਨ ਨਹੀਂ ਆਏ।” ਆਮ ਆਦਮੀ ਪਾਰਟੀ ਦੇ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੋ ਸਕਦਾ ਹੈ ਹੁਣ ਸੀਬੀਆਈ ਉਨ੍ਹਾਂ ਨੂੰ ਕਲੀਨ ਚਿੱਟ ਦੇ ਦੇਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹੇ ਕਿ ‘ਇੱਥੋਂ ਕੁਝ ਨਹੀਂ ਮਿਲਣਾ, ਸਾਡਾ ਸਮਾਂ ਬਰਬਾਦ ਨਾ ਕਰੋ।’

ਉਨ੍ਹਾਂ ਭਾਜਪਾ ’ਤੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਮਾਨ ਨੇ ਕਿਹਾ, “ਸਾਡੇ ‘ਲੋਕ ਮਿਲਣੀ’ ਪ੍ਰੋਗਰਾਮਾਂ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਪੁੱਜਦੇ ਹਨ, ਜਦਕਿ ਭਾਜਪਾ ਦੀ ‘ਨਸ਼ਾ ਵਿਰੋਧੀ ਯਾਤਰਾ’ ਸੁਪਰ ਫਲਾਪ ਸਾਬਤ ਹੋਈ ਹੈ।”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਸੰਬਰ 2029 ਤੱਕ ਨਸ਼ਾ ਖ਼ਤਮ ਕਰਨ ਦੇ ਕੀਤੇ ਦਾਅਵੇ ’ਤੇ ਬੋਲਦਿਆਂ ਮਾਨ ਨੇ ਦੋਸ਼ ਲਾਇਆ ਕਿ ਨਸ਼ਾ ਗੁਜਰਾਤ ਤੋਂ ਰਾਜਸਥਾਨ ਦੇ ਰਸਤੇ ਪੰਜਾਬ ਆਉਂਦਾ ਹੈ ਅਤੇ ਇਹ ਦੋਵੇਂ ਰਾਜ ਭਾਜਪਾ ਸ਼ਾਸਤ ਹਨ। ਉਨ੍ਹਾਂ ਕਿਹਾ, “ਤੁਹਾਨੂੰ ਦਿੱਲੀ ਅਤੇ ਗੁਜਰਾਤ ਵਿੱਚ ਨਸ਼ਾ ਖ਼ਤਮ ਕਰਨਾ ਚਾਹੀਦਾ ਹੈ। ਸਰਹੱਦ ’ਤੇ ਬੀਐੱਸਐੱਫ (BSF) ਤਾਇਨਾਤ ਹੈ, ਜੋ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ।”

ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਕੇਂਦਰ ਦੀਆਂ ਏਜੰਸੀਆਂ ਰਾਹੀਂ ਕੀਤੀ ਜਾ ਰਹੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ, “ਕੀ ਅਸੀਂ ਇੱਥੇ ਬਦਲੀਆਂ (ਤਬਾਦਲਿਆਂ) ਦੇ ਪੈਸੇ ਲੈਣ ਆਏ ਹਾਂ? ਇਹ ਸਾਡੇ ’ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਕੋਈ ਵਟਸਐਪ ਚੈਟ ਨਹੀਂ ਹੈ, ਕੁਝ ਵੀ ਨਹੀਂ ਹੈ।”

ਮੁੱਖ ਮੰਤਰੀ ਨੇ ਸਵਾਲ ਚੁੱਕਿਆ ਕਿ ਹਾਈ ਕੋਰਟ ਦੇ ਹੁਕਮਾਂ ਦੇ 24 ਘੰਟਿਆਂ ਦੇ ਅੰਦਰ ਹੀ ਛਾਪਾ ਮਾਰ ਦਿੱਤਾ ਗਿਆ, ਕੀ ਸੀਬੀਆਈ ਇੰਨੀ ਹੀ ਤੇਜ਼ੀ ਨਾਲ ਪੁਰਾਣੇ ਕੇਸਾਂ ’ਤੇ ਵੀ ਕੰਮ ਕਰਦੀ ਹੈ? ਉਨ੍ਹਾਂ ਕਿਹਾ, “ਅਸੀਂ ਜਾਂਚ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਇਸ ਦਾ ਡਟ ਕੇ ਸਾਹਮਣਾ ਕਰਾਂਗੇ।”

ਮੁੱਖ ਮੰਤਰੀ ਵੱਲੋਂ ਬਰੜਵਾਲ ’ਚ 47.38 ਕਰੋੜ ਦੀ ਲਾਗਤ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ

ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਬਰੜਵਾਲ ਵਿਖੇ 47.38 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਹ ਪਲਾਂਟ ਬੱਬਨਪੁਰ ਨਹਿਰ ਤੋਂ ਪਾਣੀ ਲੈ ਕੇ ਸ਼ੁੱਧ ਕਰੇਗਾ ਅਤੇ ਧੂਰੀ ਸ਼ਹਿਰ ਨੂੰ ਮੁਹੱਈਆ ਕਰਵਾਏਗਾ। ਉਨ੍ਹਾਂ ਦੱਸਿਆ ਕਿ 14,000 ਕਿਲੋਮੀਟਰ ਪਾਈਪ ਲਾਈਨਾਂ ਪਾ ਕੇ ਨਹਿਰੀ ਪਾਣੀ ਦੀ ਵਰਤੋਂ 22% ਤੋਂ ਵਧਾ ਕੇ 88% ਕੀਤੀ ਗਈ ਹੈ, ਜਿਸ ਨਾਲ ਧਰਤੀ ਹੇਠਲਾ ਪਾਣੀ ਬਚਿਆ ਹੈ ਅਤੇ ਫ਼ਸਲਾਂ ਦਾ ਝਾੜ ਵਧਿਆ ਹੈ। ਹੋਰ ਨਹਿਰੀ ਸ਼ਹਿਰਾਂ ’ਚ ਵੀ ਅਜਿਹੇ ਪਲਾਂਟ ਲੱਗਣਗੇ। ਇਸ ਦੌਰਾਨ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਪਿੰਡ ਬੱਲਮਗੜ੍ਹ, ਨੱਤ ਅਤੇ ਬੁਰਜ ਸੇਢਾ ਦੇ ਲਾਭਪਾਤਰੀਆਂ ਨੂੰ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਸਰਟੀਫਿਕੇਟ ਵੰਡੇ।