ਭਾਰਤ ਤੇ ਕੈਨੇਡਾ ਅਤਿਵਾਦ ਤੇ ਕੌਮਾਂਤਰੀ ਅਪਰਾਧਾਂ ਖ਼ਿਲਾਫ਼ ਮਿਲਕੇ ਕੰਮ ਕਰਨ ਲਈ ਰਾਜ਼ੀ
ਅਜੀਤ ਡੋਵਾਲ ਦੀ ਕੈਨੇਡਿਆੲੀ ਹਮਰੁਤਬਾ ਨਾਲ ਮੁਲਾਕਾਤ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਕੈਨੇਡਾ ਦੁਵੱਲੇ ਸਬੰਧਾਂ ’ਚ ਨਵਾਂ ਅਧਿਆਏ ਜੋੜਨ ਲਈ ਆਪਸੀ ਸਹਿਯੋਗ ਵਾਲਾ ਨਜ਼ਰੀਆ ਅਪਣਾਉਣ ’ਤੇ ਸਹਿਮਤ ਹੋਏ ਹਨ, ਜਿਸ ’ਚ ਅਤਿਵਾਦ ਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਸ਼ਾਮਲ ਹੈ। ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਅਜੀਤ ਡੋਵਾਲ ਤੇ ਉਨ੍ਹਾਂ ਦੀ ਕੈਨੇਡਿਆਈ ਹਮਰੁਤਬਾ ਨਥਾਲੀ ਡ੍ਰੋਇਨ ਨੇ ਲੰਘੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਵੱਖ ਵੱਖ ਮੁੱਦਿਆਂ ’ਤੇ ਵਾਰਤਾ ਕੀਤੀ ਜਿਸ ਦਾ ਮਕਸਦ 2023 ’ਚ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਮਗਰੋਂ ਕੂਟਨੀਤਕ ਵਿਵਾਦ ਤੋਂ ਬਾਅਦ ਗੰਭੀਰ ਤਣਾਅ ’ਚੋਂ ਲੰਘ ਰਹੇ ਦੁਵੱਲੇ ਸਬੰਧਾਂ ਨੂੰ ਸੁਧਾਰਨਾ ਸੀ।
ਵਿਦੇਸ਼ ਮੰਤਰਾਲੇ ਨੇ ਅੱਜ ਜਾਰੀ ਬਿਆਨ ’ਚ ਕਿਹਾ ਹੈ, ‘ਦੋਵੇਂ ਧਿਰਾਂ ਅੱਗੇ ਵਧਣ ਦੇ ਰਾਹ ’ਤੇ ਮਿਲ ਕੇ ਕੰਮ ਕਰਨ ਅਤੇ ਦੁਵੱਲੇ ਸਬੰਧਾਂ ’ਚ ਨਵਾਂ ਅਧਿਆਏ ਜੋੜਨ ਦੀ ਦਿਸ਼ਾ ’ਚ ਆਪਸੀ ਸਹਿਯੋਗ ਵਾਲਾ ਨਜ਼ਰੀਆ ਅਪਣਾਉਣ ’ਤੇ ਸਹਿਮਤ ਹੋਈਆਂ ਹਨ।’ ਵਿਦੇਸ਼ ਮੰਤਰਾਲੇ ਨੇ ਡੋਵਾਲ-ਡ੍ਰੋਇਨ ਵਾਰਤਾ ਬਾਰੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਕਾਰਨੀ ਵਿਚਾਲੇ ਜੂਨ ਵਿੱਚ ਹੋਈਆਂ ਚਰਚਾਵਾਂ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਸੀ। ਇਸ ’ਚ ਕਿਹਾ ਗਿਆ ਹੈ, ‘ਦੋਵਾਂ ਧਿਰਾਂ ਨੇ ਸਿਆਸੀ ਲੀਡਰਸ਼ਿਪ ਦੇ ਸਿਖਰਲੇ ਪੱਧਰ ’ਤੇ ਭਰੋਸੇ ਦੀ ਬਹਾਲੀ ਤੇ ਸਹਿਯੋਗ ’ਚ ਵਾਧੇ ਨੂੰ ਸਵੀਕਾਰ ਕੀਤਾ ਹੈ।’