Breaking News
Home / ਪੰਜਾਬ / ਰਾਜਾ ਤੇ ਅੰਮ੍ਰਿਤਾ ਵੜਿੰਗ ਬੋਲੇ ਬਾਦਲਾਂ ਨਾਲ ਨਾ ਕਰੋ ਸਾਡੀ ਤੁਲਨਾ

ਰਾਜਾ ਤੇ ਅੰਮ੍ਰਿਤਾ ਵੜਿੰਗ ਬੋਲੇ ਬਾਦਲਾਂ ਨਾਲ ਨਾ ਕਰੋ ਸਾਡੀ ਤੁਲਨਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਅੱਜ ਹਲਫ਼ ਲੈ ਲਿਆ| ਨਵੀਂ ਕੈਬਨਿਟ ’ਚ ਅੱਜ ਸੱਤ ਨਵੇਂ ਚਿਹਰੇ ਸ਼ਾਮਿਲ ਹੋਏ ਹਨ ਜਦੋਂ ਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ| ਇੱਥੇ ਰਾਜ ਭਵਨ ’ਚ ਅੱਜ ਸਹੁੰ ਚੁੱਕ ਸਮਾਰੋਹ ਹੋਇਆ ਜਿਸ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ| ਸਾਰੇ ਵਜ਼ੀਰਾਂ ਨੇ ਮਾਂ ਬੋਲੀ ’ਚ ਹਲਫ਼ ਲਿਆ| ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਹਲਫ਼ਦਾਰੀ ਸਮਾਗਮ ਦਾ ਸੰਚਾਲਨ ਕੀਤਾ|

ਰਾਜ ਭਵਨ ’ਚ ਕਰੀਬ ਪੌਣਾ ਘੰਟਾ ਚੱਲੇ ਇਨ੍ਹਾਂ ਸਮਾਰੋਹਾਂ ’ਚ ਸਭ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਨੇ ਹਲਫ਼ ਲਿਆ। ਉਸ ਮਗਰੋਂ ਮਨਪ੍ਰੀਤ ਬਾਦਲ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਹੁੰ ਚੁੱਕੀ| ਅਖੀਰ ਵਿਚ ਗੁਰਕੀਰਤ ਕੋਟਲੀ ਨੇ ਹਲਫ਼ ਲਿਆ| ਨਵੀਂ ਕੈਬਨਿਟ ਦੇ ਕਪਤਾਨ ਚੰਨੀ ਦੀ ਟੀਮ ’ਚ ਨਵੇਂ ਚਿਹਰਿਆਂ ਵਜੋਂ ਪਦਮ ਸ੍ਰੀ ਪਰਗਟ ਸਿੰਘ, ਵਿਧਾਇਕ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਤੇ ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਸਹੁੰ ਚੁੱਕੀ| ਵਿਧਾਇਕ ਵੇਰਕਾ ਨੇ ਸਹੁੰ ਚੁੱਕਣ ਸਮੇਂ ਲਿਖਤ ਹਲਫ਼ ਤੋਂ ਇਲਾਵਾ ਡਾ. ਅੰਬੇਦਕਰ ਦਾ ਵੀ ਆਪਣੀ ਸਹੁੰ ਵਿਚ ਜ਼ਿਕਰ ਕੀਤਾ| ਅਮਰਿੰਦਰ ਵਜ਼ਾਰਤ ’ਚ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ, ਜਿਨ੍ਹਾਂ ਦੀ ਛਾਂਟੀ ਕਰ ਦਿੱਤੀ ਗਈ ਹੈ ਜੋ, ਵਿੱਚੋਂ ਧਰਮਸੋਤ ਤੋਂ ਇਲਾਵਾ ਬਾਕੀ ਸਾਰੇ ਸਮਾਰੋਹ ’ਚੋਂ ਗੈਰਹਾਜ਼ਰ ਰਹੇ| ਪੁਰਾਣੀ ਕੈਬਨਿਟ ’ਚ ਮੰਤਰੀ ਰਹੇ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ, ਭਾਰਤ ਭੂਸ਼ਨ ਆਸ਼ੂ ਅਤੇ ਵਿਜੈਇੰਦਰ ਸਿੰਗਲਾ ਨੇ ਨਵੀਂ ਕੈਬਨਿਟ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ| ਪੁਰਾਣੀ ਕੈਬਨਿਟ ਦੇ 11 ਮੰਤਰੀ ਹੁਣ ਚੰਨੀ ਦੀ ਟੀਮ ’ਚ ਵੀ ਸ਼ਾਮਿਲ ਹਨ|

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਰਾਤ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸ਼ਿਮਲਾ ਤੋਂ ਵਰਚੁਅਲ ਮੀਟਿੰਗ ਕਰਕੇ ਕੈਬਨਿਟ ਦੀ ਸੂਚੀ ਵਿਚ ਐਨ ਆਖਰੀ ਮੌਕੇ ਫੇਰਬਦਲ ਕਰਾਇਆ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੂੰ ਸੂਚੀ ’ਚੋਂ ਬਾਹਰ ਕਰਕੇ ਹਲਕਾ ਅਮਲੋਹ ਤੋਂ ਕਾਕਾ ਰਣਦੀਪ ਸਿੰਘ ਨੂੰ ਸੀਨੀਅਰਤਾ ਦੇ ਅਧਾਰ ’ਤੇ ਕੈਬਨਿਟ ਵਿਚ ਸ਼ਾਮਿਲ ਕੀਤੇ ਜਾਣ ਉਤੇ ਮੋਹਰ ਲਾਈ ਗਈ| ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਗ਼ੀ ਸੁਰਾਂ ਦੇ ਡਰੋਂ ਨਵੀਂ ਵਜ਼ਾਰਤ ਨੂੰ ਫਾਈਨਲ ਕਰਨ ਤੱਕ ਬੋਚ-ਬੋਚ ਪੈਰ ਰੱਖੇ ਹਨ| ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੀ ਟੀਮ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਵਨ ਬਾਂਸਲ ਸਮੇਤ ਸਮਾਰੋਹਾਂ ਵਿਚ ਹਾਜ਼ਰ ਰਹੇ| ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉਚੇਚੇ ਤੌਰ ’ਤੇ ਸਮਾਰੋਹਾਂ ਵਿਚ ਪੁੱਜੇ ਹੋਏ ਸਨ| ਕਰੀਬ ਇੱਕ ਹਫ਼ਤੇ ਦੇ ਸਿਆਸੀ ਜੋੜ-ਤੋੜ ਮਗਰੋਂ ਨਵੀਂ ਕੈਬਨਿਟ ਦਾ ਗਠਨ ਹੋ ਸਕਿਆ ਹੈ। ਨਵੇਂ ਮੰਤਰੀ ਰਾਣਾ ਗੁਰਜੀਤ ਦੀ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਅੱਜ ਘੁਸਰ ਮੁਸਰ ਹੁੰਦੀ ਰਹੀ|

ਅਗਲੀਆਂ ਚੋਣਾਂ ਤੋਂ ਐਨ ਪਹਿਲਾਂ ਨਵੇਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਕੈਬਨਿਟ ਦਾ ਵਿਸਥਾਰ ਹੋਇਆ ਹੈ ਜਿਸ ’ਚ ਸਮਾਜਿਕ ਤੇ ਇਲਾਕਾਈ ਤਵਾਜ਼ਨ ਦਾ ਖਿਆਲ ਰੱਖਿਆ ਗਿਆ ਹੈ| ਨਵੀਂ ਕੈਬਨਿਟ ਲਈ 18 ਨੁਕਾਤੀ ਏਜੰਡਾ, ਚੋਣ ਵਾਅਦਿਆਂ ਦੀ ਪੂਰਤੀ ਨੂੰ ਸਿਰਫ਼ 90 ਦਿਨਾਂ ਵਿਚ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ| ਸਰਕਾਰ ਨੂੰ ਹੁਣ ਮੁੱਦਿਆਂ ਨੂੰ ਹਕੀਕਤ ਬਣਾਉਣ ਲਈ ਦਲੇਰਾਨਾ ਅਤੇ ਫੁਰਤੀ ਵਾਲੇ ਫੈਸਲੇ ਲੈਣੇ ਪੈਣਗੇ| ਨਵੀਂ ਕੈਬਨਿਟ ਲਈ ਇਹ ਵੀ ਚੁਣੌਤੀ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਚ ਜੋ ਵਕਤ ਅਜਾਈਂ ਚਲਾ ਗਿਆ ਹੈ, ਉਸ ਦੀ ਭਰਪਾਈ ਵੀ ਕਰਨੀ ਹੋਵੇਗੀ| ਹਾਈਕਮਾਨ ਨੇ ਅਨੁਸੂਚਿਤ ਜਾਤੀ ਵਰਗ ਦੇ ਚੰਨੀ ਨੂੰ ਪੰਜਾਬ ਦੀ ਕਮਾਨ ਸੌਂਪ ਕੇ ਵਿਰੋਧੀਆਂ ਨੂੰ ਸਿਆਸੀ ਫਰੰਟ ’ਤੇ ਤਾਂ ਠੁੱਸ ਕਰਨ ਦਾ ਯਤਨ ਕੀਤਾ ਹੈ ਪਰ ਪੰਜਾਬ ਦੇ ਲੋਕ ਅਗਲੀਆਂ ਚੋਣਾਂ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਨਵੀਂ ਵਜ਼ਾਰਤ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨਗੇ| ਨਵੀਂ ਕੈਬਨਿਟ ’ਚ ਐਤਕੀਂ ਪੱਛੜੀਆਂ ਜਾਤੀਆਂ ਦੇ ਨੁਮਾਇੰਦੇ ਵਜੋਂ ਸੰਗਤ ਸਿੰਘ ਗਿਲਜੀਆਂ ਨੂੰ ਥਾਂ ਦਿੱਤੀ ਗਈ ਹੈ| ਮਾਲਵਾ ਖ਼ਿੱਤੇ ਚੋਂ 9 ਵਜ਼ੀਰ ਬਣੇ ਹਨ ਜਦੋਂ ਕਿ ਮਾਝੇ ਚੋਂ ਛੇ ਅਤੇ ਦੋਆਬੇ ਚੋਂ ਤਿੰਨ ਵਜ਼ੀਰ ਬਣੇ ਹਨ| ਨਵੇਂ ਮੰਤਰੀ ਮੰਡਲ ਵਿਚ ਚਾਰ ਹਿੰਦੂ ਚਿਹਰੇ ਅਤੇ ਮੁੱਖ ਮੰਤਰੀ ਸਮੇਤ ਤਿੰਨ ਅਨੁਸੂਚਿਤ ਜਾਤੀ ਭਾਈਚਾਰੇ ਚੋਂ ਮੰਤਰੀ ਬਣਾਏ ਗਏ ਹਨ| ਅੱਜ ਸਹੁੰ ਚੁੱਕ ਸਮਾਗਮਾਂ ’ਚ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਪਹੁੰਚੇ ਹੋਏ ਸਨ| ਸਮਾਗਮਾਂ ਮਗਰੋਂ 15 ਮੰਤਰੀ ਨਵੀਆਂ ਝੰਡੀ ਵਾਲੀਆਂ ਗੱਡੀਆਂ ’ਚ ਰਵਾਨਾ ਹੋਏ|

ਨਵੇਂ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕੇਵਲ ਇਹ ਅਹੁਦਾ ਨਹੀਂ ਹੈ ਬਲਕਿ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ| ਆਉਂਦੇ ਤਿੰਨ ਮਹੀਨਿਆਂ ਵਿਚ ਕਾਰਗੁਜ਼ਾਰੀ ਦਿਖਾਈ ਜਾਵੇਗੀ ਅਤੇ ਨਵੀਂ ਕੈਬਨਿਟ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ| ਇਸੇ ਦੌਰਾਨ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ’ਚ ਚੁਣੌਤੀ ਦਿੱਤੀ ਕਿ ਕੋਈ ਵੀ ਵਿਰੋਧੀ ਆਗੂ ਅਜਿਹੇ ਇਲਜ਼ਾਮਾਂ ਬਾਰੇ ਖੁੱਲ੍ਹੀ ਬਹਿਸ ਕਰ ਲਵੇ|

ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਸਮਾਰੋਹਾਂ ਮਗਰੋਂ ਕਿਹਾ ਕਿ ਅੱਜ ਸ਼ਾਨਦਾਰ ਸ਼ੁਰੂਆਤ ਹੋਈ ਹੈ ਅਤੇ ਨਵੀਂ ਕੈਬਨਿਟ ਵਿਚ ਸਮਾਜਿਕ ਸੰਤੁਲਨ ਕਾਇਮ ਰੱਖਿਆ ਗਿਆ ਹੈ| ਹਰ ਵਰਗ ਤੇ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ| ਰਾਵਤ ਨੇ ਛਾਂਟੀ ਕੀਤੇ ਵਜ਼ੀਰਾਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੇ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਅਤੇ ਜੋ ਕੈਬਨਿਟ ਵਿਚ ਥਾਂ ਨਹੀਂ ਪਾ ਸਕੇ, ਉਨ੍ਹਾਂ ਦੀਆਂ ਹੋਰਨਾਂ ਖੇਤਰਾਂ ‘ਚ ਸੇਵਾਵਾਂ ਲਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਮਨਾ ਲਿਆ ਜਾਵੇਗਾ|

Check Also

ਕੈਪਟਨ ਅਮਰਿੰਦਰ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ – ਕੀ ਕੈਪਟਨ ਭਾਜਪਾ ਵਿਚ ਸ਼ਾਮਿਲ ਹੋਣਗੇ?

ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ …

%d bloggers like this: